ਸਪੀਕਰ ਵੱਲੋਂ ‘ਆਪ’ ਦੇ ਐੱਸਸੀ ਵਿੰਗ ਨਾਲ ਮੀਟਿੰਗ
ਸਪੀਕਰ ਸੰਧਵਾਂ ਵੱਲੋਂ ਆਪ ਦੇ ਐਸ ਸੀ ਵਿੰਗ ਨਾਲ ਵਿਸ਼ੇਸ਼ ਮੀਟਿੰਗ
Publish Date: Sat, 07 Feb 2026 05:27 PM (IST)
Updated Date: Sun, 08 Feb 2026 04:03 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਆਮ ਆਦਮੀ ਪਾਰਟੀ ਐਸ ਸੀ ਵਿੰਗ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਸੁਪਰਡੈਂਟ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਸਪੀਕਰ ਸੰਧਵਾਂ ਨੇ ਐਸ ਸੀ ਵਿੰਗ ਦੇ ਸਮੂਹ ਅਹੁਦੇਦਾਰਾਂ ਵੱਲੋਂ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੇ ਕੀਤੇ ਜਾ ਰਹੇ ਪ੍ਰਚਾਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ 2022 ਵਿੱਚ ਵੀ ਆਪ ਸਰਕਾਰ ਬਣਾਉਣ ਵਿੱਚ ਐਸ ਸੀ ਵਰਗ ਦਾ ਅਹਿਮ ਯੋਗਦਾਨ ਸੀ ਅਤੇ 2027 ਵਿੱਚ ਵੀ ਇਹ ਵਰਗ ਪਹਿਲਾਂ ਦੀ ਤਰ੍ਹਾਂ ਆਮ ਲੋਕਾਂ ਦੀ ਸਰਕਾਰ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਵੇਗਾ। ਸਪੀਕਰ ਸੰਧਵਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ, “ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਜੀ ਦਾ ਸੁਪਨਾ ਸੀ ਕਿ ਸਾਰੇ ਵਰਗਾਂ ਦੇ ਲੋਕਾਂ ਨੂੰ ਬਰਾਬਰ ਹੱਕ ਮਿਲਣ, ਸਾਰਿਆਂ ਨੂੰ ਚੰਗੀ ਸਿੱਖਿਆ, ਇਲਾਜ ਅਤੇ ਇਨਸਾਫ਼ ਪ੍ਰਾਪਤ ਹੋਵੇ।” ਇਸ ਸੁਪਨੇ ਨੂੰ ਸਾਕਾਰ ਕਰਨ ਲਈ ਆਪ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੀ ਕਾਇਆ ਕਲਪ ਲਈ ਕਰੋੜਾਂ ਰੁਪਏ ਦੇ ਫੰਡ ਉਪਲਬਧ ਕਰਵਾਏ ਗਏ ਹਨ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਦਸ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੇ ਸਮੂਹ ਅਹੁਦੇਦਾਰਾਂ ਨੂੰ ਮਾਨ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਬਾਰੇ ਲੋਕਾਂ ਵਿਚ ਜ਼ੋਰ-ਸ਼ੋਰ ਨਾਲ ਪ੍ਰਚਾਰ-ਪ੍ਰਸਾਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਾਨਯੋਗ ਸਪੀਕਰ ਸਾਹਿਬ ਵੱਲੋਂ ਐਸ ਸੀ ਵਿੰਗ ਦੀ ਇੱਕ ਵਿਸ਼ੇਸ਼ ਯਾਤਰਾ ਪੰਜਾਬ ਵਿਧਾਨ ਸਭਾ ਲਈ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ। ਇਸਦੇ ਨਾਲ ਹੀ ਪਾਰਟੀ ਵਰਕਰਾਂ ਅਤੇ ਸਰਕਾਰ ਦਰਮਿਆਨ ਤਾਲਮੇਲ ਨੂੰ ਹੋਰ ਮਜ਼ਬੂਤ ਬਣਾਉਣ ਲਈ ਹਰ ਮਹੀਨੇ ਇੱਕ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ, ਤਾਂ ਜੋ ਪੈਂਡਿੰਗ ਕੰਮਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਜਾ ਸਕੇ। ਮਿਹਨਤੀ ਵਰਕਰਾਂ ਦੀ ਹੌਂਸਲਾ ਅਫ਼ਜ਼ਾਈ ਲਈ ਵਿਸ਼ੇਸ਼ ਪ੍ਰਸ਼ੰਸਾ ਪੱਤਰ ਦੇਣ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਗੁਰਮੀਤ ਸਿੰਘ ਆਰੇ ਵਾਲੇ, ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਮਨਦੀਪ ਸਿੰਘ, ਕੁਲਵਿੰਦਰ ਸਿੰਘ ਹਰੀਏਵਾਲਾ, ਰੇਸ਼ਮ ਸਿੰਘ ਫੌਜੀ, ਬੋਹੜ ਸਿੰਘ ਫਿੱਡੇ, ਵਿੱਕੀ ਸਹੋਤਾ (ਬਲਾਕ ਕੋਆਰਡੀਨੇਟਰ), ਕੁਲਵੰਤ ਸਿੰਘ ਟੀਟੂ, ਜਸਪ੍ਰੀਤ ਕੌਰ ਕਲਿਆਣ, ਸੁਖਵਿੰਦਰ ਸਿੰਘ, ਰਣਜੀਤ ਸਿੰਘ ਅਤੇ ਸਾਰੇ ਬਲਾਕ ਕੋਆਰਡੀਨੇਟਰ ਹਾਜਰ ਸਨ।