ਚਾਈਨਾ ਡੋਰ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 10 ਹਜ਼ਾਰ
ਸਪੀਕਰ ਸੰਧਵਾਂ ਵਲੋਂ ਚਾਈਨਾ ਡੋਰ ਦੀ ਸੂਚਨਾ ਦੇਣ ਵਾਲੇ ਨੂੰ 10 ਹਜਾਰ ਰੁਪਏ ਇਨਾਮ ਦਾ ਐਲਾਨ
Publish Date: Sun, 01 Feb 2026 05:52 PM (IST)
Updated Date: Mon, 02 Feb 2026 04:11 AM (IST)

ਚਾਨਾ ਪੰਜਾਬੀ ਜਾਗਰਣ ਕੋਟਕਪੂਰਾ, :- ਭਾਵੇਂ ਸੀਰ ਸੰਸਥਾ ਅਤੇ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਵਰਗੀਆਂ ਵੱਖ ਵੱਖ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਚਾਈਨਾ ਡੋਰ ਵਰਗੀ ਮੁਸੀਬਤ ਦੇ ਹੱਲ ਲਈ ਯਤਨਸ਼ੀਲ ਹਨ ਪਰ ਫਿਰ ਵੀ ਲੋਕਾਂ ਨੂੰ ਖੁਦ ਜਾਗਰੂਕ ਹੋਣਾ ਪਵੇਗਾ। ਸਥਾਨਕ ਮਿਉਸਪਲ ਪਾਰਕ ਵਿਖੇ ਸਥਿੱਤ ਗੁੱਡ ਮੌਰਨਿੰਗ ਵੈਲਫੇਅਰ ਕਲੱਬ ਦੇ ਮੰਚ ’ਤੇ ਅਚਾਨਕ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ, ਨੈਸ਼ਨਲ ਗਰੀਨ ਟਿ੍ਰਬਿਊਨਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਜਿਲਾ ਪ੍ਰਸ਼ਾਸ਼ਨ ਦੀਆਂ ਸਖਤ ਹਦਾਇਤਾਂ ਦੇ ਬਾਵਜੂਦ ਵੀ ਚਾਈਨਾ ਡੋਰ ਕਾਰਨ ਬਹੁਤ ਸਾਰੇ ਦੁਖਦਾਇਕ ਹਾਦਸੇ ਵਾਪਰ ਰਹੇ ਹਨ। ਉਹਨਾ ਦੱਸਿਆ ਕਿ ਪੰਜਾਬ ਦੇ ਕਈ ਪਿੰਡਾਂ ਸ਼ਹਿਰਾਂ ਅਤੇ ਕਸਬਿਆਂ ਵਿੱਚ ਬੱਚਿਆਂ ਅਤੇ ਮਰਦ-ਔਰਤਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਬੁਰੀ ਤਰਾਂ ਜਖਮੀ ਹੋ ਚੁੱਕੇ ਹਨ। ਜੋ ਹਸਪਤਾਲਾਂ ਵਿੱਚ ਜਿੰਦਗੀ-ਮੌਤ ਦੀ ਲੜਾਈ ਲੜਨ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਚਾਈਨਾ ਡੋਰ ਸਟੋਰ ਕਰਨ, ਵੇਚਣ ਜਾਂ ਖਰੀਦਣ ਵਾਲਿਆਂ ਦੀ ਮੈਨੂੰ ਖੁਦ ਨੂੰ ਜਾਣਕਾਰੀ ਦੇਵੇਗਾ ਤਾਂ ਜਿੱਥੇ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ, ਉੱਥੇ ਉਸਨੂੰ 10 ਹਜਾਰ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ। ਉਹਨਾ ਗੁੱਡ ਮੌਰਨਿੰਗ ਕਲੱਬ ਦੀ ਚਾਈਨਾ ਡੋਰ ਖਿਲਾਫ ਵਿੱਢੀ ਮੁਹਿੰਮ ਦੀ ਪ੍ਰਸੰਸਾ ਕਰਦਿਆਂ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ ਅਤੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਕਾਤਲ ਡੋਰ ਬਾਰੇ ਵਿਦਿਆਰਥੀਆਂ ਸਮੇਤ ਪਤੰਗਬਾਜੀ ਦੇ ਸ਼ੌਕੀਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ।