- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਦਾ ਸਮਾਜ ਸੇਵੀਆਂ ਨੇ ਕੀਤਾ ਸਨਮਾਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਰੀਦਕੋਟ : ਤਕਨੀਕੀ ਚੋਟੀ ਅਮਾ ਡਬਲਮ ਨੂੰ ਸਰ ਵਾਲੀ ਪਹਿਲੀ ਪੰਜਾਬਣ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਦਾ ਫ਼ਰੀਦਕੋਟ ਦੇ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ। ਇਹ ਸਨਮਾਨ ਸਮਾਗਮ ਕਰਨ ਰਚਾਉਣ ਲਈ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਨਿਰੰਤਰ ਬਹੁਤ ਹੀ ਸ਼ਾਨਦਾਰ ਕੰਮ ਵਾਲੀ ਸੰਸਥਾ ਸੀਰ ਸੁਸਾਇਟੀ ਫ਼ਰੀਦਕੋਟ, ਪੀ.ਬੀ.04 ਸਾਈਕਲਿੰਗ ਲਵਰਜ਼ ਸੁਸਾਇਟੀ ਫ਼ਰੀਦਕੋਟ, ਪੰਜਾਬੀ ਐਡਵੈਂਚਰ ਫ਼ਰੀਦਕੋਟ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ। ਇਸ ਸਮਗਾਮ ’ਚ ਪਹੁੰਚਣ ਤੇ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੂੰ ਸੁਖਪ੍ਰੀਤ ਸਿੰਘ ਸੋਨੂੰ ਸਾਬਕਾ ਸਰਪੰਚ ਮੁਮਾਰਾ ਨੇ ਜੀ ਆਇਆਂ ਨੂੰ ਆਖਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸੁੱਖੀ ਬੱਲ ਅਮਾ ਡਬਲਮ ਚੋਟੀ ਨੂੰ ਸਰ ਕਰਨ ਵਾਲੀ ਪੰਜਾਬ ਦੀ ਪਹਿਲੀ ਅਤੇ ਦੇਸ਼ ਦੀ ਛੇਵੀਂ ਬੇਟੀ ਹੈ। ਉਸ ਦੇ ਜੀਵਨ ਤੇ ਹੋਰ ਪ੍ਰਾਪਤੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਲੋਕ ਗਾਇਕ ਹਰਿੰਦਰ ਸੰਧੂ ਅਤੇ ਸੰਗੀਤਕਾਰ/ਗਾਇਕ ਕੁਲਵਿੰਦਰ ਕੰਵਲ ਨੇ ਸੁੱਖੀ ਬੱਲ ਨੂੰ ਇਸ ਵੱਡੀ ਅਤੇ ਅਹਿਮ ਪ੍ਰਾਪਤੀ ਤੇ ਵਧਾਈ ਦਿੰਦਿਆਂ ਕਿਹਾ ਅਜਿਹੀ ਵੱਡੀ ਪ੍ਰਾਪਤੀ ਸਾਡੇ ਦੇਸ਼ ਦੀਆਂ ਬੇਟੀਆਂ ਨੂੰ ਵੱਖ-ਵੱਖ ਖੇਤਰਾਂ ’ਚ ਅੱਗੇ ਵੱਧਣ ਲਈ ਸਹਾਈ ਹੁੰਦੀਆਂ ਹਨ। ਉਨ੍ਹਾਂ ਆਪਣੇ ਮਨਮੋਹਕ ਗੀਤਾਂ ਨਾਲ ਖੂਬ ਰੰਗ ਬੰਨਿਆ। ਇਸ ਮੌਕੇ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਭੰਗੜਾ ਨੇ ਕਿਹਾ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਉਹ ਮੁਸ਼ਕਿਲ ਕਾਰਜ ਕਰ ਵਿਖਾਇਆ ਹੈ, ਜਿਸ ਨੂੰ ਕਰਨ ਵਾਸਤੇ ਲੜਕੇ ਵੀ ਸਾਹਸ ਨਹੀਂ ਕਰਦੇ। ਉਨ੍ਹਾਂ ਕਿਹਾ ਫ਼ਰੀਦਕੋਟ ਨਿਵਾਸੀਆਂ ਵੱਲੋਂ ਇਸ ਵੱਡਮੁੱਲੀ ਪ੍ਰਾਪਤੀ ਤੇ ਵਧਾਈ ਦਿੰਦਿਆਂ ਭਵਿੱਖ ’ਚ ਹੋਰ ਇਤਿਹਾਸਿਕ ਕਾਰਜ ਕਰਨ ਵਾਸਤੇ ਸ਼ੁੱਭਕਾਮਨਾਵਾਂ ਦਿੱਤੀਆਂ। ਇਲਾਕੇ ਦੇ ਨਾਮਵਰ ਮੋਟਰ ਸਾਈਕਲ ਰਾਈਡਰ, ਸਮਾਜ ਸੇਵੀ ਬਲਵਿੰਦਰ ਸਿੰਘ ਮਠਾੜੂ ਨੇ ਸੁੱਖੀ ਬੱਲ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਸਾਨੂੰ ਆਪਣੇ ਕਾਰਜ ਨੂੰ ਕਰਨ ਵਾਸਤੇ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਸ਼ੁਰੂ ’ਚ ਆਲੋਚਨਾ ਕਰਨ ਵਾਲੇ ਪ੍ਰਾਪਤੀ ਤੋਂ ਬਾਅਦ ਤੁਹਾਨੂੰ ਫ਼ੁੱਲਾਂ ਦੇ ਹਾਰ ਪਹਿਨਾਉਣ ਲਈ ਅਕਸਰ ਪਹਿਲਕਦਮੀ ਕਰਦੇ ਹਨ। ਲੈਕਚਰਾਰ ਜਸਵਿੰਦਰ ਸੰਧੂ ਨੇ ਸਫ਼ਰ ਸਬੰਧੀ ਅਹਿਸਾਸਾਂ ਨੂੰ ਪੇਸ਼ ਕੀਤਾ। ਇਸ ਮੌਕੇ ਜ਼ੀਰਾ ਤੋਂ ਪਹੁੰਚ ਹਰਚਰਨ ਸਿੰਘ ਚੋਹਲਾ, ਤਰਸੇਮ ਸਿੰਘ ਸਫ਼ਰੀ ਨੇ ਆਪਣੇ ਅਨੁਭਵ ਸਾਂਝੇ ਕੀਤੇ। ਇਸ ਮੌਕੇ ਸੁਖਵੀਰ ਕੌਰ ਉਰਫ਼ ਸੁੱਖੀ ਬੱਲ ਨੇ ਦੱਸਿਆ ਕਿ ਉਸ ਦਾ ਪਿਛੋਕੜ ਪੰਜਾਬ ਨਾਲ ਸਬੰਧਿਤ ਹੈ। ਅੱਜਕੱਲ੍ਹ ਉਹ ਸਿਡਨੀ ਆਸਟੇਰਲੀਆ ਵਿਖੇ ਰਹਿ ਰਹੀ ਹੈ। ਉਸ ਨੇ ਪਹਿਲਾਂ ਰੰਗਮੰਚ ਖੇਤਰ ’ਚ ਕੰਮ ਕੀਤਾ। ਕੁਝ ਨਿਵੇਕਲੀ ਕਰਨ ਦੀ ਚਾਹਤ ਨੇ ਉਸ ਨੂੰ ਇਸ ਖੇਤਰ ਵੱਲ ਤੋਰਿਆ। ਉਸ ਨੇ ਸ਼ੁਰੂਆਤ ਤੋਂ ਅਮਾ ਡਬਲਮ ਚੋਟੀ ਸਰ ਕਰਨ ਤੱਕ ਦੀ ਕਹਾਣੀ, ਲਗਾਏ ਕੈਂਪ, ਪਰਿਵਾਰ ਦਾ ਸਹਿਯੋਗ, ਆਈਆਂ ਮੁਸ਼ਕਿਲਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਕਿਹਾ ਜੇਕਰ ਤੁਸੀਂ ਦ੍ਰਿੜਤਾ, ਹਿੰਮਤ, ਦਲੇਰੀ ਨਾਲ ਆਪਣੇ ਮਿਸ਼ਨ ਨੂੰ ਸਮਰਪਿਤ ਹੋ ਕੇ ਕਰਦੇ ਹੋ ਤਾਂ ਇੱਕ ਹਰ ਮੰਜ਼ਿਲ ਤੁਹਾਡਾ ਇੰਤਜ਼ਾਰ ਕਰਦੀ ਹੈ। ਉਨ੍ਹਾਂ ਕਿਹਾ ਸਖ਼ਤ ਮਿਹਨਤ, ਹੌਂਸਲੇ, ਹਿੰਮਤ, ਦਲੇਰੀ ਨਾਲ ਪ੍ਰਾਪਤ ਕੀਤੀ ਸਫ਼ਲਤਾ ਤੁਹਾਨੂੰ ਜੋ ਆਨੰਦ ਪ੍ਰਦਾਨ ਕਰਦੀ ਹੈ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ, ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ। ਉਨ੍ਹਾਂ ਦੇਸ਼ ਦੀਆਂ ਬੇਟੀਆ ਨੂੰ ਵੱਡੇ ਸੁਪਨੇ ਲੈਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਵਾਸਤੇ ਮਜ਼ਬੂਤ ਇਰਾਦੇ ਨਾਲ ਯਤਨ ਕਰਦੇ ਰਹਿਣ ਵਾਸਤੇ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਭਵਿੱਖ ’ਚ ਹੋਰ ਚੇਟੀਆਂ ਸਰ ਵਾਸਤੇ ਉਤਸ਼ਾਹਿਤ ਹੈ। ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਗਗਨ ਪਾਹਵਾ ਨੇ ਖੂਬਸੂਰਤ ਅੰਦਾਜ਼ ’ਚ ਕੀਤਾ। ਇਸ ਮੌਕੇ ਲੈਕਚਰਾਰ ਸੰਦੀਪ ਅਰੋੜਾ, ਮਾਸਟਰ ਜਸਬੀਰ ਸਿੰਘ, ਸੇਵਾ ਮੁਕਤ ਲੈਕਚਰਾਰ ਮਦਨ ਲਾਲ, ਸ਼ਲਿੰਦਰ ਸਿੰਘ, ਵਿਕਾਸ ਅਰੋੜਾ, ਅਭੀ ਛਾਬੜਾ, ਨੈਨਸੀ ਛਾਬੜਾ ਬਾਈਕ ਰਾਈਡਰ, ਗੁਰਮੇਲ ਸਿੰਘ ਜੱਸਲ, ਹਰਮਿੰਦਰ ਸਿੰਘ ਮਿੰਦਾ, ਜਸਬੀਰ ਸਿੰਘ ਜੱਸੀ ਮੰਚ ਸੰਚਾਲਕ, ਰਾਜਵਿੰਦਰ ਸਿੰਘ ਧੌਂਸੀ ਸਾਬਕਾ ਸਰਪੰਚ ਮਹਿਮੂਆਣਾ, ਰਾਜਵਿੰਦਰ ਸਿੰਘ ਢਿੱਲੋਂ ਸਾਦਿਕ, ਇੰਦਰ ਸਿੰਘ ਮਹਿਮੂਆਣਾ ਪ੍ਰਧਾਨ ਪੀ.ਬੀ.04 ਸਾਈਕਲਲਿੰਗ ਲਵਰਜ਼ ਸੁਸਾਇਟੀ, ਵਰੁਣ ਕਟਾਰੀਆ, ਵੇਦ ਪ੍ਰਕਾਸ਼ ਸੋਨੀ ਜੀਰਾ, ਪ੍ਰਤੀਕ ਸੇਠੀ, ਨਰਿੰਦਰ ਸਿੰਘ ਮਹਿਮੂਆਣਾ ਨੇ ਮਿਲ ਕੇ ਸੁੱਖੀ ਬੱਲ ਨੂੰ ਸਨਮਾਨਿਤ ਕੀਤਾ।