14 ਸਾਲ ਦੇ ਲੜਕੇ ਨੇ ਭੇਦਭਰੀ ਹਾਲਤ ’ਚ ਕੀਤੀ ਖੁਦਕੁਸ਼ੀ
ਪ੍ਰਵਾਸੀ ਮਜਦੂਰ ਦੇ 14 ਸਾਲ ਦੇ ਬੇਟੇ ਨੇ ਭੇਦਭਰੀ ਹਾਲਤ ਵਿੱਚ ਕੀਤੀ ਖੁਦਕੁਸ਼ੀ
Publish Date: Tue, 10 Feb 2026 04:18 PM (IST)
Updated Date: Wed, 11 Feb 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸਥਾਨਕ ਦਾਣਾ ਮੰਡੀ ਨੇੜੇ ਰਹਿਣ ਵਾਲੇ ਇਕ ਪਰਵਾਸੀ ਮਜ਼ਦੂਰ ਦੇ 14 ਸਾਲਾ ਬੱਚੇ ਵੱਲੋਂ ਭੇਦਭਰੀ ਹਾਲਤ ’ਚ ਆਤਮਹੱਤਿਆ ਕਰਨ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਮਿ੍ਤਕ ਨੀਰਜ ਕੁਮਾਰ ਆਪਣੀ ਮਾਤਾ ਰੀਨਾ ਰਾਣੀ ਨਾਲ ਦਾਣਾ ਮੰਡੀ ਦੇ ਨੇੜੇ ਰਹਿੰਦਾ ਸੀ, ਜਦਕਿ ਉਸਦਾ ਪਿਤਾ ਲਾਲ ਚੰਦ ਪਿਛਲੇ ਕੁਝ ਸਾਲਾਂ ਤੋਂ ਉਨ੍ਹਾਂ ਨਾਲੋਂ ਵੱਖਰਾ ਰਹਿ ਰਿਹਾ ਹੈ। ਬਾਅਦ ਦੁਪਹਿਰ ਜਦੋਂ ਉਸ ਦੀ ਮਾਤਾ ਮਜ਼ਦੂਰੀ ਕਰਕੇ ਘਰ ਵਾਪਸ ਪਰਤੀ ਤਾਂ ਉਸ ਨੇ ਦੇਖਿਆ ਕਿ ਨੀਰਜ ਕਮਰੇ ਦੇ ਦਰਵਾਜ਼ੇ ਕੋਲ ਬੇਹੋਸ਼ੀ ਦੀ ਹਾਲਤ ’ਚ ਪਿਆ ਸੀ ਅਤੇ ਗੱਲ ’ਚ ਰੱਸੀ ਦਾ ਫਾਹਾ ਲਿਆ ਹੋਇਆ ਸੀ। ਪੁਲਿਸ ਵਲੋਂ ਨੀਰਜ ਕੁਮਾਰ ਨੂੰ ਸਿਵਲ ਹਸਪਤਾਲ ਜੈਤੋ ਵਿਖੇ ਲਿਜਾਇਆ ਗਿਆ ਤਾਂ ਰੈਫਰ ਕਰਨ ’ਤੇ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਦੇ ਡਾਕਟਰਾਂ ਨੇ ਬੱਚੇ ਨੂੰ ਮਿ੍ਤਕ ਐਲਾਨ ਦਿੱਤਾ। ਮਿ੍ਤਕ ਨੀਰਜ ਕੁਮਾਰ ਦੇ ਮਾਮੇ ਦੀਪਕ ਨੇ ਦੋਸ਼ ਲਾਇਆ ਕਿ ਉਸ ਦਾ ਭਾਣਜਾ ਖੁਦਕੁਸ਼ੀ ਨਹੀਂ ਕਰ ਸਕਦਾ, ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ। ਥਾਣਾ ਜੈਤੋ ਦੇ ਏਐੱਸਆਈ ਪੜਤਾਲ ਅਫ਼ਸਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਹਨਾ ਦੱਸਿਆ ਕਿ ਫਿਲਹਾਲ ਵਾਰਸਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਲਾਸ਼ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।