ਸੁਖਬੀਰ ਸਿੰਘ ਬਾਦਲ ਦੀਆਂ ਰੈਲੀਆਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸਾਹ ਸੂਤੇ : ਅਕਾਲੀ ਆਗੂ
ਸੁਖਬੀਰ ਸਿੰਘ ਬਾਦਲ ਦੀਆਂ ਰੈਲੀਆਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸਾਹ ਸੂਤੇ : ਅਕਾਲੀ ਆਗੂ
Publish Date: Thu, 09 Apr 2026 06:19 PM (IST)
Updated Date: Fri, 10 Apr 2026 04:12 AM (IST)

ਸ੍ਰੋਮਣੀ ਅਕਾਲੀ ਦਲ ਦੇ ਕਾਰਜਾਂ ਦੀ ਕੀਤੀ ਸ਼ਲਾਘਾ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸ਼੍ਰੋਮਣੀ ਅਕਾਲੀ ਦਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਣਾਈ ਪੰਜਾਬੀਆਂ ਦੀ ਮਾਂ ਪਾਰਟੀ ਹੈ। ਇਸੇ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ‘ਪੰਜਾਬ ਬਚਾਓ’ ਰੈਲੀਆਂ ਵਿਚ ਬੇਤਹਾਸ਼ਾ ਇਕੱਠ ਹੋ ਰਿਹਾ ਹੈ। ਇਸ ਤਰ੍ਹਾਂ ਦੇ ਇਤਿਹਾਸਕ ਇਕੱਠਾਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸਾਹ ਸੂਤ ਕੇ ਰੱਖ ਦਿਤੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਕੁਲਤਾਰ ਸਿੰਘ ਬਰਾੜ ਸੰਧਵਾਂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨਿਰਮਲ ਸਿੰਘ ਵੜਿੰਗ ਡੋਡ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਅਨੂਪ੍ਰਤਾਪ ਸਿੰਘ ਬਰਾੜ ਨੇ ਇੱਥੇ ਗੱਲਬਾਤ ਕਰਦਿਆਂ ਕੀਤਾ। ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਦਾ ਸ਼ਾਨਾਮੱਤਾ ਇਤਿਹਾਸ ਦੱਸਦਾ ਹੈ ਕਿ ਜਦੋਂ ਕਦੇ ਵੀ ਪੰਜਾਬ ਦੇ ਹੱਕਾਂ ’ਤੇ ਕੇਂਦਰ ਸਰਕਾਰ ਨੇ ਡਾਕਾ ਮਾਰਿਆ ਜਾਂ ਬੇਇਨਸਾਫ਼ੀ ਕੀਤੀ ਤਾਂ ਇਕੋ ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕਰ ਕੇ ਪੰਜਾਬ ਦੇ ਹੱਕ ਹਕੂਕਾਂ ਲਈ ਲੱਖਾਂ ਦੀ ਗਿਣਤੀ ’ਚ ਜੇਲ੍ਹਾਂ ਭਰ ਦਿੱਤੀਆਂ। ਆਗੂਆਂ ਨੇ ਆਸ ਪ੍ਰਗਟਾਈ ਕਿ ਪੰਜਾਬ ਦੀ ਜਨਤਾ ਸਮਝ ਚੁੱਕੀ ਹੈ ਕਿ ਜੇਕਰ ਪੰਜਾਬ ਦਾ ਵਿਕਾਸ ਹੋਇਆ ਤਾਂ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ। ਅੱਜ ਪੰਜਾਬ ਦਾ ਹਰ ਵਰਗ ਅਕਾਲੀ ਦਲ ਦੀ ਸਰਕਾਰ ਦੀਆਂ ਦਿੱਤੀਆਂ ਹੋਈਆਂ ਸਹੂਲਤਾਂ ਨੂੰ ਯਾਦ ਕਰਦਿਆਂ ਹੋਇਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਤੀਬਰਤਾ ਨਾਲ ਉਡੀਕ ਰਿਹਾ ਹੈ।