ਇੰਡਕ ਆਰਟਸ ਵੈੱਲਫੇਅਰ ਕੌਂਸਲ ਦਾ ਸਮਾਗਮ 1 ਮਈ ਨੂੰ
ਮਜ਼ਦੂਰ ਦਿਵਸ ਨੂੰ ਸਮਰਪਿਤ ਇੰਡਕ ਆਰਟਸ ਵੈਲਫੇਅਰ ਕੌਂਸਲ ਦਾ ਦੂਜਾ ਸਾਹਿਤਕ ਤੇ ਸੱਭਿਆਚਾਰਕ ਸਮਾਗਮ 1 ਮਈ ਨੂੰ : ਪ੍ਰੋ. ਭੋਲਾ ਯਮਲਾ
Publish Date: Sun, 19 Apr 2026 04:04 PM (IST)
Updated Date: Mon, 20 Apr 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਕਲਾ, ਸਾਹਿਤ ਅਤੇ ਸੱਭਿਆਚਾਰ ਦੇ ਪ੍ਰਚਾਰ-ਪ੍ਰਸਾਰ ਲਈ ਵਚਨਬੱਧ ਦੇਸ਼ ਦੀ ਪ੍ਰਮੁੱਖ ਸੰਸਥਾ ਇੰਡਕ ਆਰਟਸ ਵੈਲਫੇਅਰ ਕੌਂਸਲ ਵੱਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਇੱਕ ਵਿਸ਼ਾਲ ਸਾਹਿਤਕ ਤੇ ਸੱਭਿਆਚਾਰਕ ਸਮਾਗਮ 1 ਮਈ, ਦਿਨ ਸ਼ੁੱਕਰਵਾਰ ਨੂੰ ਬਾਬਾ ਸੋਨੀ ਆਸ਼ਰਮ, ਨੇੜੇ ਸਿਵਲ ਹਸਪਤਾਲ ਵਿਖੇ ਸਵੇਰੇ 9:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਸੰਸਥਾ ਦੇ ਬਾਨੀ ਚੇਅਰਮੈਨ ਪ੍ਰੋਫੈਸਰ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ ਅਤੇ ਉੱਘੇ ਸਮਾਜ ਸੇਵੀ ਬਾਬਾ ਸੋਨੀ ਸ੍ਰੀ ਮੁਕਤਸਰ ਸਾਹਿਬ ਵਾਲਿਆਂ ਦੀ ਪ੍ਰਧਾਨਗੀ ਹੇਠ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸ਼ਰਮਾ ਦੱਦਾਹੂਰ (ਪ੍ਰਧਾਨ ਸਾਹਿਤ ਤੇ ਭਾਸ਼ਾ ਸੈੱਲ) ਅਤੇ ਮਾਸਟਰ ਅਜੈਬ ਸਿੰਘ ਰੁਪਾਣਾ (ਪ੍ਰਧਾਨ ਕਲਾ ਤੇ ਸੱਭਿਆਚਾਰ) ਸ੍ਰੀ ਮੁਕਤਸਰ ਸਾਹਿਬ ਹੋਰਾਂ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਕਲਾ, ਸਾਹਿਤ ਅਤੇ ਸੱਭਿਆਚਾਰ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣਾ ਅਤੇ ਨਵੀਂ ਪੀੜ੍ਹੀ ਵਿੱਚ ਰਚਨਾਤਮਕ ਸੋਚ ਨੂੰ ਪ੍ਰੋਤਸਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਦਿਵਸ ਵਰਗੇ ਮਹੱਤਵਪੂਰਨ ਦਿਨ ‘ਤੇ ਇਸ ਤਰ੍ਹਾਂ ਦਾ ਸਮਾਗਮ ਕਰਵਾਉਣਾ ਮਜ਼ਦੂਰ ਵਰਗ ਦੀ ਮਹੱਤਤਾ ਨੂੰ ਸਲਾਮ ਕਰਨ ਦੇ ਨਾਲ-ਨਾਲ ਸੱਭਿਆਚਾਰਕ ਜਾਗਰੂਕਤਾ ਨੂੰ ਵੀ ਮਜ਼ਬੂਤ ਕਰੇਗਾ। ਇਸ ਮੌਕੇ ਹੋਣ ਵਾਲੇ ਪ੍ਰੋਗਰਾਮ ਵਿੱਚ ਕਵਿਤਾ ਪਾਠ, ਸੱਭਿਆਚਾਰਕ ਪ੍ਰਸਤੁਤੀਆਂ ਅਤੇ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੇ ਕਲਾਕਾਰ ਅਤੇ ਸਾਹਿਤਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਪ੍ਰੋਫੈਸਰ ਬਾਈ ਭੋਲਾ ਯਮਲਾ ਨੇ ਸਾਰੇ ਕਲਾਕਾਰਾਂ, ਸਾਹਿਤਕਾਰਾਂ ਅਤੇ ਸੱਭਿਆਚਾਰ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ ਇਸ ਸਮਾਗਮ ਨੂੰ ਕਾਮਯਾਬ ਬਣਾਉਣ ਅਤੇ ਕਲਾ ਤੇ ਸੱਭਿਆਚਾਰ ਦੀ ਇਸ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।