- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਿੰਨੀ ਸਕੱਤਰੇਤ ਵਿੱਚ ਲੋਕਾਂ ਦੇ ਨਾਲ–ਨਾਲ ਵੱਖ-ਵੱਖ ਵਿਭਾਗਾਂ ਦੇ ਮਹੱਤਵਪੂਰਨ ਰਿਕਾਰਡਾਂ ਦੀ ਸੁਰੱਖਿਆ ਵੀ ਦਾਅ ’ਤੇ

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ, ਫਰੀਦਕੋਟ : ਸਥਾਨਕ ਮਿੰਨੀ ਸਕੱਤਰੇਤ ਵਿੱਚ ਜ਼ਿਲ੍ਹੇ ਦੇ ਸਾਰੇ ਉੱਚ ਅਧਿਕਾਰੀਆਂ ਦੇ ਦਫ਼ਤਰ ਹੋਣ ਦੇ ਬਾਵਜੂਦ ਇੱਥੇ ਅੱਗ ਬੁਝਾਉਣ ਵਾਲੇ ਯੰਤਰ ਨਹੀਂ ਲਗਾਏ ਗਏ। ਇਸ ਕਾਰਨ ਨਾ ਸਿਰਫ਼ ਲੋਕਾਂ ਦੀ, ਸਗੋਂ ਵੱਖ-ਵੱਖ ਵਿਭਾਗਾਂ ਦੇ ਮਹੱਤਵਪੂਰਨ ਰਿਕਾਰਡਾਂ ਦੀ ਸੁਰੱਖਿਆ ਵੀ ਦਾਅ ’ਤੇ ਲੱਗੀ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਆਮ ਲੋਕਾਂ ਅਤੇ ਸੰਸਥਾਵਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਣ ਵਾਲੇ ਅਧਿਕਾਰੀ ਹੀ ਇੱਥੇ ਅੱਗ ਬੁਝਾਉ ਯੰਤਰ ਨਾ ਲਗਵਾ ਕੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਸਥਾਨਕ ਮਿੰਨੀ ਸਕੱਤਰੇਤ ਦੀ ਤਿੰਨ ਮੰਜ਼ਿਲਾ ਇਮਾਰਤ ਵਿੱਚ ਡੀਸੀ, ਏਡੀਸੀ, ਐਸਡੀਐਮ, ਐਕਸਾਈਜ਼ ਕਮਿਸ਼ਨਰ, ਰੇਵਨਿਊ ਡਿਪਾਰਟਮੈਂਟ, ਰੇਵਨਿਊ ਰਿਕਾਰਡ ਰੂਮ, ਡੀਈਓ ਦਫ਼ਤਰ, ਡਿਪਟੀ ਡੀਈਓ ਦਫ਼ਤਰ ਸਮੇਤ ਵੱਖ-ਵੱਖ 52 ਵਿਭਾਗਾਂ ਦੇ ਦਫ਼ਤਰ ਸਥਿਤ ਹਨ। ਇਸ ਤੋਂ ਇਲਾਵਾ ਐੱਸਐੱਸਪੀ, ਐੱਸਪੀ, ਡੀਐੱਸਪੀ ਸਮੇਤ ਕਈ ਪੁਲਿਸ ਅਧਿਕਾਰੀਆਂ ਦੇ ਦਫ਼ਤਰ ਵੀ ਇੱਥੇ ਮੌਜੂਦ ਹਨ। ਇੱਥੇ ਵਿਭਾਗਾਂ ਦੇ ਵੱਡੇ ਅਧਿਕਾਰੀਆਂ ਸਮੇਤ ਹਜ਼ਾਰਾਂ ਕਰਮਚਾਰੀ ਕੰਮ ਕਰਦੇ ਹਨ ਅਤੇ ਹਰ ਰੋਜ਼ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਲੋਕ ਆਪਣੇ ਕੰਮਕਾਜ ਲਈ ਇੱਥੇ ਪਹੁੰਚਦੇ ਹਨ। ਇੱਥੇ ਸਥਿਤ ਵੱਖ-ਵੱਖ ਦਫ਼ਤਰਾਂ ਵਿੱਚ ਪੂਰੇ ਜ਼ਿਲ੍ਹੇ ਦੇ ਅਹਿਮ ਸਰਕਾਰੀ ਦਸਤਾਵੇਜ਼ ਵੀ ਰੱਖੇ ਹੋਏ ਹਨ।ਪਰ ਪੂਰੇ ਮਿੰਨੀ ਸਕੱਤਰੇਤ ਵਿੱਚ ਕਿਤੇ ਵੀ ਅੱਗ ਬੁਝਾਉਣ ਵਾਲਾ ਯੰਤਰ ਲਟਕਿਆ ਹੋਇਆ ਨਜ਼ਰ ਨਹੀਂ ਆਉਂਦਾ। ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਜਿਨ੍ਹਾਂ ਅਧਿਕਾਰੀਆਂ ਦੇ ਮੋਢਿਆਂ ’ਤੇ ਪੂਰੇ ਜ਼ਿਲ੍ਹੇ ਦੀ ਸੁਰੱਖਿਆ ਅਤੇ ਪ੍ਰਬੰਧਨ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ਦੇ ਆਪਣੇ ਹੀ ਦਫ਼ਤਰਾਂ ਵਿੱਚ ਫਾਇਰ ਐਕਸਟਿੰਗੁਸ਼ਰ ਵਰਗੀ ਅਹਿਮ ਚੀਜ਼ ਮੌਜੂਦ ਨਹੀਂ। ਅਜਿਹੀ ਸਥਿਤੀ ਵਿੱਚ ਜੇਕਰ ਅੱਗ ਲੱਗਣ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਪ੍ਰਾਰੰਭਕ ਤੌਰ ’ਤੇ ਅੱਗ ਬੁਝਾਉਣ ਲਈ ਪੂਰੇ ਮਿੰਨੀ ਸਕੱਤਰੇਤ ਵਿੱਚ ਸਿਰਫ਼ ਚਾਰ ਬਾਲਟੀਆਂ ਰੇਤ ਤੋਂ ਇਲਾਵਾ ਕੁਝ ਵੀ ਉਪਲਬਧ ਨਹੀਂ। ਜਿਸ ਕਾਰਨ ਅੱਗ ਨੂੰ ਕਾਬੂ ਵਿੱਚ ਰੱਖਣਾ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਣ ਤੱਕ ਅੱਗ ਨੂੰ ਫੈਲਣ ਤੋਂ ਰੋਕਣਾ ਲਗਭਗ ਅਸੰਭਵ ਹੈ। ਇਸ ਤੋਂ ਇਲਾਵਾ ਮਿੰਨੀ ਸਕੱਤਰੇਤ ਦੀ ਬੇਸਮੈਂਟ ਵਿੱਚ ਬੈਠੇ ਵਸੀਕਾ ਨਵੀਸ, ਅਸਟਾਮ ਫ਼ਰੋਸ਼, ਟਾਈਪਿਸਟ ਆਦਿ ਦੇ ਇਲਾਕੇ ਦੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ। ਇੱਥੇ ਦਿਨ ਭਰ ਵੱਡੀ ਗਿਣਤੀ ਵਿੱਚ ਭੀੜ ਰਹਿੰਦੀ ਹੈ ਅਤੇ ਕੰਮ ਵੀ ਜ਼ਿਆਦਾਤਰ ਕਾਗਜ਼ਾਂ ਨਾਲ ਸੰਬੰਧਿਤ ਹੁੰਦਾ ਹੈ, ਪਰ ਅੱਗ ਬੁਝਾਉਣ ਲਈ ਇੱਥੇ ਵੀ ਕੋਈ ਪ੍ਰਬੰਧ ਨਹੀਂ। ਅਜਿਹੇ ਵਿੱਚ ਜੇਕਰ ਅੱਗ ਲੱਗਣ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਉਸ ’ਤੇ ਕਾਬੂ ਪਾਉਣ ਲਈ ਕੋਈ ਵੀ ਯੰਤਰ ਉਪਲਬਧ ਨਹੀਂ। ਗੌਰਤਲਬ ਹੈ ਕਿ ਨਿਯਮਾਂ ਅਨੁਸਾਰ ਇਮਾਰਤ ਸਰਕਾਰੀ ਹੋਵੇ ਜਾਂ ਨਿੱਜੀ, ਹਰ ਥਾਂ ਅੱਗ ਬੁਝਾਉ ਯੰਤਰ ਲਗੇ ਹੋਣ ਲਾਜ਼ਮੀ ਹਨ। ਨਿਯਮਾਂ ਮੁਤਾਬਕ ਮਿਨੀ ਸਕੱਤਰਾਲੇ ਵਿੱਚ ਫਾਇਰ ਹਾਈਡ੍ਰੈਂਟ ਸਿਸਟਮ, ਅਲਾਰਮ ਸਿਸਟਮ, ਫਾਇਰ ਐਕਸਟਿੰਗੁਸ਼ਰ ਅਤੇ ਇਵੈਕੂਏਸ਼ਨ ਮਾਰਕਿੰਗ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹਰ ਸਰਕਾਰੀ ਜਾਂ ਨਿੱਜੀ ਇਮਾਰਤ ਲਈ ਹਰ ਸਾਲ ਫਾਇਰ ਬ੍ਰਿਗੇਡ ਵਿਭਾਗ ਤੋਂ ਐਨਓਸੀ ਲੈਣਾ ਵੀ ਲਾਜ਼ਮੀ ਹੈ। ਪਰ ਜਦੋਂ ਸਥਾਨਕ ਮਿੰਨੀ ਸਕੱਤਰੇਤ ਵਿੱਚ ਇਹ ਪ੍ਰਬੰਧ ਹੀ ਮੌਜੂਦ ਨਹੀਂ ਹਨ ਤਾਂ ਐਨਓਸੀ ਲੈਣ ਦੀ ਗੱਲ ਹੀ ਬੇਮਾਨੀ ਹੋ ਜਾਂਦੀ ਹੈ। ਦੂਜੇ ਪਾਸੇ ਮਿੰਨੀ ਸਕੱਤਰੇਤ ਵਿੱਚ ਵੱਖ-ਵੱਖ ਵਿਭਾਗਾਂ ਦੇ ਵੱਡੇ ਅਧਿਕਾਰੀ ਬੈਠਦੇ ਹਨ, ਜਿਨ੍ਹਾਂ ਦੀ ਡਿਊਟੀ ਹੀ ਸਰਕਾਰੀ ਨਿਯਮਾਂ ਦੀ ਪਾਲਣਾ ਕਰਵਾਉਣੀ ਹੁੰਦੀ ਹੈ, ਪਰ ਉਹ ਖੁਦ ਹੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।ਇਸ ਸਬੰਧ ਵਿੱਚ ਜਦੋਂ ਡੀਸੀ ਪੂਨਮਦੀਪ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਨੁਸਾਰ ਮਿੰਨੀ ਸਕੱਤਰੇਤ ਵਿੱਚ ਸਾਰੇ ਪ੍ਰਬੰਧ ਮੌਜੂਦ ਹਨ, ਪਰ ਜੇਕਰ ਫਿਰ ਵੀ ਨਹੀਂ ਹਨ ਤਾਂ ਉਹ ਇਸ ਦੀ ਜਾਂਚ ਕਰਵਾਉਣਗੀ।