ਸਪੀਕਰ ਸੰਧਵਾਂ ਨੇ ਲੋਕ ਮਿਲਣੀ ’ਚ ਸੁਣੀਆਂ ਸਮੱਸਿਆਵਾਂ
ਸਪੀਕਰ ਸੰਧਵਾਂ ਨੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਹੱਲ ਅਤੇ ਵਿਕਾਸ ਕਾਰਜਾਂ ‘ਤੇ ਕੀਤੀ ਚਰਚਾ
Publish Date: Thu, 19 Mar 2026 03:54 PM (IST)
Updated Date: Fri, 20 Mar 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਕੋਟਕਪੂਰਾ : ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਸਿੱਖਾਂਵਾਲਾ ਵਿਖੇ ਮਨਪ੍ਰੀਤ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਇਕ ਵਿਸ਼ੇਸ਼ ਲੋਕ ਮਿਲਣੀ ਦਾ ਆਯੋਜਨ ਕੀਤਾ । ਇਸ ਦੌਰਾਨ ਉਨ੍ਹਾਂ ਨੇ ਪਿੰਡ ਦੇ ਲੋਕਾਂ ਨਾਲ ਰੂਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਦੇ ਜਲਦ ਨਿਪਟਾਰੇ ਲਈ ਭਰੋਸਾ ਦਿਵਾਇਆ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਸਿਹਤ ਬੀਮਾ ਯੋਜਨਾ, ਵਿਕਾਸ ਦਾ ਕਾਰਜਾਂ ਅਤੇ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਅਤੇ ਐਸ.ਸੀ. ਵਰਗ ਦੀਆਂ ਭੈਣਾਂ ਲਈ 1500 ਰੁਪਏ ਪ੍ਰਤੀ ਮਹੀਨਾ ਸਕੀਮ ਸਬੰਧੀ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਆਮ ਪਾਰਟੀ ਦੀ ਸਰਕਾਰ ਵੱਲੋਂ ਇਕੱਲੇ ਕੋਟਕਪੂਰਾ ਹਲਕੇ ਵਿੱਚ 9 ਕਰੋੜ ਰੁਪਏ ਦੀ ਪਾਈਪਲਾਈਨ ਦਾ ਕੰਮ ਕਰਵਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਕੋਟਕਪੂਰਾ ਵਿੱਚ ਹੋਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਵਿਕਾਸ ਕਾਰਜ ਅੱਗੇ ਵੀ ਜਾਰੀ ਰਹਿਣਗੇ ਅਤੇ ਲੋਕਾਂ ਦੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾਣਗੇ। ਇਸ ਮੌਕੇ ‘ਤੇ ਲੋਕਾਂ ਵੱਲੋਂ ਇਲਾਕੇ ਵਿੱਚ ਹੋਏ ਵਿਕਾਸ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਗਈ, ਖ਼ਾਸ ਕਰਕੇ 78 ਲੱਖ 70 ਹਜ਼ਾਰ ਰੁਪਏ ਦੀ ਲਾਗਤ ਨਾਲ ਅੰਡਰਗਰਾਊਂਡ ਪਾਈਪ ਲਾਈਨ ਪਾਉਣ ਦੇ ਕੰਮ ਲਈ ਸਾਰਿਆਂ ਨੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਦਾ ਦਿਲੋਂ ਧੰਨਵਾਦ ਕੀਤਾ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਇਲਾਕੇ ਦੇ ਨਿਵਾਸੀਆਂ ਨੂੰ ਕਾਫੀ ਸੁਵਿਧਾ ਮਿਲੀ ਹੈ ਅਤੇ ਪਾਣੀ ਸਬੰਧੀ ਸਮੱਸਿਆਵਾਂ ਵਿੱਚ ਵੀ ਸੁਧਾਰ ਆਇਆ ਹੈ। ਇਸ ਮਿਲਣੀ ਵਿੱਚ ਅਜੈਬ ਸਿੰਘ ਰੰਧਾਵਾ, ਬਲਵੀਰ ਸਿੰਘ ਰੰਧਾਵਾ, ਤੇਜਾ ਸਿੰਘ ਰੰਧਾਵਾ, ਰਾਧਾ ਕ੍ਰਿਸ਼ਨ ਸ਼ਰਮਾ, ਅਰੁਣ ਚਾਵਲਾ ਐਮ ਸੀ, ਗੁਰਨੈਬ ਸਿੰਘ, ਮੇਹਰ ਸਿੰਘ ਅਤੇ ਸਿਕੰਦਰ ਸਿੰਘ ਨੰਬਰਦਾਰ ਸਮੇਤ ਕਈ ਹੋਰ ਪ੍ਰਮੁੱਖ ਵਿਅਕਤੀ ਹਾਜ਼ਰ ਸਨ।