ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਨੇ ਅਰਥੀ ਫੂਕੀ
ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਨੇ ਫਰੀਦਕੋਟ ਵਿਖੇ ਕੀਤਾ ਅਰਥੀ ਫੂਕ ਮੁਜ਼ਾਹਰਾ ਕੀਤਾ
Publish Date: Tue, 27 Jan 2026 05:29 PM (IST)
Updated Date: Wed, 28 Jan 2026 04:04 AM (IST)

ਚਾਨਾ, ਪੰਜਾਬੀ ਜਾਗਰਣ, ਫਰੀਦਕੋਟ, - ਫ਼ਰੀਦਕੋਟ ਅੱਜ ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਵੱਲੋਂ ਵੱਖ ਵੱਖ ਵਿਭਾਗਾਂ ਸਮੇਤ ਸਿੱਖਿਆ ਵਿਭਾਗ ਵਿੱਚ ਭਰਤੀਆਂ ਅਤੇ ਤਰੱਕੀਆਂ ’ਚ ਰਾਖਵਾਂਕਰਨ ਨੀਤੀ ਦੀ ਉਲੰਘਣਾ ਦੇ ਵਿਰੋਧ ਵਜੋਂ ਸਮਾਜਿਕ ਨਿਆਂ ਅਧਿਕਾਰਿਤ ਅਤੇ ਘੱਟ ਗਿਣਤੀ ਵਿਭਾਗ ਦੇ ਮੰਤਰੀ ਅਤੇ ਸਕੱਤਰ ਭਲਾਈ ਵਿਭਾਗ ਦੇ ਪੁਤਲਾ ਸਾੜਨ ਦੌਰਾਨ ਜ਼ਿਲ੍ਹਾ ਫ਼ਰੀਦਕੋਟ ਵਿੱਚ ਜ਼ਿਲ੍ਹਾ ਕਚਹਿਰੀਆਂ ਵਿਖ਼ੇ ਗੁਰਟੇਕ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਐੱਸ. ਸੀ./ਬੀ. ਸੀ. ਅਧਿਆਪਕਾਂ/ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਸਮੇਂ ਤੇ ਬੁਲਾਰਿਆਂ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਵੱਖ-ਵੱਖ ਵਿਭਾਗਾਂ ਚ ਸਿੱਧੀ ਭਰਤੀ ਚ ਓਪਨ ਮੈਰਿਟ ਵਿੱਚ ਆਏ ਰਾਖਵੇਂ ਉਮੀਦਵਾਰਾਂ ਨੂੰ ਰੋਸਟਰ ਨੁਕਤਿਆਂ ’ਤੇ ਗਿਣ ਕੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਆਰ.ਕੇ .ਸੱਭਰਵਾਲ ਅਤੇ ਵੈਲਫੇਅਰ ਵਿਭਾਗ ਵੱਲੋਂ 10/7/1995 ਨੂੰ ਜਾਰੀ ਹਦਾਇਤਾਂ /ਪੱਤਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਭਰਤੀ ਉਪਰੰਤ ਵਿਭਾਗਾਂ ਵੱਲੋਂ ਤਿਆਰ ਕੀਤੇ ਜਾਂਦੇ ਰੋਸਟਰ ਰਜਿਸਟਰਾਂ ਵਿੱਚ ਵੀ ਓਪਨ ਮੈਰਿਟ ਵਿੱਚ ਆਏ ਕਰਮਚਾਰੀਆਂ ਨੂੰ ਰੋਸਟਰ ਰਜਿਸਟਰਾਂ ਵਿੱਚ ਰੋਸਟਰ ਨੁਕਤਿਆਂ ਤੇ ਦਰਜ ਕੀਤਾ ਜਾ ਰਿਹਾ ਹੈ।