ਪੁਰਾਣੀਆਂ ਹੱਥ ਲਿਖਤਾਂ ਸੰਭਾਲਣ ਲਈ ਵਿਸ਼ੇਸ਼ ਮੁਹਿੰਮ
ਗਿਆਨ ਭਾਰਤਮ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖਤਾਂ ਸੰਭਾਲਣ ਲਈ ਵਿਸ਼ੇਸ਼ ਮੁਹਿੰਮ
Publish Date: Mon, 20 Apr 2026 03:40 PM (IST)
Updated Date: Tue, 21 Apr 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਭਾਰਤ ਸਰਕਾਰ ਵੱਲੋਂ ਗਿਆਨ ਭਾਰਤਮ ਮਿਸ਼ਨ ਤਹਿਤ ਵੱਖ-ਵੱਖ ਥਾਵਾਂ ਤੇ ਮੌਜੂਦ ਸਾਂਭਣਯੋਗ ਪੁਰਾਣੀਆਂ ਹੱਥ ਲਿਖਤਾਂ (ਮੈਨੂਸਕ੍ਰਿਪਟਸ) ਨੂੰ ਖੋਜਣ, ਸਨਮਾਨ ਦੇਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲਣ ਦਾ ਸੁਹਿਰਦ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਪੂਨਮਦੀਪ ਕੌਰ ਆਈ.ਏ.ਐੱਸ. ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਮਿਸ਼ਨ ਤਹਿਤ ਪੁਰਾਈਆਂ ਹੱਥ ਲਿਖਤਾਂ ਤੇ ਖਰੜੇ ਆਦਿ ਨੂੰ ਸਾਂਭਣ ਦਾ ਮਹੱਤਵਪੂਰਨ ਕਾਰਜ ਕੀਤਾ ਜਾ ਰਿਹਾ ਹੈ। ਇਸ ਮਿਸ਼ਨ ਤਹਿਤ ਇਹ ਸਾਰੀਆਂ ਹੱਥ ਲਿਖਤਾਂ ਖੋਜਣ ਉਪਰੰਤ ਗਿਆਨ ਭਾਰਤਮ ਐਪ ਉੱਪਰ ਜਾ ਕੇ ਇਹਨਾਂ ਦੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ। ਇਸ ਕਾਰਜ ਲਈ ਜ਼ਿਲ੍ਹੇ ਵਿਚ ਸਰਵੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਸਰਵੇ ਟੀਮਾਂ ਵੱਲੋਂ ਇਹ ਹੱਥ ਲਿਖਤਾਂ ਦੀ ਨਿਸ਼ਾਨਦੇਹੀ ਕਰਕੇ ਇਸਦੀ ਜਾਣਕਾਰੀ ਗਿਆਨ ਭਾਰਤਮ ਐਪ ਉੱਪਰ ਅਪਲੋਡ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜਿਲ੍ਹੇ ਦੇ ਵਸਨੀਕਾਂ ਨੂੰ ਇਸ ਮਿਸ਼ਨ ਲਈ ਸਹਿਯੋਗ ਕਰਨ ਦੀ ਅਪੀਲ ਕਰਦਿਆ ਕਿਹਾ ਕਿ ਜੇਕਰ ਕਿਸੇ ਵਿਅਕਤੀ ਪਾਸ ਜਾ ਕਿਸੇ ਸੰਸਥਾ, ਲਾਇਬਰੇਰੀ, ਸ੍ਰੀ ਗੁਰਦੁਆਰਾ ਸਾਹਿਬ, ਮੰਦਿਰ, ਡੇਰਾ ਜਾਂ ਕਿਸੇ ਵੀ ਹੋਰ ਸਥਾਨ ਉੱਪਰ ਅਜਿਹੀ ਕੋਈ ਦੁਰਲੱਭ ਹੱਥ ਲਿਖਤ ਮੌਜੂਦ ਹੈ ਤਾਂ ਇਸ ਦੀ ਜਾਣਕਾਰੀ ਇਸ ਮਿਸ਼ਨ ਲਈ ਤਾਇਨਾਤ ਕੀਤੇ ਗਏ ਸਹਾਇਕ ਨੋਡਲ ਅਫ਼ਸਰ ਕਮ ਜ਼ਿਲ੍ਹਾ ਭਾਸ਼ਾ ਅਫਸਰ ਮਨਜੀਤ ਸਿੰਘ ਪੁਰੀ ਦੇ ਵੱਟਸਐਪ ਨੰਬਰ 9814815026 ਜਾਂ ਈ-ਮੇਲ ਸਾਂਝੀ ਕੀਤੀ ਜਾਵੇ ਤਾਂ ਜੋ ਇਸ ਮਿਸ਼ਨ ਨੂੰ ਨੇਪਰੇ ਚਾੜਿਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮਹੱਤਵਪੂਰਨ ਮਿਸ਼ਨ ਦੀ ਕਾਮਯਾਬੀ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।