- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਝਾੜੂ ਨੂੰ ਤੀਲਾ ਕਰਕੇ ਜਤਾਇਆ ਰੋਸ

ਕਾਂਗਰਸੀਆਂ ਨੇ ਝਾੜੂ ਖਿਲਾਰ ਕੇ ਜਤਾਇਆ ਰੋਸ, ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪਟਿਆਲਾ ਵਿਖੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਬੇਰੋਜ਼ਗਾਰ ਲਾਇਨਮੈਨਾਂ ਉੱਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿੱਚ ਜੈਤੋ ਦੇ ਗੋਲ ਚੌਂਕ (ਚੌਂਕ ਨੰਬਰ-1) ਵਿਖੇ ਕਾਂਗਰਸ ਪਾਰਟੀ ਵੱਲੋਂ ਇੱਕ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਮੁਜ਼ਾਹਰੇ ਦੀ ਅਗਵਾਈ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਕੀਤੀ। ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਨੂੰ ਤੀਲਾ ਕਰਕੇ ਆਪਣਾ ਪ੍ਰਤੀਕਾਤਮਕ ਰੋਸ ਪ੍ਰਗਟਾਇਆ ਅਤੇ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਗੁੱਸੇ ਦਾ ਇਜ਼ਹਾਰ ਕੀਤਾ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਭੱਟੀ ਨੇ ਕਿਹਾ ਕਿ ਆਪਣੀਆਂ ਜਾਇਜ਼ ਮੰਗਾਂ ਲਈ ਲੋਕਤੰਤਰਿਕ ਢੰਗ ਨਾਲ ਆਵਾਜ਼ ਬੁਲੰਦ ਕਰ ਰਹੇ ਬੇਰੋਜ਼ਗਾਰ ਲਾਇਨਮੈਨਾਂ ਉੱਤੇ ਪੁਲਿਸ ਵੱਲੋਂ ਲਾਠੀਚਾਰਜ ਕਰਨਾ ਬਹੁਤ ਹੀ ਮੰਦਭਾਗਾ, ਨਿੰਦਣਯੋਗ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਬਲ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਪਹਿਲਾਂ ਹੀ ਬੇਰੁਜ਼ਗਾਰੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਰੁਜ਼ਗਾਰ ਦੀ ਮੰਗ ਕਰਨਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ। ਪਰ ਦੁੱਖ ਦੀ ਗੱਲ ਹੈ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਹੱਲ ਕਰਨ ਦੀ ਬਜਾਏ ਲਾਠੀਆਂ ਨਾਲ ਜਵਾਬ ਦੇ ਰਹੀ ਹੈ। ਪ੍ਰਕਾਸ਼ ਸਿੰਘ ਭੱਟੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਬੇਰੋਜ਼ਗਾਰ ਨੌਜਵਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਕਾਂਗਰਸ ਪਾਰਟੀ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰੇਗੀ ਅਤੇ ਸੂਬਾ ਪੱਧਰ ’ਤੇ ਵੱਡੇ ਅੰਦੋਲਨ ਸ਼ੁਰੂ ਕੀਤੇ ਜਾਣਗੇ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਅਸਫ਼ਲ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਬਜਾਏ ਉਨ੍ਹਾਂ ਉੱਤੇ ਜ਼ੁਲਮ ਕਰਨਾ ਸਰਕਾਰ ਦੀ ਨਾਕਾਮੀ ਅਤੇ ਨੀਤੀਹੀਣਤਾ ਦਾ ਪ੍ਰਮਾਣ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਨੌਜਵਾਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰੇ। ਇਸ ਮੌਕੇ ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ ਮਿਹਰ ਸਿੰਘ ਕਰੀਰਵਾਲੀ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਬਾਬਾ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਮਨਬੀਰ ਸਿੰਘ ‘ਬੱਬੂ ਬਰਾੜ’ ਮੱਤਾ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਆਪਣੀ ਤਾਕਤ ਬੇਰੁਜ਼ਗਾਰ ਅਤੇ ਹੱਕ ਮੰਗ ਰਹੇ ਨੌਜਵਾਨਾਂ ਉੱਤੇ ਵਰਤਣ ਦੀ ਬਜਾਏ ਸਮਾਜ ਵਿਰੋਧੀ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਕਾਰਵਾਈ ਕਰਨ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਲੋਕਾਂ ਦੀ ਆਵਾਜ਼ ਨੂੰ ਦਬਾਉਣ ਵਾਲੀਆਂ ਨੀਤੀਆਂ ਕਿਸੇ ਵੀ ਲੋਕਤੰਤਰ ਲਈ ਘਾਤਕ ਸਾਬਤ ਹੁੰਦੀਆਂ ਹਨ। ਅਜਿਹੀਆਂ ਕਾਰਵਾਈਆਂ ਨਾਲ ਲੋਕਾਂ ਦਾ ਸਰਕਾਰ ’ਤੇ ਵਿਸ਼ਵਾਸ ਘਟਦਾ ਹੈ ਅਤੇ ਸਮਾਜ ਵਿੱਚ ਬੇਚੈਨੀ ਦਾ ਮਾਹੌਲ ਪੈਦਾ ਹੁੰਦਾ ਹੈ। ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਰੋਜ਼ਗਾਰ ਲਾਇਨਮੈਨਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ, ਲਾਠੀਚਾਰਜ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਨੌਜਵਾਨਾਂ ਦੇ ਹੱਕਾਂ ਅਤੇ ਹਿੱਤਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਰੀਦਕੋਟ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ‘ਸ਼ੰਮ੍ਹੀ ਰੰਧਾਵਾ’ ਭਗਤੂਆਣਾ, ਜ਼ਿਲ੍ਹਾ ਜਨਰਲ ਸਕੱਤਰ ਵਿਨੀਤ ਕੁਮਾਰ ‘ਆਸ਼ੂ ਮਿੱਤਲ’, ਜ਼ਿਲ੍ਹਾ ਸਕੱਤਰ ਸੁਖਪਾਲ ਸਿੰਘ ‘ਪਾਲੀ ਬਰਾੜ’ ਕੋਠੇ ਕਿਹਰ ਸਿੰਘ ਵਾਲੇ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਵਾਈਸ ਚੇਅਰਮੈਨ ਜਗਦੀਸ਼ ਰਾਏ ਗਰਗ ਘਣੀਆਂ, ਨਗਰ ਕੌਂਸਲਰ ਦਿਲਬਾਗ ਸ਼ਰਮਾ ‘ਬਾਗੀ’, ਸਾਬਕਾ ਨਗਰ ਕੌਂਸਲਰ ਵਿਕਾਸ ਸਿੰਗਲਾ ‘ਘੰਟੀ ਡੋਡ’, ਸਾਬਕਾ ਨਗਰ ਕੌਂਸਲਰ ਗਰੀਬ ਦਾਸ, ਸਾਬਕਾ ਸਰਪੰਚ ਭਗਵੰਤ ਸਿੰਘ ਬਰਾੜ ਚੈਨਾ, ਸੀਨੀਅਰ ਕਾਂਗਰਸੀ ਆਗੂ ਸੁਖਜੀਤ ਸਿੰਘ ਕੈਰੋਂ, ਹਰਪਿੰਦਰ ਸਿੰਘ ‘ਹਨੀ ਭੱਟੀ’, ਡਾ. ਹਰਭਜਨ ਸਿੰਘ ਸੇਵੇਵਾਲਾ, ਸੁਨੀਲ ਗਰਗ ਜੈਤੋ, ਅਵਤਾਰ ਸਿੰਘ ਬਰਾੜ ਚੈਨਾ, ਲੱਕੀ ਡੋਡ ਜੈਤੋ, ਸੰਜੀਵ ਸਿੰਗਲਾ ‘ਬਬਲਾ ਦੁਲਾਰੀਆ’, ਜਗਸੀਰ ਸਿੰਘ ਸ਼ਰਮਾ ਰੱਤੀ, ਨਰਿੰਦਰ ਕੁਮਾਰ ‘ਨਿੰਦੀ ਸ਼ਰਮਾ’, ਲਾਭ ਸਿੰਘ ਸੈਕਟਰੀ ਅਜਿੱਤਗਿੱਲ, ਕਾਲਾ ਸਿੰਘ ਬਿਸ਼ਨੰਦੀ ਆਦਿ ਨੇ ਨੌਜਵਾਨਾਂ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕਰਦਿਆਂ ਸਰਕਾਰ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਅਤੇ ਬੇਰੁਜ਼ਗਾਰੀ ਦੇ ਮਸਲੇ ਦਾ ਤੁਰੰਤ ਹੱਲ ਕਰਨ ਦੀ ਅਪੀਲ ਕੀਤੀ।