ਇਹਨਾਂ ਰੋਸਟਰ ਰਜਿਸਟਰਾਂ ਅਤੇ ਮੈਰਿਟ ਸੂਚੀਆਂ ਨੂੰ ਬਿਨਾਂ ਘੋਖੇ/ ਪੜਤਾਲੇ ਰਾਖਵਾਂਕਰਨ ਸੈੱਲ ਦੇ ਅਧਿਕਾਰੀ ਗਲਤ ਰੋਸਟਰ ਰਜਿਸਟਰਾਂ ਨੂੰ ਹੀ ਪ੍ਰਵਾਨ ਕਰੀ ਜਾ ਰਹੇ ਹਨ। ਇਸੇ ਤਰ੍ਹਾਂ ਤਰੱਕੀਆਂ ਚ ਵੀ ਕੋਰਟ ਦੇ ਫੈਸਲਿਆਂ ਤੇ ਵੈਲਫੇਅਰ ਦੇ ਜਾਰੀ ਪੱਤਰਾਂ ਨੂੰ ਦਰਕਿਨਾਰ ਕਰਕੇ ਰਾਖਵਾਂਕਰਣ ਦਾ ਘਾਣ ਕੀਤਾ ਜਾ ਰਿਹਾ ਹੈ। ਜਥੇਬੰਦੀ ਵੱਲੋਂ ਪਹਿਲ ਕਦਮੀ ਕਰਕੇ ਸਿੱਖਿਆ ਮੰਤਰੀ ਨੂੰ ਮਿਲ ਕੇ ਜਾਤਾਂ ਅਧਾਰਿਤ ਸਕੂਲ਼ਾਂ ਦੇ ਨਾਵਾਂ ਨੂੰ ਸਨਮਾਨਜਨਕ ਨਾਂ ਕਰਵਾਏ ਗਏ। ਪਰ ਅਜੇ ਵੀ ਪੰਜਾਬ ’ਚ ਅਜਿਹੇ ਸਕੂਲ ਹਨ, ਜਿਨ੍ਹਾ ਦੇ ਨਾਂ ਜਾਤ ਅਧਾਰਿਤ ਹਨ। ਅਬਾਦੀ ਅਨੁਸਾਰ ਰਾਖਵਾਂਕਰਣ ਚ ਵਾਧੇ ਬਾਰੇ ਵੀ ਸਰਕਾਰ ਤੇ ਵੈਲਫੇਅਰ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਮੇਤ ਬਾਕੀ ਮੈਰੀਟੋਰੀਅਸ ਵਜ਼ੀਫਿਆਂ ਦੀ ਦਰ ’ਚ ਕੋਈ ਵਾਧਾ ਨਹੀਂ ਕੀਤਾ ਗਿਆ। ਜਾਅਲੀ ਜਾਤੀ ਸਰਟੀਫਿਕੇਟ ਬਣਾਉਣ ਵਾਲਿਆਂ ਵਿਰੁੱਧ ਵੀ ਵਾਰ-ਵਾਰ ਕਹਿਣ ਤੇ ਸ਼ੰਘਰਸ਼ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ।ਹੁਣ ਤੱਕ 4 ਸਾਲਾਂ ਦੇ ਕਾਰਜਕਾਲ ’ਚ ਪੰਜਾਬ ਸਰਕਾਰ ਵੱਲੋਂ ਕੋਈ ਵੀ ਭਰਤੀ ਲਈ ਇਸ਼ਤਿਹਾਰ ਨਹੀਂ ਦਿੱਤਾ ਗਿਆ, ਜਿਸ ਨਾਲ ਬੇਰੁਜ਼ਗਾਰੀ ਵਿੱਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉੱਕਤ ਮੰਗਾਂ ਦੀ ਜਲਦ ਪੂਰਤੀ ਨਾ ਹੋਣ ਦੀ ਸੂਰਤ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਤਰਸੇਮ ਸਿੰਘ ਜਿਲਾ ਜਨਰਲ ਸਕੱਤਰ, ਸੁਖਦੇਵ ਸਿੰਘ ਬਲਾਕ ਪ੍ਰਧਾਨ ਕੋਟਕਪੂਰਾ, ਡਾ. ਜੀਤੇਂਦਰ ਕੁਮਾਰ, ਗੁਰਮੀਤ ਸਿੰਘ ਲੈਕਚਰਾਰ, ਹਰਜੀਤ ਸਿੰਘ ਲੈਕਚਰਾਰ, ਗੁਰਭੇਜ ਸਿੰਘ ਲੈਕਚਰਾਰ, ਪ੍ਰੇਮ ਕੁਮਾਰ ਲੈਕਚਰਾਰ, ਧਰਮਿੰਦਰ ਸਿੰਘ ਕਿੰਗਰਾ, ਬੇਅੰਤ ਸਿੰਘ ਮਚਾਕੀ ਕਲਾਂ, ਪ੍ਰਗਟ ਸਿੰਘ ਪੱਖੀ ਕਲਾਂ, ਰਜਿੰਦਰ ਕੁਮਾਰ, ਦਵਿੰਦਰ ਕੁਮਾਰ, ਗੁਰਮੇਲ ਸਿੰਘ ਸੁਖਦਰਸ਼ਨ ਸਿੰਘ, ਸਤਨਾਮ ਸਿੰਘ ਰਿਟਾਇਰ ਟੀਚਰ,ਬਿੰਦਰਪਾਲ ਰਾਜਕੁਮਾਰ ਟੋਨੀ ਪਰਮਿੰਦਰ ਸਿੰਘ,ਅਜੈਬ ਸਿੰਘ ਕੋਟਕਪੂਰਾ,ਸੰਦੀਪ ਭੰਡਾਰੀ ਕੋਟਕਪੂਰਾ ਜਗਤਾਰ ਸਿੰਘ ਮਹਿਮੂਆਣਾ,ਸਤਨਾਮ ਸਿੰਘ ਵਾਂਦਰ ਜਟਾਣਾ ਹਾਜ਼ਰ ਹੋਏ।