ਵਾੜਾ ਭਾਈਕਾ ਦੇ ਸਕੂਲ ਆਫ਼ ਹੈਪੀਨੈਂਸ ’ਚ ਕਰਵਾਈ ਵਰਕਸ਼ਾਪ
ਵਾੜਾ ਭਾਈਕਾ ਦੇ ਸਕੂਲ ਆਫ਼ ਹੈਪੀਨੈਂਸ ਵਿੱਚ ਕਰਵਾਈ ਗਈ ਮਾਪਿਆਂ ਦੀ ਦੂਜੀ ਵਰਕਸ਼ਾਪ
Publish Date: Mon, 09 Feb 2026 05:10 PM (IST)
Updated Date: Tue, 10 Feb 2026 04:03 AM (IST)

ਬੱਚਿਆਂ ਦੀਆਂ ਪ੍ਰੀਖਿਆਵਾਂ ’ਚ ਮਦਦ ਸਬੰਧੀ ਕੀਤਾ ਜਾਗਰੂਕ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਇੱਥੋਂ ਨਜ਼ਦੀਕੀ ਪਿੰਡ ਵਾੜਾ ਭਾਈਕਾ ਦੇ ਸਰਕਾਰੀ ਸਕੂਲ ਆਫ਼ ਹੈਪੀਨੈਂਸ ਵਿੱਚ ਅਧਿਆਪਕ ਮਾਪੇ ਮਿਲਣੀ ਦੌਰਾਨ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਮਾਪਿਆਂ ਦੀ ਦੂਜੀ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਸਕੂਲ ਦੇ ਮਿਹਨਤੀ ਸਟਾਫ਼ ਵੱਲੋਂ ਨਿੱਕੇ ਨਿੱਕੇ ਬੱਚਿਆਂ ਦੁਆਰਾ ਤਿਆਰ ਕੀਤੇ ਗਏ ਸਭਿਆਚਾਰਕ ਵਿਰਾਸਤ ਨਾਲ ਜੁੜੇ ਹੋਏ ਗੀਤ ਪੇਸ਼ ਕੀਤੇ ਗਏ ਅਤੇ ਨਾਲ ਨਾਲ ਬੱਚਿਆਂ ਦੇ ਮਾਪਿਆਂ ਨੂੰ ਘਰ ਵਿੱਚ ਬੱਚਿਆਂ ਦੀ ਦੇਖਭਾਲ ਅਤੇ ਸਹਾਇਤਾ, ਉਹਨਾਂ ਦੀ ਪ੍ਰੀਖਿਆਵਾਂ ਵਿੱਚ ਤਿਆਰੀ ਵਿੱਚ ਮੱਦਦ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪਹੁੰਚੇ ਮੈਡਮ ਅੰਜਨਾ ਕੌਸ਼ਿਕ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ, ਇੰਜੀਨੀਅਰ ਇੰਦਰਜੀਤ ਸਿੰਘ ਐਡਵੋਕੇਟ ਮੈਂਬਰ ਐਜੂਕੇਸ਼ਨ ਡਿਵੈਲਪਮੈਂਟ ਬੋਰਡ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੈਤੋ ਸੁਸ਼ੀਲ ਕੁਮਾਰ ਆਹੂਜਾ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਬੱਚਿਆਂ ਦੁਆਰਾ ਕੀਤੀ ਜਾ ਰਹੀ ਇੱਕ ਇੱਕ ਉਪਲਬਧੀ, ਕੋਸ਼ਿਸ਼ ਦੀ ਤਾਰੀਫ, ਸ਼ਲਾਘਾ ਕਰਨ ਦੀ ਤਾਕੀਦ ਕੀਤੀ ਗਈ। ਉਹਨਾਂ ਕਿਹਾ ਕਿ ਬੱਚਿਆਂ ਦੀ ਹੌਂਸਲਾ ਅਫਜ਼ਾਈ ਲਈ ਬੱਚੇ ਦੀ ਹਰ ਨਿੱਕੀ ਪ੍ਰਾਪਤੀ ਤੇ ਮਾਪੇ, ਬੱਚਿਆਂ ਨੂੰ ਅੱਗੇ ਵਧਣ ਲਈ ਹੌਸਲਾ ਦੇਣ। ਇਸ ਮਾਪਿਆਂ ਦੀ ਵਰਕਸ਼ਾਪ ਮੌਕੇ ਬੱਚਿਆਂ ਨੂੰ ਮੋਬਾਇਲ, ਟੀਵੀ ਆਦਿ ਤੋਂ ਦੂਰੀ ਬਣਾਉਣ ਅਤੇ ਬੱਚਿਆਂ ਦੇ ਸੌਣ ਜਾਗਣ ਦੇ ਸਮੇਂ ਨੂੰ ਤਹਿ ਕਰਨ ਬਾਰੇ ਵੀ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਬੱਚਿਆਂ ਦੀ ਪੜ੍ਹਾਈ ਸਮੇਂ ਉਨ੍ਹਾਂ ਨੂੰ ਸੁਖਾਵਾਂ ਮਾਹੌਲ ਦੇਣ ਲਈ ਵੀ ਮਾਪਿਆਂ ਨੂੰ ਪ੍ਰੇਰਿਆ ਗਿਆ। ਇਸ ਲੰਬਾ ਸਮਾਂ ਚੱਲੇ ਸਿੱਖਿਆ ਅਤੇ ਜਾਗਰੂਕਤਾ ਮੁਹਿੰਮ ਪ੍ਰੋਗਰਾਮ ਵਿੱਚ ਪਹੁੰਚੇ ਵੱਡੀ ਗਿਣਤੀ ਬੱਚਿਆਂ ਦੇ ਮਾਪਿਆਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਅਤੇ ਪ੍ਰੋਗਰਾਮ ਵਿੱਚ ਪਹੁੰਚੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਦੀ ਕਾਰਵਾਈ ਅਧਿਆਪਕ ਲਖਵਿੰਦਰ ਸ਼ਰਮਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਰੀਦਕੋਟ ਮੈਡਮ ਅੰਜਨਾ ਕੌਸ਼ਿਕ, ਇੰਜੀਨੀਅਰ ਇੰਦਰਜੀਤ ਸਿੰਘ ਐਡਵੋਕੇਟ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜੈਤੋ ਸੁਸ਼ੀਲ ਕੁਮਾਰ ਆਹੂਜਾ ਤੋਂ ਇਲਾਵਾ ਵਕੀਲ ਸਿੰਘ ਡੀ.ਆਰ.ਸੀ ਫ਼ਰੀਦਕੋਟ, ਹਰਜੀਤ ਸਿੰਘ ਸੀ.ਐੱਚ.ਟੀ ਬਰਗਾੜੀ, ਹਰਬੰਸ ਕੌਰ ਮੀਰਾਬ, ਗੁਰਦਵਿੰਦਰ ਸਿੰਘ ਕੋਆਰਡੀਨੇਟਰ ਫ਼ਰੀਦਕੋਟ, ਭੁਪਿੰਦਰ ਸਿੰਘ ਜੇਈ, ਮਨਪ੍ਰੀਤ ਕੌਰ ਚੇਅਰਪਰਸਨ ਐਸ.ਐਮ.ਸੀ, ਟੇਕ ਸਿੰਘ ਸਰਪੰਚ ਵਾੜਾ ਭਾਈਕਾ ਖ਼ੁਰਦ, ਮੈਂਗਲ ਸਿੰਘ ਸਰਪੰਚ ਵਾੜਾ ਭਾਈਕਾ, ਗੁਰਚਰਨ ਸਿੰਘ ਸੀ.ਐੱਚ.ਟੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਾੜਾ ਭਾਈਕਾ ਸਮੇਤ ਸਮੂਹ ਸਕੂਲ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਮਾਪੇ ਹਾਜ਼ਰ ਸਨ।