ਅਕਸ਼ਨੂਰ ਕੌਰ ਤੇ ਜਸ਼ਨਪ੍ਰੀਤ ਸਿੰਘ ਗਿੱਲ ਦਾ ਕੀਤਾ ਸਨਮਾਨ
ਵਿਦਿਆਰਥਣਾਂ ਅਕਸ਼ਨੂਰ ਕੌਰ ਤੇ ਜਸ਼ਨਪ੍ਰੀਤ ਸਿੰਘ ਗਿੱਲ ਦਾ ਵਿਸ਼ੇਸ਼ ਸਨਮਾਨ
Publish Date: Sun, 01 Mar 2026 03:33 PM (IST)
Updated Date: Mon, 02 Mar 2026 03:59 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਦਸਵੀਂ ਜਮਾਤ ਦੇ ਵਿੱਦਿਅਕ ਸ਼ੈਸ਼ਨ 2025-26 ਦੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਸਾਲਾਨਾ ਨਤੀਜੇ ’ਚ ਸੌ ਫ਼ੀਸਦੀ ਅੰਕ ਹਾਸਲ ਕਰਕੇ ਪੂਰੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਸੰਤ ਮੇਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ ਦੀਆਂ ਵਿਦਿਆਰਥਣਾਂ ਅਕਸ਼ਨੂਰ ਕੌਰ ਵਾਸੀ ਪਿੰਡ ਲੰਡੇ ਅਤੇ ਜਸ਼ਨਪ੍ਰੀਤ ਸਿੰਘ ਗਿੱਲ ਵਾਸੀ ਪਿੰਡ ਸਿਰਸੜੀ ਦਾ ਬਰਨਾਲਾ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਵਿਚ ਯਾਦਗਾਰੀ ਚਿੰਨ੍ਹ, ਸ਼ਾਲ, ਖਾਣ-ਪੀਣ ਦੀ ਸਮੱਗਰੀ ਅਤੇ ਹੋਰ ਵਰਤੋਂ ਦਾ ਸਮਾਨ ਦਿੱਤਾ ਗਿਆ। ਖੇਡਾਂ ਅਤੇ ਸਿੱਖਿਆ ਨੂੰ ਲਗਾਤਾਰ ਉਤਸ਼ਾਹਿਤ ਕਰਨ ਵਾਲੀ ਸਮਾਜ ਸੇਵੀ ਸੰਸਥਾ, ਬਰਨਾਲਾ ਸਪੋਰਟਸ ਐਂਡ ਸ਼ੋਸ਼ਲ ਵੈਲਫ਼ੇਅਰ ਕਲੱਬ ਰਜਿ. ਵਲੋਂ ਕਰਵਾਏ ਗਏ ਆਪਣੇ ਸਾਲਾਨਾ ਸਮਾਰੋਹ ਦੌਰਾਨ ਉਕਤ ਵਿਦਿਆਰਥਣਾਂ ਨੂੰ ਮੀਤ ਹੇਅਰ ਮੈਂਬਰ ਪਾਰਲੀਮੈਂਟ ਸੰਗਰੂਰ, ਕੁਲਦੀਪ ਸਿੰਘ ਢਿੱਲੋਂ ਵਿਧਾਇਕ, ਚਰਨਜੀਤ ਸਿੰਘ ਚੰਨੀ ਚੇਅਰਮੈਨ ਸੀ.ਟੀ ਗਰੁੱਪ ਲੁਧਿਆਣਾ ਸਮੇਤ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਸਨਮਾਨਿਤ ਕੀਤਾ। ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਕੋਟਸੁਖੀਆ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਕਲੱਬ ਦਾ ਧੰਨਵਾਦ ਕਰਦਿਆਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਸੰਸਥਾਵਾਂ ਵਿਚ ਵਿਦਿਆਰਥੀਆਂ ਦੀ ਬਹੁਪੱਖੀ ਸ਼ਖ਼ਸੀਅਤ ਦੀ ਉਸਾਰੀ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।