ਕੋਟਕਪੂਰਾ ਆਸ਼ਰਮ ’ਚ ਸਤਿਸੰਗ ਸਮਾਗਮ ਕਰਵਾਇਆ
ਕੋਟਕਪੂਰਾ ਆਸ਼ਰਮ ਵਿਖੇ ਹਫਤਾਵਾਰੀ ਸਤਿਸੰਗ ਸਮਾਗਮ ਆਯੋਜਿਤ
Publish Date: Mon, 19 Jan 2026 03:38 PM (IST)
Updated Date: Tue, 20 Jan 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕੋਟਕਪੂਰਾ ਦੇ ਮੋਗਾ ਰੋਡ ਸਥਿਤ ਦੇ ਆਸ਼ਰਮ ਵਿਖੇ ਇੱਕ ਹਫਤਾਵਾਰੀ ਸਤਿਸੰਗ ਸਮਾਗਮ ਭਾਵਪੂਰਨ ਅਤੇ ਆਧਿਆਤਮਿਕ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ। ਇਸ ਮੌਕੇ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ ਸਾਧਵੀ ਕੁਲਦੇਵੀ ਭਾਰਤੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਤਮਿਕਤਾ ਮਨੁੱਖੀ ਜੀਵਨ ਦੇ ਸਭ ਤੋਂ ਨੇੜਲੇ ਅਤੇ ਮੂਲ ਮੁੱਲਾਂ ਦੀ ਨੀਂਹ ਹੈ। ਅਧਿਆਤਮਿਕਤਾ ਸਾਡੀ ਆਸਥਾ ਅਤੇ ਸ਼ਰਧਾ ਦਾ ਆਧਾਰ ਹੈ, ਜੋ ਜੀਵਨ ਨੂੰ ਸਹੀ ਦਿਸ਼ਾ, ਉਦੇਸ਼ ਅਤੇ ਅਰਥ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਅਧਿਆਤਮਿਕਤਾ ਸਾਡੇ ਅੰਦਰ ਵਿਕਸਤ ਹੁੰਦੀ ਹੈ, ਤਿਵੇਂ-ਤਿਵੇਂ ਮਨੁੱਖ ਬੁੱਧੀ, ਪ੍ਰੇਮ ਅਤੇ ਦਇਆ ਨਾਲ ਭਰਪੂਰ ਹੋ ਜਾਂਦਾ ਹੈ। ਸਾਧਵੀ ਕੁਲਦੇਵੀ ਭਾਰਤੀ ਨੇ ਦੱਸਿਆ ਕਿ ਅਧਿਆਤਮਿਕ ਗਿਆਨ ਦੇ ਵਿਕਾਸ ਨਾਲ ਮਨੁੱਖ ਸਿਰਫ਼ ਆਪਣੇ ਆਪ ਨਾਲ ਹੀ ਨਹੀਂ, ਸਗੋਂ ਸਮੂਹ ਜੀਵ ਸ੍ਰਿਸ਼ਟੀ ਅਤੇ ਪਰਮਾਤਮਾ ਨਾਲ ਵੀ ਡੂੰਘੇ ਤੌਰ ’ਤੇ ਜੁੜ ਜਾਂਦਾ ਹੈ। ਇਸ ਨਾਲ ਦਿਲ ਵਿੱਚ ਸਭ ਦੇ ਲਈ ਦਇਆ, ਕਰੁਣਾ ਅਤੇ ਸਤਿਕਾਰ ਦੀ ਭਾਵਨਾ ਜਨਮ ਲੈਂਦੀ ਹੈ। ਉਨ੍ਹਾਂ ਕਿਹਾ ਕਿ ਅਧਿਆਤਮਿਕਤਾ ਭੌਤਿਕ ਸੰਸਾਰ ਦੇ ਠੋਸ ਸਬੂਤਾਂ ਤੋਂ ਪਰੇ ਹੈ। ਭਾਵੇਂ ਪਰਮਾਤਮਾ ਦੀ ਮੌਜੂਦਗੀ ਦਾ ਕੋਈ ਭੌਤਿਕ ਸਬੂਤ ਨਹੀਂ ਦਿੱਤਾ ਜਾ ਸਕਦਾ, ਪਰ ਉਸਦਾ ਅਨੁਭਵ ਕੀਤਾ ਜਾ ਸਕਦਾ ਹੈ ਅਤੇ ਆਤਮਿਕ ਦ੍ਰਿਸ਼ਟੀ ਰਾਹੀਂ ਉਸਨੂੰ ਦੇਖਿਆ ਵੀ ਜਾ ਸਕਦਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਅਧਿਆਤਮਿਕਤਾ ਅਤੇ ਸੰਪਰਦਾਵਾਂ ਇੱਕੋ ਜਿਹੀਆਂ ਨਹੀਂ ਹਨ। ਹਾਲਾਂਕਿ ਦੋਹਾਂ ਵਿੱਚ ਸੰਬੰਧ ਹੈ, ਪਰ ਅਧਿਆਤਮਿਕਤਾ ਹਰ ਕਿਸਮ ਦੀ ਸੰਪਰਦਾਇਕ ਸੀਮਾਵਾਂ ਤੋਂ ਉੱਪਰ ਹੈ। ਇੱਕ ਸੱਚਾ ਧਰਮ ਜਾਂ ਸੰਪਰਦਾ ਉਹੀ ਹੁੰਦੀ ਹੈ ਜੋ ਮਨੁੱਖ ਦੇ ਅੰਦਰ ਸ਼ੁੱਧ ਅਧਿਆਤਮਿਕਤਾ ਨੂੰ ਜਗਾਉਂਦੀ ਅਤੇ ਪਾਲਦੀ ਹੈ ਅਤੇ ਉਸਨੂੰ ਆਪਣੇ ਅਸਲ ਲਕਸ਼ ਭਾਵ ਪਰਮਾਤਮਾ ਦੀ ਪ੍ਰਾਪਤੀ ਵੱਲ ਲੈ ਕੇ ਜਾਂਦੀ ਹੈ। ਇਸ ਦੌਰਾਨ ਉਨ੍ਹਾਂ ਨੇ ਇੱਕ ਫਰਾਂਸੀਸੀ ਦਰਸ਼ਨਿਕ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਸੀਂ ਅਧਿਆਤਮਿਕ ਅਨੁਭਵ ਵਾਲੇ ਭੌਤਿਕ ਜੀਵ ਨਹੀਂ ਹਾਂ, ਸਗੋਂ ਭੌਤਿਕ ਅਨੁਭਵ ਵਾਲੇ ਅਧਿਆਤਮਿਕ ਜੀਵ ਹਾਂ। ਉਨ੍ਹਾਂ ਕਿਹਾ ਕਿ ਅਧਿਆਤਮਿਕਤਾ ਭਾਵੇਂ ਰਹੱਸਮਈ ਲੱਗਦੀ ਹੈ, ਪਰ ਇਹ ਮਨੁੱਖ ਦੀ ਮਾਨਸਿਕ, ਸਰੀਰਕ ਅਤੇ ਆਤਮਿਕ ਸਿਹਤ ਲਈ ਬਹੁਤ ਜ਼ਰੂਰੀ ਹੈ। ਸਤਿਸੰਗ ਸਮਾਗਮ ਦੌਰਾਨ ਸਾਧਵੀ ਅਨੀਤਾ ਭਾਰਤੀ ਵੱਲੋਂ ਭਾਵਪੂਰਨ ਭਜਨ ਗਾਏ ਗਏ।