ਸਪੀਕਰ ਸੰਧਵਾਂ ਵੱਲੋਂ ਸਵਾਲ ਜਵਾਬ ਦਾ ਦੋ-ਵਰਕਾ ਰਿਲੀਜ਼
ਸਪੀਕਰ ਕੁਲਤਾਰ ਸੰਧਵਾਂ ਵੱਲੋਂ ਸਵਾਲ-ਜਵਾਬ ਦਾ ਦੋ ਵਰਕਾ ਕੀਤਾ ਰਿਲੀਜ਼
Publish Date: Sun, 04 Jan 2026 03:42 PM (IST)
Updated Date: Mon, 05 Jan 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਸਥਾਨਕ ਗੁਰੂ ਨਾਨਕ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਸਰਬੰਸਦਾਨੀ, ਚੋਜੀ ਪ੍ਰੀਤਮ, ਬਾਦਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 359ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ‘‘20 ਸਵਾਲ –20 ਇਨਾਮ ’’ ਸਥਾਨਕ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੁਹੱਲਾ ਹਰਨਾਮਪੁਰਾ ਵਿਖੇ ਹੋਏ ਸਮਾਗਮ ਦੌਰਾਨ ਸਵਾਲ-ਜਵਾਬ ਦਾ ਦੋ ਵਰਕਾ ਰਿਲੀਜ਼ ਕੀਤਾ ਗਿਆ। ਰਿਲੀਜ਼ ਕਰਨ ਦੀ ਰਸਮ ਵਿਸ਼ੇਸ਼ ਤੌਰ ਤੇ ਪੰਹੁਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਿਲੀਜ਼ ਕੀਤਾ ਉਨ੍ਹਾਂ ਦੇ ਨਾਲ ਸੁਸਾਇਟੀ ਸੰਸਥਾਪਕ ਲੈਕ: ਬਲਵਿੰਦਰ ਸਿੰਘ ਕੋਟਕਪੂਰਾ, ਗੁਰਿੰਦਰ ਸਿੰਘ ਕੋਟਕਪੂਰਾ, ਭਾਈ ਬਲਜੀਤ ਸਿੰਘ, ਲੈਕ: ਗੁਰਨਾਮ ਸਿੰਘ, ਜਸਮੀਤ ਸਿੰਘ, ਅਮਰਜੀਤ ਸਿੰਘ ਅਤੇ ਬੇਅੰਤ ਸਿੰਘ ਨੇ ਕੀਤੀ। ਸੁਸਾਇਟੀ ਦੇ ਪ੍ਰਧਾਨ ਲੈਕ: ਬਲਵਿੰਦਰ ਸਿੰਘ ਕੋਟਕਪੂਰਾ ਨੇ ਦੱਸਿਆ ਕਿ ‘‘20 ਸਵਾਲ-20 ਇਨਾਮ’’ ਦਾ ਲੱਕੀ ਡਰਾਅ 11 ਜਨਵਰੀ ਨੂੰ ਸ਼ਾਮ 3 ਵਜੇ ਕੱਢਿਆ ਜਾਵੇਗਾ ਤੇ ਜਿਨ੍ਹਾਂ ਦੇ ਡਰਾਅ ਰਾਹੀਂ ਸਾਰੇ ਦੇ ਸਾਰੇ ਸਵਾਲ ਸਹੀ ਪਾਏ ਗਏ ਉਨ੍ਹਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ 5 ਇਨਾਮ 30 ਸਾਲ ਤੋਂ ਉਪਰ ਉਮਰ ਵਾਲਿਆਂ ਦੇ ਕੱਢੇ ਜਾਣਗੇ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸੰਬੰਧਤ ਕਿਤਾਬਚਾ ਪ੍ਰਾਪਤ ਕਰਨ ਵਾਲੇ ਚਾਹਵਾਨ ਵਿਅਕਤੀ ਉਕਤ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਹੋਰ ਕਿਹਾ ਕਿ 9 ਜਨਵਰੀ ਤੱਕ ਸਵਾਲਾਂ ਦੇ ਜਵਾਬ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਣੇ ਚਾਹੀਦੇ ਹਨ।