ਮਹੇਸ਼ ਕੁਮਾਰ ਅਗਰਵਾਲ ਦੇ ਡੀਜੀਪੀ ਬਣਨ ’ਤੇ ਕੀਤਾ ਖੁਸ਼ੀ ਦਾ ਪ੍ਰਗਟਾਵਾ
ਮਹੇਸ਼ ਕੁਮਾਰ ਅਗਰਵਾਲ ਦੇ ਡੀਜੀਪੀ ਬਣਨ ’ਤੇ ਸ਼੍ਰੀ ਅਗਰਵਾਲ ਸਭਾ ਜੈਤੋ ਵੱਲੋਂ ਖੁਸ਼ੀ ਦਾ ਇਜ਼ਹਾਰ
Publish Date: Thu, 11 Jun 2026 03:52 PM (IST)
Updated Date: Fri, 12 Jun 2026 04:03 AM (IST)

ਸ਼੍ਰੀ ਅਗਰਵਾਲ ਸਭਾ ਜੈਤੋ ਨੇ ਮਠਿਆਈ ਵੰਡ ਕੇ ਨਿਯੁਕਤੀ ਦਾ ਕੀਤਾ ਸਵਾਗਤ ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪੰਜਾਬੀ ਅਗਰਵਾਲ ਭਾਈਚਾਰੇ ਦੀ ਸ਼ਾਨ ਅਤੇ 1994 ਬੈਚ ਦੇ ਸੀਨੀਅਰ ਆਈਪੀਐਸ ਅਧਿਕਾਰੀ ਮਹੇਸ਼ ਕੁਮਾਰ ਅਗਰਵਾਲ ਦੀ ਤਾਮਿਲਨਾਡੂ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਵਜੋਂ ਨਿਯੁਕਤੀ ਹੋਣ ਦੀ ਖੁਸ਼ੀ ਵਿੱਚ ਸ਼੍ਰੀ ਅਗਰਵਾਲ ਸਭਾ ਜੈਤੋ ਵੱਲੋਂ ਸ਼੍ਰੀ ਪੰਚਾਇਤੀ ਗਊਸ਼ਾਲਾ ਦੇ ਬਾਹਰ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਮੁਕੇਸ਼ ਗੋਇਲ ਦੀ ਅਗਵਾਈ ਹੇਠ ਭਾਈਚਾਰੇ ਦੇ ਮੈਂਬਰਾਂ ਨੇ ਇੱਕ-ਦੂਜੇ ਨੂੰ ਵਧਾਈ ਦਿੱਤੀ ਅਤੇ ਇਸ ਨਿਯੁਕਤੀ ਨੂੰ ਸਮੁੱਚੇ ਪੰਜਾਬੀ ਅਗਰਵਾਲ ਸਮਾਜ ਲਈ ਮਾਣ ਵਾਲੀ ਉਪਲਬਧੀ ਕਰਾਰ ਦਿੱਤਾ। ਇਸ ਮੌਕੇ ਸਭਾ ਦੇ ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ ਨੇ ਮਹੇਸ਼ ਕੁਮਾਰ ਅਗਰਵਾਲ ਦੇ ਜੀਵਨ ਅਤੇ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਜਨਮ ਬਠਿੰਡਾ ਵਿੱਚ ਹੋਇਆ ਅਤੇ ਉਹ ਉਥੇ ਹੀ ਪਲੇ-ਬੜ੍ਹੇ। ਉਨ੍ਹਾਂ ਨੇ 1994 ਵਿੱਚ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਭਾਰਤੀ ਪੁਲਿਸ ਸੇਵਾ (ਆਈਪੀਐਸ) ਵਿੱਚ ਪ੍ਰਵੇਸ਼ ਕੀਤਾ ਅਤੇ ਤਾਮਿਲਨਾਡੂ ਕੇਡਰ ਪ੍ਰਾਪਤ ਕੀਤਾ। ਉਨ੍ਹਾਂ ਦੇ ਪਿਤਾ ਸਵਰਗੀ ਪ੍ਰਕਾਸ਼ ਚੰਦ ਅਗਰਵਾਲ ਪੰਜਾਬ ਦੇ ਪ੍ਰਸਿੱਧ ਵਕੀਲ ਰਹੇ ਹਨ, ਜਦਕਿ ਉਨ੍ਹਾਂ ਦੀ ਮਾਤਾ ਦੇਵਕੀ ਦੇਵੀ ਹਨ। ਉਨ੍ਹਾਂ ਦੱਸਿਆ ਕਿ ਮਹੇਸ਼ ਕੁਮਾਰ ਅਗਰਵਾਲ ਦਾ ਪਰਿਵਾਰ ਵੀ ਨਿਆਂ ਅਤੇ ਪ੍ਰਸ਼ਾਸਨਿਕ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਰੱਖਦਾ ਹੈ। ਉਨ੍ਹਾਂ ਦੇ ਵੱਡੇ ਭਰਾ ਜਸਟਿਸ ਵੀਰੇਂਦਰ ਅਗਰਵਾਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ, ਜਦਕਿ ਦੂਜੇ ਭਰਾ ਰਾਜਿੰਦਰ ਅਗਰਵਾਲ ਸੈਸ਼ਨ ਜੱਜ ਵਜੋਂ ਸੇਵਾ ਨਿਭਾ ਰਹੇ ਹਨ। ਰਾਜੀਵ ਗੋਇਲ ਬਿੱਟੂ ਬਾਦਲ ਨੇ ਕਿਹਾ ਕਿ ਮਹੇਸ਼ ਕੁਮਾਰ ਅਗਰਵਾਲ ਨੇ ਐਮਐਚਆਰ ਸੀਨੀਅਰ ਸੈਕੰਡਰੀ ਸਕੂਲ, ਐਮਐਸਡੀ ਸਕੂਲ ਅਤੇ ਰਾਜਿੰਦਰਾ ਕਾਲਜ ਬਠਿੰਡਾ ਤੋਂ ਸਿੱਖਿਆ ਪ੍ਰਾਪਤ ਕੀਤੀ। ਤਾਮਿਲਨਾਡੂ ਕੇਡਰ ਵਿੱਚ ਉਨ੍ਹਾਂ ਦੀ ਪਹਿਲੀ ਨਿਯੁਕਤੀ ਏਐਸਪੀ ਵਜੋਂ ਹੋਈ, ਜਦੋਂ ਉਹ ਸਿਰਫ਼ 22 ਸਾਲ ਦੇ ਸਨ। ਆਪਣੇ ਲੰਮੇ ਅਤੇ ਸ਼ਾਨਦਾਰ ਕਰੀਅਰ ਦੌਰਾਨ ਉਨ੍ਹਾਂ ਨੇ ਤੂਤੀਕੋਰਿਨ ਦੇ ਐਸਐਸਪੀ, ਚੇਨਈ ਵਿੱਚ ਡੀਸੀਪੀ ਲਾਅ ਐਂਡ ਆਰਡਰ ਅਤੇ ਕ੍ਰਾਈਮ ਸਮੇਤ ਕਈ ਮਹੱਤਵਪੂਰਨ ਅਹੁਦਿਆਂ ’ਤੇ ਸੇਵਾ ਨਿਭਾਈ। ਉਨ੍ਹਾਂ ਕਿਹਾ ਕਿ ਮਹੇਸ਼ ਕੁਮਾਰ ਅਗਰਵਾਲ ਨੇ ਚੇਨਈ ਵਿੱਚ ਸੀਸੀਟੀਵੀ ਨਿਗਰਾਨੀ ਨੈੱਟਵਰਕ ਦੇ ਵਿਸਥਾਰ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਸ਼ਹਿਰ ਵਿੱਚ ਅਪਰਾਧਾਂ ਦੀ ਰੋਕਥਾਮ ਅਤੇ ਪਤਾ ਲਗਾਉਣ ਦੀ ਸਮਰੱਥਾ ਵਿੱਚ ਵੱਡਾ ਵਾਧਾ ਹੋਇਆ। ਉਨ੍ਹਾਂ ਵੱਲੋਂ ਸ਼ੁਰੂ ਕੀਤੀ ਗਈ ‘ਨਾਈਟ ਕ੍ਰਾਈਮ ਟੂ ਜ਼ੀਰੋ’ ਪਹਿਲਕਦਮੀ ਵੀ ਕਾਫ਼ੀ ਸਫ਼ਲ ਰਹੀ, ਜਿਸ ਦਾ ਮਕਸਦ ਰਾਤ ਸਮੇਂ ਹੋਣ ਵਾਲੇ ਅਪਰਾਧਾਂ ਵਿੱਚ ਕਮੀ ਲਿਆਉਣਾ ਸੀ। ਮਹੇਸ਼ ਕੁਮਾਰ ਅਗਰਵਾਲ ਨੇ ਕਈ ਹਾਈ-ਪ੍ਰੋਫਾਈਲ ਮਾਮਲਿਆਂ ਦੀ ਜਾਂਚ ਅਤੇ ਨਿਗਰਾਨੀ ਕੀਤੀ, ਜਿਨ੍ਹਾਂ ਵਿੱਚ ਪ੍ਰਸਿੱਧ ਸਲੇਮ ਟਰੇਨ ਡਕੈਤੀ ਕੇਸ ਵੀ ਸ਼ਾਮਲ ਹੈ। ਉਨ੍ਹਾਂ ਦੀਆਂ ਬੇਮਿਸਾਲ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਤਾਮਿਲਨਾਡੂ ਸਰਕਾਰ ਵੱਲੋਂ ‘ਐਕਸੀਲੈਂਸ ਇਨ ਸਰਵਿਸ’ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਕੇਂਦਰੀ ਡੈਪੂਟੇਸ਼ਨ ਦੌਰਾਨ ਸੀਮਾ ਸੁਰੱਖਿਆ ਬਲ (ਬੀਐਸਐਫ) ਵਿੱਚ ਵਿਸ਼ੇਸ਼ ਡਾਇਰੈਕਟਰ ਜਨਰਲ ਵਜੋਂ ਵੀ ਸੇਵਾ ਨਿਭਾ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਚੰਡੀਗੜ੍ਹ ਸਥਿਤ ਸੀਬੀਆਈ ਦਫ਼ਤਰ ਵਿੱਚ ਡੀਆਈਜੀ ਵਜੋਂ ਸੱਤ ਸਾਲ ਤੱਕ ਸੇਵਾ ਕਰਦੇ ਰਹੇ, ਜਿੱਥੇ ਉਨ੍ਹਾਂ ਕੋਲ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ਦਾ ਚਾਰਜ ਸੀ। ਸਭਾ ਦੇ ਆਗੂਆਂ ਨੇ ਕਿਹਾ ਕਿ ਤਾਮਿਲਨਾਡੂ ਦੇ ਡੀਜੀਪੀ ਵਜੋਂ ਉਨ੍ਹਾਂ ਦੀ ਨਿਯੁਕਤੀ ਨਾ ਸਿਰਫ਼ ਅਗਰਵਾਲ ਭਾਈਚਾਰੇ ਲਈ, ਸਗੋਂ ਪੰਜਾਬ ਲਈ ਵੀ ਮਾਣ ਦੀ ਗੱਲ ਹੈ। ਉਨ੍ਹਾਂ ਦਾ ਵਿਸ਼ਾਲ ਤਜਰਬਾ ਅਤੇ ਤਕਨਾਲੋਜੀ ਆਧਾਰਿਤ ਪੁਲਿਸਿੰਗ ਪ੍ਰਤੀ ਦ੍ਰਿਸ਼ਟੀਕੋਣ ਰਾਜ ਵਿੱਚ ਕਾਨੂੰਨ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗਾ। ਇਸ ਮੌਕੇ ਸ਼੍ਰੀ ਅਗਰਵਾਲ ਸਭਾ ਦੇ ਚੇਅਰਮੈਨ ਤੀਰਥ ਰਾਜ ਗਰਗ, ਪ੍ਰਧਾਨ ਮੁਕੇਸ਼ ਗੋਇਲ, ਕਾਰਜਕਾਰੀ ਪ੍ਰਧਾਨ ਰਾਜੀਵ ਗੋਇਲ ਬਿੱਟੂ ਬਾਦਲ, ਆਲ ਪ੍ਰੋਜੈਕਟ ਚੇਅਰਮੈਨ ਨਰੇਸ਼ ਮਿੱਤਲ, ਖ਼ਜ਼ਾਨਚੀ ਪ੍ਰਵੀਨ ਜੈਨ, ਵਾਈਸ ਚੇਅਰਮੈਨ ਸੁਰਿੰਦਰ ਗਰਗ, ਸਹਿ ਸਕੱਤਰ ਰਮੇਸ਼ ਬਾਂਸਲ, ਮੀਤ ਪ੍ਰਧਾਨ ਕ੍ਰਿਸ਼ਨ ਗੋਇਲ, ਸੁਖਦਰਸ਼ਨ ਬਰਗਾੜੀ, ਸੁਰਿੰਦਰ ਅਪੱਲ, ਓਮ ਭੂਸ਼ਨ (ਮਾਲਕ ਭੂਸ਼ਨ ਸਟੂਡੀਓ ਜੈਤੋ), ਕਸ਼ਮੀਰ ਲਾਲ ਗਰਗ, ਰਾਜੀਵ ਸਿੰਗਲਾ, ਸਤੀਸ਼ ਬਰਗਾੜੀ ਅਤੇ ਹੋਰ ਪਤਵੰਤੇ ਹਾਜ਼ਰ ਸਨ।