ਪਿੰਡ ਮਚਾਕੀ ਮੱਲ ਸਿੰਘ ’ਚ ਕਰਵਾਇਆ ਕਬੱਡੀ ਕੱਪ
ਸਪੀਕਰ ਸੰਧਵਾਂ ਵੱਲੋਂ ਪਿੰਡ ਮਚਾਕੀ ਮੱਲ ਸਿੰਘ ਵਿਖੇ ਕਬੱਡੀ ਕੱਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ
Publish Date: Tue, 24 Feb 2026 04:33 PM (IST)
Updated Date: Wed, 25 Feb 2026 04:01 AM (IST)
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਫਰੀਦਕੋਟ : ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਸ਼ਾਮ ਪਿੰਡ ਮਚਾਕੀ ਮੱਲ ਸਿੰਘ ਵਿਖੇ ਕਰਵਾਏ ਗਏ ਕਬੱਡੀ ਕੱਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਖੇਡਾਂ ਨਾਲ ਨੌਜਵਾਨਾਂ ਵਿੱਚ ਅਨੁਸ਼ਾਸਨ, ਟੀਮ ਵਰਕ, ਸਿਹਤਮੰਦ ਜੀਵਨ ਸ਼ੈਲੀ ਅਤੇ ਮੁਕਾਬਲੇ ਦੀ ਭਾਵਨਾ ਵਿਕਸਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨਿਰੰਤਰ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੂੰ ਬਿਹਤਰ ਖੇਡ ਢਾਂਚਾ ਅਤੇ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾ ਸਕਣ।
ਇਸ ਮੌਕੇ ਸਪੀਕਰ ਸੰਧਵਾਂ ਨੇ ਪਿੰਡ ਦੇ ਖੇਡ ਸਟੇਡੀਅਮ ਦੇ ਵਿਕਾਸ ਲਈ ਆਪਣੇ ਅਖਤਿਆਰੀ ਕੋਟੇ ਵਿੱਚੋਂ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਸਟੇਡੀਅਮ ਵਿੱਚ ਸੁਵਿਧਾਵਾਂ, ਮੈਦਾਨ ਦੀ ਸੰਭਾਲ, ਬਾਊਂਡਰੀ, ਬੈਠਣ ਦਾ ਪ੍ਰਬੰਧ ਅਤੇ ਖਿਡਾਰੀਆਂ ਲਈ ਹੋਰ ਲੋੜੀਂਦਾ ਢਾਂਚਾ ਵਿਕਸਿਤ ਕੀਤਾ ਜਾਵੇਗਾ, ਤਾਂ ਜੋ ਨੌਜਵਾਨਾਂ ਨੂੰ ਉੱਚ ਪੱਧਰੀ ਖੇਡ ਮਾਹੌਲ ਪ੍ਰਾਪਤ ਹੋ ਸਕੇ।
ਸਪੀਕਰ ਸੰਧਵਾਂ ਨੇ ਟੂਰਨਾਮੈਂਟ ਦੇ ਆਯੋਜਕਾਂ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੇ ਖੇਡ ਸਮਾਗਮ ਪਿੰਡਾਂ ਵਿੱਚ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਉਨ੍ਹਾਂ ਮਾਪਿਆਂ ਅਤੇ ਅਧਿਆਪਕਾਂ ਨੂੰ ਵੀ ਅਪੀਲ ਕੀਤੀ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕੀਤਾ ਜਾਵੇ।
ਇਸ ਮੌਕੇ ਮੋਗਾ ਜ਼ਿਲੇ ਤੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਸਰਪੰਚ ਹਰਬੰਸ ਕੌਰ ,ਪ੍ਰਧਾਨ ਜਗਦੇਵ ਸਿੰਘ ਸੇਖੋਂ, ਜਗਤਾਰ ਸਿੰਘ ਜੱਗਾ ਸਰਪੰਚ ਖਾਰਾ, ਸੁਖਵੰਤ ਪੱਕਾ, ਕੈਸ਼ੀਅਰ ਰਣਜੀਤ ਸਿੰਘ ਸੇਖੋ, ਹਰਜੀਤ ਸਿੰਘ, ਗੁਰਮੇਲ ਸਿੰਘ , ਗੁਲਸ਼ੇਰ ਸਿੰਘ ਸੇਖੋਂ, ਬਲਜੀਤ ਸਿੰਘ ਰੂਪ ਸਿੰਘ ਸਾਬਕਾ ਪ੍ਰਧਾਨ ਪ੍ਰੀਤਮ ਸਿੰਘ ਸਾਬਕਾ ਸਰਪੰਚ, ਸਰਬਜੀਤ ਸਿੰਘ ,ਅਜੈਪਾਲ ਸਿੰਘ ਸੰਧੂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।