ਸਾਡੀ ਧਰਤੀ ਸਾਡਾ ਭਵਿੱਖ ਵਿਸ਼ੇ ਤੇ ਸੈਮੀਨਾਰ ਕਰਵਾਇਆ
“ਸਾਡੀ ਧਰਤੀ ਸਾਡਾ ਭਵਿੱਖ” ਵਿਸ਼ੇ ਤੇ ਸੈਮੀਨਾਰ ਆਯੋਜਿਤ
Publish Date: Fri, 05 Jun 2026 04:33 PM (IST)
Updated Date: Sat, 06 Jun 2026 04:03 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਸਿਵਲ ਸਰਜਨ ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਪੁਨੀਤ ਕਾਜਲ ਦੀ ਯੋਗ ਅਗਵਾਈ ਹੇਠ ਮਾਸ ਮੀਡੀਆ ਬਰਾਂਚ ਵੱਲੋਂ ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਿਭਾਗ ਵਿਖੇ ਨਰਸਿੰਗ ਵਿਦਿਆਰਥੀਆਂ ਦੇ ਸਹਿਯੋਗ ਨਾਲ ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ “ਸਾਡੀ ਧਰਤੀ ਸਾਡਾ ਭਵਿੱਖ” ਵਿਸ਼ੇ ਤੇ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਲਖਵਿੰਦਰ ਸਿੰਘ ਕੈਂਥ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਮਰੀਜਾਂ,ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹਸਪਤਾਲ ਵਿਖੇ ਸਿਖਲਾਈ ਲਈ ਆਏ ਨਰਸਿੰਗ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਰੁੱਖ,ਸੌ ਸੁੱਖ ਦੀ ਕਹਾਵਤ ਵਾਤਾਵਰਣ ਨੂੰ ਬਚਾਉਣ ਲਈ ਪੂਰੀ ਢੁੱਕਦੀ ਹੈ ਉਨ੍ਹਾਂ ਦੱਸਿਆ ਕਿ ਦੁਨੀਆ ਭਰ ਦੇ ਵਿੱਚ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਵੱਜੋਂ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਹਰ ਇਕ ਨਾਗਰਿਕ ਨੂੰ ਸਾਫ ਸੁਥਰੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਹੈ। ਉਨਾਂ ਕਿਹਾ ਕਿ ਵਿਅਕਤੀ ਦੀ ਚੰਗੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਲਈ ਸਾਫ-ਸੁਥਰਾ ਵਾਤਾਵਰਨ ਹੋਣਾ ਬਹੁਤ ਲਾਜ਼ਮੀ ਹੈ ਅਤੇ ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਵਾਤਾਵਰਨ ਦੀ ਸਾਫ ਸਫਾਈ ਪ੍ਰਤੀ ਵੱਚਨਬੱਧ ਰਹੀਏ ਅੱਜ ਸਾਨੂੰ ਸਾਫ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਲਈ ਵੱਧ ਤੋ ਵੱਧ ਰੁੱਖ ਲਗਾਉਣ ਦੀ ਲੋੜ ਹੈ ਸਾਨੂੰ ਆਪਣੇ ਆਲੇ-ਦੁਆਲੇ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਛਾਂ ਦਾਰ, ਫਲਾਂ ਅਤੇ ਫੁੱਲਾਂ ਵਾਲੇ ਪੌਦੇ ਲਗਾਏ ਜਾਣ ਤਾਂ ਜੋ ਵਾਤਾਵਰਣ ਬਚਾਇਆ ਜਾ ਸਕੇ। ਨਰਸਿੰਗ ਵਿਦਿਅਰਥੀਆਂ ਨੇ ਅਪੀਲ ਕੀਤੀ ਕਿ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਨਾ ਲਗਾਈ ਜਾਵੇ ਇਸ ਨਾਲ ਜਿੱਥੇ ਵਾਤਾਵਰਣ ਪ੍ਰਦੁਸ਼ਿਤ ਹੁੰਦਾ ਹੈ ਉੱਥੇ ਧਰਤੀ ਦੀ ਸਿਹਤ ਵੀ ਖਰਾਬ ਹੁੰਦੀ ਹੈ ਅਨੇਕਾਂ ਤਰਾਂ ਦੇ ਜੀਵ ਜੰਤੂ ਅਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਇਸ ਤੋਂ ਇਲਾਵਾ ਬਰਸਾਤੀ ਮੌਸਮ ਵਿੱਚ ਨਾਲੀਆਂ ਅਤੇ ਸੀਵਰੇਜ ਸਿਸਟਮ ਪਲਾਸਟਿਕ ਦੇ ਲਿਫਾਫਿਆਂ ਕਰਕੇ ਬੁਰੀ ਤਰ੍ਹਾਂ ਬੰਦ ਹੋ ਜਾਂਦਾ ਹੈ, ਜਿਸਦਾ ਖਮਿਆਜਾ ਆਮ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਵੜ ਕੇ ਭੁਗਤਣਾ ਪੈਂਦਾ ਹੈ। ਉਨ੍ਹਾ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕਰਦਿਆਂ ਪਾਣੀ ਦੀ ਸੰਭਾਲ ਕਰਨ, ਕੈਮੀਕਲ ਅਤੇ ਗੰਦੇ ਪਾਣੀ ਨੂੰ ਦਰਿਆਵਾਂ-ਨਹਿਰਾਂ ’ਚ ਪੈਣ ਤੋਂ ਰੋਕਣ, ਗੰਦਗੀ ਖੁੱਲੇਆਮ ਨਾ ਫੈਲਾਉਣ, ਸ਼ੌਚਾਲਿਆ ਦੀ ਵਰਤੋਂ ਕਰਨ ਅਤੇ ਪਲਾਸਟਿਕ, ਕੱਚ, ਈ-ਵੇਸਟ ਲਈ ਅਲੱਗ ਤੌਰ ’ਤੇ ਕੂੜੇ ਦਾਨ ਲਗਾਉਣ ਬਾਰੇ ਅਪੀਲ਼ ਕੀਤੀ ਗਈ। ਇਸ ਮੌਕੇ ਕੌਂਸਲਰ ਲਵਲੀ ਚਾਵਲਾ, ਕੰਪਿਊਟਰ ਅਪਰੇਟਰ ਸੰਦੀਪ ਕੌਰ ਅਤੇ ਆਸ਼ਾਂ ਵਰਕਰਾਂ ਹਾਜਰ ਸਨ।