ਕੰਪਿਊਟਰ ਅਧਿਆਪਕਾਂ ’ਚ ਸਰਕਾਰ ਖ਼ਿਲਾਫ਼ ਰੋਸ
ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਕਨਵੈਂਸ਼ਨ ਹੋਈ
Publish Date: Wed, 28 Jan 2026 03:39 PM (IST)
Updated Date: Thu, 29 Jan 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਸੂਬਾ ਪੱਧਰੀ ਕਨਵੈਨਸ਼ਨ ਸੂਬਾ ਪ੍ਰਧਾਨ ਸਰਦਾਰ ਗੁਰਵਿੰਦਰ ਸਿੰਘ ਤਰਨਤਾਰਨ ਦੀ ਅਗਵਾਈ ਹੇਠ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਹੋਈ। ਕਾਨਫਰੰਸ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਕਮੇਟੀਆਂ ਦੇ ਮੈਂਬਰਾਂ ਨੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਵਿਚਾਰ ਚਰਚਾ ਕੀਤੀ। ਯੂਨੀਅਨ ਆਗੂਆਂ ਨੇ ਸਰਕਾਰ ਤੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੀ ਬਜਾਏ ਲਗਾਤਾਰ ਟਾਲ ਮਟੋਲ ਨੀਤੀ ਨੂੰ ਅਪਣਾਇਆ ਅਤੇ ਸੰਘਰਸ਼ ਨੂੰ ਜਬਰੀ ਦਬਾਇਆ ਜਾ ਰਿਹਾ ਹੈ। ਇਸ ਮੌਕੇ ਹਾਜ਼ਰ ਆਗੂਆਂ ਨੇ ਆਪਣੀ ਆਵਾਜ਼ ਬੁਲੰਦ ਕਰਕੇ ਇੱਕ ਜੁੱਟਤਾ ਦਰਸਾਈ ਕਿ ਜਦੋਂ ਤੱਕ ਸਰਕਾਰ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਤਾਂ ਸਰਕਾਰ ਨੂੰ ਆਉਂਦੇ ਦਿਨਾਂ ਵਿੱਚ ਹਰ ਫਰੰਟ ਤੇ ਘੇਰਿਆ ਜਾਵੇਗਾ। ਮੰਚ ਤੋਂ ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕੰਪਿਊਟਰ ਅਧਿਆਪਕਾਂ ਤੇ ਛੇਵਾਂ ਪੇ ਕਮਿਸ਼ਨ ਬਣਦੀ ਮਿਤੀ ਤੋਂ ਲਾਗੂ ਕਰੇ ਅਤੇ ਨਿਯੁਕਤੀ ਪੱਤਰ ਵਿੱਚ ਦਰਜ ਸੀਐਸਆਰ ਦੀ ਸ਼ਰਤ ਅਨੁਸਾਰ ਸਾਰੇ ਬਣਦੇ ਵਿੱਤੀ ਲਾਭ ਦਿੱਤੇ ਜਾਣ ਜਦੋਂ ਤੱਕ ਕੰਪਿਊਟਰ ਅਧਿਆਪਕਾਂ ਤੇ ਛੇਵਾਂ ਪੇ ਕਮਿਸ਼ਨ ਦਾ ਪ੍ਰੋਸੈਸ ਪੂਰਾ ਨਹੀਂ ਹੁੰਦਾ ਉਦੋਂ ਤੱਕ ਨਿਯਮਾਂ ਅਨੁਸਾਰ ਬਣਦਾ ਅਨਰਵਾਈਜਡ ਡੀਏ ਤੁਰੰਤ ਲਾਗੂ ਕੀਤਾ ਜਾਵੇ। ਇਸ ਮੌਕੇ ਕਨਵੈਂਸ਼ਨ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਸਰਬ ਸੰਮਤੀ ਨਾਲ ਇੱਕ ਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ ਸਰਕਾਰ ਨੂੰ ਘੇਰਨ ਲਈ ਸੰਘਰਸ਼ ਦਾ ਐਲਾਨ ਕੀਤਾ ਗਿਆ। ਜਿਸ ਤਹਿਤ 14 ਫਰਵਰੀ 2026 ਨੂੰ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਦੀ ਸੰਗਰੂਰ ਵਿਖੇ ਰਹਾਇਸ਼ ਦਾ ਘਿਰਾਓ ਕਰਕੇ ਸੂਬਾ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ ਅਤੇ ਆਉਂਦੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਕਨਵੈਂਸ਼ਨ ਵਿੱਚ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਸਟੇਟ ਕਮੇਟੀ ਮੈਂਬਰ ਜਗਸੀਰ ਸਿੰਘ ਬਰਾੜ, ਕੁਲਦੀਪ ਸਿੰਘ ਚਹਿਲ, ਗੁਰਲਾਲ ਸਿੰਘ ਬਰਾੜ, ਕੁਲਵਿੰਦਰ ਸਿੰਘ ਬਰਾੜ, ਨਰਪਿੰਦਰਜੀਤ ਅਤੇ ਜਸਵਿੰਦਰ ਸਿੰਘ ਫ਼ਰੀਦਕੋਟ ਹਾਜ਼ਰ ਸਨ।