ਕੋਟਕਪੂਰਾ ਵਿਖੇ ਪੰਜਾਬ ਸਖੀ ਸ਼ਕਤੀ ਮੇਲਾ 16 ਤੋਂ
-ਪੰਜਾਬ ਸਖੀ ਸ਼ਕਤੀ ਮੇਲਾ 16 ਤੋਂ 18 ਜਨਵਰੀ ਤੱਕ ਕੋਟਕਪੂਰਾ ਵਿਖੇ ਹੋਵੇਗਾ
Publish Date: Wed, 07 Jan 2026 04:50 PM (IST)
Updated Date: Thu, 08 Jan 2026 04:03 AM (IST)

07 ਐਫਡੀਕੇ : ਅਧਿਕਾਰੀਆਂਲ ਨਾਲ ਮੀਟਿੰਗ ਕਰਦੇ ਹੋਏ ਏਡੀਸੀ (ਵਿਕਾਸ) ਸੰਦੀਪ ਮਲਹੋਤਰਾ। ਚਾਨਾ, ਪੰਜਾਬੀ ਜਾਗਰਣ, ਫ਼ਰੀਦਕੋਟ : ਪੰਜਾਬ ਸਰਕਾਰ ਦੇ ਯਤਨਾਂ ਸਦਕਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੀ ਰਹਿਨੁਮਾਈ ਹੇਠ 16 ਜਨਵਰੀ ਤੋਂ 18 ਜਨਵਰੀ ਤੱਕ ਪੰਜਾਬ ਸਖੀ ਸ਼ਕਤੀ ਮੇਲਾ ਡਾ. ਹਰੀ ਸਿੰਘ ਸੇਵਕ ਸਕੂਲ ਆਫ਼ ਐਮੀਨੈਂਸ ਕੋਟਕਪੂਰਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੰਦੀਪ ਮਲਹੋਤਰਾਂ ਵੱਲੋਂ ਸਮੂਹ ਵਿਭਾਗਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮੇਲਾ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਐੱਸਐੱਚਜੀਐੱਸ, ਕਾਰੀਗਰਾਂ, ਛੋਟੇ ਉਦਯੋਗਪਤੀਆਂ ਤੇ ਸਥਾਨਕ ਉੱਦਮੀਆਂ ਨੂੰ ਆਪਣੇ ਉਤਪਾਦ ਲੋਕਾਂ ਤੱਕ ਸਿੱਧੇ ਤੌਰ ’ਤੇ ਪਹੁੰਚਾਉਣ ