ਏਡਜ਼ ਤੋਂ ਬਚਾਅ ਸਬੰਧੀ ਜਾਗਰੂਕਤਾ ਪੋਸਟਰ ਜਾਰੀ
ਸਿਵਲ ਸਰਜਨ ਵੱਲੋਂ ਐਚ. ਆਈ. ਵੀ./ਏਡਜ਼ ਸਬੰਧੀ ਜਾਗਰੂਕਤਾ ਪਰਚਾ ਜਾਰੀ
Publish Date: Wed, 28 Jan 2026 03:43 PM (IST)
Updated Date: Thu, 29 Jan 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫਰੀਦਕੋਟ : ਸਿਹਤ ਵਿਭਾਗ ਫਰੀਦਕੋਟ ਵੱਲੋਂ ਐਚ.ਆਈ.ਵੀ./ਏਡਜ਼ ਸਬੰਧੀ ਜਨਤਾ ਵਿੱਚ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਜਾਗਰੂਕਤਾ ਪਰਚਾ ਜਾਰੀ ਕੀਤਾ ਗਿਆ। ਇਸ ਪਰਚੇ ਨੂੰ ਡਾ. ਚੰਦਰ ਸ਼ੇਖਰ ਕੱਕੜ, ਸਿਵਲ ਸਰਜਨ ਫਰੀਦਕੋਟ ਵੱਲੋਂ ਰਲੀਜ਼ ਕੀਤਾ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਪਰਵਜੀਤ ਸਿੰਘ ਗੁਲਾਟੀ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਵਿਵੇਕ ਰਾਜੌਰਾ, ਜਿਲ੍ਹਾ ਏਡਜ਼ ਅਫਸਰ ਡਾ. ਲੀਨਾ ਚੋਪੜਾ ਭੱਲਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ, ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਲਖਵਿੰਦਰ ਕੈਂਥ, ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਆਦਿ ਵੀ ਹਾਜਰ ਸਨ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਐਚ. ਆਈ. ਵੀ. ਇੱਕ ਗੰਭੀਰ ਬੀਮਾਰੀ ਹੈ ਪਰ ਸਹੀ ਜਾਣਕਾਰੀ ਅਤੇ ਸਮੇਂ ਸਿਰ ਇਲਾਜ ਨਾਲ ਇਸ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਐਚ. ਆਈ. ਵੀ. ਅਸੁਰੱਖਿਅਤ ਯੌਨ ਸੰਬੰਧ, ਸੰਕ੍ਰਮਿਤ ਸੂਈਆਂ, ਐਚ.ਆਈ.ਵੀ. ਪਾਜ਼ਿਟਿਵ ਖੂਨ ਚੜ੍ਹਾਉਣ ਅਤੇ ਮਾਂ ਤੋਂ ਬੱਚੇ ਤੱਕ ਹੀ ਫੈਲਦਾ ਹੈ, ਜਦਕਿ ਹੱਥ ਮਿਲਾਉਣ, ਇਕੱਠੇ ਬੈਠਣ ਜਾਂ ਖਾਣ-ਪੀਣ ਨਾਲ ਇਹ ਨਹੀਂ ਫੈਲਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਹਿਚਕਿਚਾਹਟ ਦੇ ਨਜ਼ਦੀਕੀ ਸਰਕਾਰੀ ਸਿਹਤ ਕੇਂਦਰਾਂ ਤੋਂ ਮੁਫ਼ਤ ਜਾਂਚ ਕਰਵਾਉਣ ਅਤੇ ਸਲਾਹ ਲੈਣ। ਸਿਹਤ ਵਿਭਾਗ ਵੱਲੋਂ ਐਚ. ਆਈ. ਵੀ. ਦੀ ਜਾਂਚ ਅਤੇ ਇਲਾਜ ਦੀਆਂ ਮੁਫ਼ਤ ਸਹੂਲਤਾਂ ਉਪਲਬਧ ਹਨ ਅਤੇ ਮਰੀਜ਼ਾਂ ਦੀ ਗੋਪਨੀਯਤਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉਹਨਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਜੀਵਨ ਸ਼ੈਲੀ ਅਪਣਾਉਣ ਅਤੇ ਸਮਾਜ ਵਿੱਚ ਭੇਦਭਾਵ ਖਤਮ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਹ ਜਾਗਰੂਕਤਾ ਪਰਚੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਵੰਡੇ ਜਾਣਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚ ਸਕੇ।