- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵਾਲਿਕ ਪਬਲਿਕ ਸਕੂਲ ਜੈਤੋ ਦੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਮੌਕੇ ਕੀਤਾ ਸਨਮਾਨਿਤ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ (ਸ਼੍ਰੀ ਮੁਕਤਸਰ ਸਾਹਿਬ ਰੋਡ) ਜੈਤੋ ਵਿਚ ‘ਗਣਤੰਤਰ ਦਿਵਸ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪਿ੍ਰੰਸੀਪਲ ਸੁਖਵੀਰ ਕੌਰ ਬਰਾੜ ਅਤੇ ਚੇਅਰਮੈਨ ਗੁਰਵਿੰਦਰ ਸਿੰਘ ਬਰਾੜ ਨੇ ਸਾਂਝੇ ਤੌਰ ’ਤੇ ਕੌਮੀ ਤਿਰੰਗਾ ਝੰਡਾ ਲਹਿਰਾ ਕੇ ਕੀਤੀ। ਉਪਰੰਤ ਸਕੂਲ ਦੇ ਵਿਦਿਆਰਥੀਆਂ ਨੇ ਬੈਂਡ ਦੀਆਂ ਧੁਨਾਂ ਉੱਤੇ ਮਾਰਚ ਪਾਸਟ ਕਰਦੇ ਹੋਏ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ। ਇਸ ਮੌਕੇ ਪਿ੍ਰੰਸੀਪਲ ਸੁਖਵੀਰ ਕੌਰ ਬਰਾੜ ਨੇ ਕਿਹਾ ਕਿ ਮਹਾਨ ਆਜ਼ਾਦੀ ਘੁਲਾਟੀਆਂ ਦੀ ਸਖ਼ਤ ਮਿਹਨਤ ਅਤੇ ਸੰਘਰਸ਼ ਸਦਕਾ ਭਾਰਤ ਨੂੰ ਪੂਰਨ ਸਵਰਾਜ ਮਿਲਿਆ ਹੈ। ਸਾਨੂੰ ਕੌਮੀ ਤਿਉਹਾਰਾਂ ਨੂੰ ਖੁਸੀ ਅਤੇ ਸਦਭਾਵਨਾ ਨਾਲ ਮਨਾਉਣਾ ਚਾਹੀਦਾ ਹੈ। ਸਕੂਲ ਵਿੱਚ ਇਹ ਤਿਉਹਾਰ ਮਨਾਉਣ ਦਾ ਮਕਸਦ ਬੱਚਿਆਂ ਨੂੰ ਰਾਸ਼ਟਰੀ ਏਕਤਾ, ਸ਼ਹੀਦਾਂ ਪ੍ਰਤੀ ਸਨੇਹ ਦੀ ਮਹੱਤਤਾ ਤੋਂ ਜਾਣੂ ਕਰਵਾਉਣਾ ਹੈ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਬਰਾੜ ਨੇ ਸਕੂਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਦੇਸ਼ ਭਗਤਾਂ ਅਤੇ ਸੂਰਬੀਰਾਂ ਦੀਆਂ ਵੱਡੀਆਂ ਕੁਰਬਾਨੀਆਂ ਸਦਕਾ ਸਾਨੂੰ ਆਪਣੇ ਸੰਵਿਧਾਨ ਰਾਹੀਂ ਮੌਲਿਕ ਅਖਤਿਆਰ ਮਿਲੇ ਹਨ ਅਤੇ ਇਨ੍ਹਾਂ ਦੀ ਪਾਲਣਾ ਕਰਨਾ ਸਾਡਾ ਸਭਨਾਂ ਦਾ ਫਰਜ਼ ਹੈ। ਉਨ੍ਹਾਂ ਦੇਸ਼ ਭਗਤਾਂ ਨੂੰ ਸਿਜਦਾ ਕਰਦਿਆਂ ਅਧਿਆਪਕਾਂ, ਬੱਚਿਆਂ ਅਤੇ ਸਮਾਜ ਦੇ ਸਭਨਾਂ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਵਿਕਾਸ ਲਈ ਕਾਰਜਸ਼ੀਲ ਹੋਣ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਸੱਭਿਆਚਾਰਕ ਪ੍ਰਸਤੁਤੀਆਂ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਦੌਰਾਨ ਵੱਖ-ਵੱਖ ਅਕਾਦਮਿਕ, ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਥਾਨਕ ਖੇਡ ਸਟੇਡੀਅਮ ਵਿੱੱਚ ‘ਗਣਤੰਤਰ ਦਿਵਸ’ ਸਮਾਗਮ ਮੌਕੇ ਮੁੱਖ ਮਹਿਮਾਨ ਉਪ ਮੰਡਲ ਮੈਜਿਸਟਰੇਟ ਜੈਤੋ ਸੂਰਜ ਕੁਮਾਰ (ਪੀਸੀਐੱਸ) ਨੇ ਸ਼ਿਵਾਲਿਕ ਪਬਲਿਕ ਸਕੂਲ ਦੇ ਸਟੇਟ ਰਗਬੀ ਖੇਡ ਵਿੱਚ ਰਾਜ ਪੱਧਰੀ ਗੋਲਡ ਮੈਡਲ ਜਿੱਤ ਕੇ ਆਉਣ ’ਤੇ ਜੇਤੂ ਖਿਡਾਰਨ ਨਵਜੋਤ ਕੌਰ, ਰਵਲੀਨ ਕੌਰ, ਖਿਡਾਰੀ ਐਸਵੀਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਹਰਮੇਲ ਸਿੰਘ, ਮਨਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ, ਗੁਰਮਨ ਸ਼ਰਮਾ (ਨੈਸ਼ਨਲ ਪੱਧਰ ’ਤੇ 1, ਸ਼ਾਟਪੁੱਟ, ਜੈਵਲਿਨ ਥਰੋ, ਡਿਸਕਸ ਥਰੋ ਵਿੱਚ ਜੇਤੂ ਖਿਡਾਰੀਆਂ ਦੀ ਸਰਾਹਨਾ ਕਰਦਿਆਂ ਉਨ੍ਹਾਂ ਨੂੰ ਇਨਾਮ ਤੇ ਪ੍ਰਮਾਣ ਪੱਤਰ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਐੱਸਡੀਐੱਮ ਸੂਰਜ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਸੱਚਾਈ, ਅਨੁਸ਼ਾਸਨ ਅਤੇ ਮਿਹਨਤ ਦੇ ਮਾਰਗ ’ਤੇ ਅੱਗੇ ਵਧਣਾ ਚਾਹੀਦਾ ਹੈ। ਸਮਾਰੋਹ ਦੇ ਅਖ਼ੀਰ ਵਿੱਚ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਪ੍ਰਣ ਲਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਸਬ-ਡਿਵੀਜ਼ਨ ਜੁਡੀਸ਼ੀਅਲ ਮੈਜਿਸਟਰੇਟ ਜੈਤੋ ਸ਼ਮਿੰਦਰਪਾਲ ਸਿੰਘ, ‘ਆਪ’ ਯੂਥ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ, ਨਗਰ ਕੌਂਸਲ ਜੈਤੋ ਦੇ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ, ਨਗਰ ਕੌਂਸਲ ਜੈਤੋ ਦੇ ਸੀਨੀਅਰ ਮੀਤ ਪ੍ਰਧਾਨ ਨਰਿੰਦਰਪਾਲ ਸਿੰਘ ਰਾਮੇਆਣਾ, ਕੋਚ ਅਰਸ਼ਨੂਰ ਮੁਹੰਮਦ ਆਦਿ ਹਾਜ਼ਰ ਸਨ।