ਵਪਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ’ਤੇ ਹੋਈ ਚਰਚਾ
ਐਸ.ਐਸ.ਪੀ. ਗੁਰਬੰਸ ਸਿੰਘ ਬੈਂਸ ਵੱਲੋਂ ਸਮੂਹ ਵਪਾਰੀਆਂ ਨਾਲ ਕੀਤੀ ਗਈ ਮੀਟਿੰਗ
Publish Date: Sat, 06 Jun 2026 04:13 PM (IST)
Updated Date: Sun, 07 Jun 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਐਸ.ਐਸ.ਪੀ. ਫਰੀਦਕੋਟ ਗੁਰਬੰਸ ਸਿੰਘ ਬੈਂਸ ਵੱਲੋਂ ਕੋਟਕਪੂਰਾ ਦੇ ਸਮੂਹ ਵਪਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿੱਚ ਸੰਜੀਵ ਕੁਮਾਰ ਡੀ.ਐਸ.ਪੀ. ਕੋਟਕਪੂਰਾ ਅਤੇ ਇੰਸ.ਗੁਰਵਿੰਦਰ ਸਿੰਘ ਐਸ.ਐਚ.ਓ. ਥਾਣਾ ਸਿਟੀ ਵਿਸ਼ੇਸ਼ ਤੌਰ ਤੇ ਹਾਜਰ ਸਨ। ਚੈਂਬਰ ਆਫ ਕਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ ਓਮਕਾਰ ਗੋਇਲ, ਸੈਕਟਰੀ ਰਮਨ ਮਨਚੰਦਾ ਅਤੇ ਕੈਸ਼ੀਅਰ ਸ਼ੀਤਲ ਗੋਇਲ ਦੀ ਅਗਵਾਈ ਹੇਠ ਸਥਾਨਕ ਕਰਿਆਨਾ ਭਵਨ ਵਿਖੇ ਕੀਤੀ ਗਈ ਇਸ ਮੀਟਿੰਗ ਵਿੱਚ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਨਾਲ ਸਬੰਧਤ 28 ਵਪਾਰਕ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਪ੍ਰਧਾਨ ਓਮਕਾਰ ਗੋਇਲ ਤੋਂ ਇਲਾਵਾ ਵਿਸ਼ਾਲ ਗੋਇਲ, ਨਰਿੰਦਰ ਬੈੜ੍ਹ, ਸੰਜੀਵ ਕਟਾਰੀਆ, ਜਤਿੰਦਰ ਜਸ਼ਨ, ਨਰੇਸ਼ ਮਿੱਤਲ, ਹਰਪ੍ਰੀਤ ਸਿੰਘ ਖਾਲਸਾ ਅਤੇ ਵੇਦ ਪ੍ਰਕਾਸ਼ ਆਦਿ ਵਪਾਰੀ ਆਗੂਆਂ ਨੇ ਜਿਲਾ ਪੁਲਸ ਮੁਖੀ ਨੂੰ ਸ਼ਹਿਰ ਦੀ ਕਾਨੂੰਨ ਵਿਵਸਥਾ ਅਤੇ ਟ੍ਰੈਫਿਕ ਵਿਵਸਥਾ ਆਦਿ ਸਬੰਧੀ ਜਾਣੂੰ ਕਰਵਾਉਂਦੇ ਹੋਏ ਵਪਾਰੀ ਵਰਗ ਨੂੰ ਦਰਪੇਸ਼ ਕਈ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਗੁਰਬੰਸ ਸਿੰਘ ਬੈਂਸ ਨੇ ਵਪਾਰੀ ਵਰਗ ਵੱਲੋਂ ਦੱਸੀਆਂ ਜਾ ਰਹੀਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਇੰਨ੍ਹਾਂ ਨੂੰ ਨੋਟ ਵੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੁਲਸ ਵਪਾਰੀ ਵਰਗ ਸਮੇਤ ਹਰ ਸ਼ਹਿਰੀ ਦੀ ਸੁਰੱਖਿਆ ਲਈ ਵਚਨਬੱਧ ਹੈ ਪ੍ਰੰਤੂ ਇਸ ਲਈ ਲੋਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੋ-ਤਿੰਨ ਦਿਨ ਪਹਿਲਾਂ ਹੀ ਜਿਲਾ ਪੁਲਸ ਮੁਖੀ ਵਜੋਂ ਚਾਰਜ ਸੰਭਾਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਲਗਾਤਾਰ ਲੋਕਾਂ ਦੇ ਸੰਪਰਕ ਵਿੱਚ ਰਹਿਣਗੇ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਅਤੇ ਗੈਂਗਸਟਰਵਾਦ ਖਤਮ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਵਪਾਰੀ ਵਰਗ ਨੂੰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਸ਼ੱਕੀ ਗਤੀਵਿਧੀ ਜਾਂ ਕੋਈ ਸ਼ੱਕੀ ਵਿਅਕਤੀ ਦਾ ਪਤਾ ਲੱਗਣ ਤੇ ਉਨ੍ਹਾਂ ਨੂੰ ਤੁਰੰਤ ਸੂਚਨਾ ਦਿੱਤੀ ਜਾਵੇ ਤਾਂ ਜੋ ਸਮਾਂ ਰਹਿਣਦੇ ਬੁਰੇ ਅਨਸਰਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾ ਸਕੇ। ਇਸ ਦੌਰਾਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀਜ਼ ਦੇ ਪ੍ਰਧਾਨ ਓਮਕਾਰ ਗੋਇਲ ਨੇ ਜਿਲਾ ਪੁਲਸ ਮੁਖੀ ਵੱਲੋਂ ਖੁਦ ਕੋਟਕਪੂਰਾ ਆ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਨਣ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਕੋਟਕਪੂਰਾ ਦਾ ਵਪਾਰੀ ਵਰਗ ਸ਼ਾਂਤੀ ਪਸੰਦ ਹੈ ਅਤੇ ਉਹ ਬਿਨਾ ਕੇ ਡਰ ਜਾਂ ਭੈਣ ਦੇ ਕਾਰੋਬਾਰ ਕਰਨਾ ਚਾਹੁੰਦਾ ਹੈ। ਉਨ੍ਹਾਂ ਜਿਲਾ ਪੁਲਸ ਮੁਖੀ ਨੂੰ ਵਿਸ਼ਵਾਸ਼ ਦਿਵਾਇਆ ਕਿ ਗੈਂਗਸਟਰਵਾਦ ਅਤੇ ਨਸ਼ਿਆਂ ਖਿਲਾਫ ਪੁਲਸ ਵੱਲੋਂ ਚਲਾਈ ਗਈ ਮੁਹਿੰਮ ਦਾ ਸ਼ਹਿਰ ਦੇ ਸਮੂਹ ਵਪਾਰੀ ਵੱਧ ਤੋਂ ਵੱਧ ਸਹਿਯੋਗ ਕਰੇਗਾ। ਸਟੇਜ ਸੰਚਾਲਨ ਸੰਸਥਾ ਦੇ ਸੈਕਟਰੀ ਰਮਨ ਮਨਚੰਦਾ ਵੱਲੋਂ ਕੀਤਾ ਗਿਆ। ਇਸ ਮੌਕੇ ਉਮੇਸ਼ ਗਰਗ, ਮਹਿੰਦਰ ਪਾਲ ਸਿੰਘ ਲੱਕੀ, ਰਵਿੰਦਰ ਗਰਗ ਤੋਤਾ, ਗਗਨ ਅਹੂਜਾ, ਪੁਨੀਤ ਪਲਤਾ, ਸਤੀਸ਼ ਕਟਾਰੀਆ, ਤਰਸੇਮ ਧਿੰਗੜਾ, ਚਿਮਨ ਲਾਲ ਰਿੰਕੀ, ਗੁਰਮੀਤ ਫੋਟੋ ਜੈਨਿਕ, ਰਜਨੀਸ਼ ਗੋਇਲ, ਮਦਨ ਮਲਿਕ, ਦਿਨੇਸ਼ ਗੋਇਲ, ਵਰੁਣ ਗੋਇਲ, ਸਤੀਸ਼ ਨਰੂਲਾ, ਜਸਵਿੰਦਰ ਸਿੰਘ ਜੋੜਾ, ਹਰਸ਼ ਅਰੋੜਾ, ਕ੍ਰਿਸ਼ਨ ਕੁਕਰੇਜਾ, ਰਾਜਨ ਗਰਗ, ਰਾਜ ਕੁਮਾਰ ਰਾਵਲ, ਸੁਰਿੰਦਰ ਪੁਰੀ, ਅਸ਼ੋਕ ਗੁਪਤਾ, ਅਤੁਲ ਕੁਮਾਰ, ਲਵਲੀ ਅਹੂਜਾ, ਅਜੇ ਮਨਚੰਦਾ, ਰਜੀਵ ਸ਼ਰਮਾਂ ਆਦਿ ਹਾਜਰ ਸਨ।