ਯੂਪੀਐੱਸਸੀ ਪ੍ਰੀਖਿਆ ’ਚ ਅੱਵਲ ਆਉਣ ਵਾਲੇ ਸਨਮਾਨਿਤ
ਯੂ.ਪੀ.ਐਸ.ਸੀ ਵਿੱਚ ਕਾਮਯਾਬ ਵਿਦਿਆਰਥੀ ਪੰਜਾਬ ਵਿਧਾਨ ਸਭਾ ਵਿੱਚ ਸਨਮਾਨਿਤ
Publish Date: Wed, 18 Mar 2026 05:22 PM (IST)
Updated Date: Thu, 19 Mar 2026 04:05 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਵਿਧਾਨ ਸਭਾ ਵਿਖੇ ਯੂ.ਪੀ.ਐਸ.ਸੀ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਹੁਨਰਮੰਦ ਵਿਦਿਆਰਥੀਆਂ ਦਾ ਵਿਸੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ, ਲਗਨ ਅਤੇ ਸੰਘਰਸ਼ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਹ ਯੁਵਕ ਅਤੇ ਯੁਵਤੀਆਂ ਦੇਸ਼ ਦਾ ਭਵਿੱਖ ਹਨ ਅਤੇ ਉਹਨਾਂ ਦੀ ਕਾਮਯਾਬੀ ਹੋਰ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਹੈ। ਸਮਾਗਮ ਦੌਰਾਨ ਅਮਨ ਅਲੂਨੇ, ਰਸਨੀਤ ਕੌਰ, ਮਨਪ੍ਰੀਤ ਕੌਰ, ਜਯੰਤ ਗਰਗ ਅਤੇ ਕ੍ਰਿਤਿਕਾ ਚੌਧਰੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਵਧੀਆ ਪ੍ਰਦਰਸ਼ਨ ਨੂੰ ਸਲਾਮ ਕੀਤਾ ਗਿਆ। ਵਿਦਿਆਰਥੀਆਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੰਦਿਆਂ ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਯੂ.ਪੀ.ਐਸ.ਸੀ ਵਰਗੀ ਮੁਕਾਬਲਾਤਮਕ ਪ੍ਰੀਖਿਆ ਵਿੱਚ ਸਫਲਤਾ ਹਾਸਲ ਕਰਨਾ ਬਹੁਤ ਵੱਡੀ ਉਪਲਬਧੀ ਹੈ, ਜਿਸ ਲਈ ਕਠਿਨ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ ਨਿਸ਼ਚੇ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਨਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਲੋਕ ਸੇਵਾ ਦੇ ਖੇਤਰ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਮੇਸ਼ਾ ਸੱਚਾਈ, ਇਮਾਨਦਾਰੀ ਅਤੇ ਇਨਸਾਫ਼ ਨੂੰ ਪ੍ਰਾਥਮਿਕਤਾ ਦੇਣ। ਉਨ੍ਹਾਂ ਕਿਹਾ ਕਿ ਕਲਮ ਅਤੇ ਕੁਰਸੀ ਦੀ ਤਾਕਤ ਨੂੰ ਲੋਕ ਭਲਾਈ ਲਈ ਵਰਤਣਾ ਹੀ ਅਸਲ ਸੇਵਾ ਹੈ ਅਤੇ ਇਸ ਰਾਹੀਂ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਂਦਾ ਜਾ ਸਕਦਾ ਹੈ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਦੇਸ਼ ਦੇ ਸਾਰੇ ਹੁਨਰਮੰਦ ਵਿਦਿਆਰਥੀਆਂ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀਆਂ ਧੀਆਂ ਅਤੇ ਪੁੱਤਰਾਂ ਨੇ ਇੱਕ ਵਾਰ ਫਿਰ ਆਪਣੇ ਹੁਨਰ ਅਤੇ ਜਜ਼ਬੇ ਨਾਲ ਸਾਬਤ ਕਰ ਦਿੱਤਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ। ਪਟਿਆਲਾ ਦੀਆਂ ਹੀਰੇ ਵਰਗੀਆਂ ਧੀਆਂ ਸਿਮਰਨਦੀਪ ਕੌਰ ਅਤੇ ਰਸਨੀਤ ਕੌਰ, ਬਲਾਚੌਰ ਦੀ ਕ੍ਰਿਤਿਕਾ ਚੌਧਰੀ ਅਤੇ ਮਾਨਸਾ ਦੀਆਂ ਮਨਪ੍ਰੀਤ ਕੌਰ ਅਤੇ ਆਕ੍ਰਿਤੀ ਸਿੰਗਲਾ ਨੇ ਆਪਣੀ ਪ੍ਰਤਿਭਾ ਨਾਲ ਨਾ ਸਿਰਫ਼ ਆਪਣੇ ਪਰਿਵਾਰਾਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ, ਸਗੋਂ ਪੂਰੇ ਪੰਜਾਬ ਨੂੰ ਮਾਣ ਮਹਿਸੂਸ ਕਰਵਾਇਆ ਹੈ। ਅਖੀਰ ਵਿੱਚ ਸਪੀਕਰ ਸੰਧਵਾਂ ਨੇ ਕਿਹਾ ਕਿ ਸਰਕਾਰ ਹਮੇਸ਼ਾ ਨੌਜਵਾਨਾਂ ਨੂੰ ਅੱਗੇ ਵਧਣ ਲਈ ਪ੍ਰੋਤਸਾਹਿਤ ਕਰਦੀ ਰਹੇਗੀ ਅਤੇ ਇਸ ਤਰ੍ਹਾਂ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕਰਨਾ ਸਮਾਜ ਵਿੱਚ ਸਿੱਖਿਆ ਅਤੇ ਮਿਹਨਤ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕਰਦਾ ਹੈ।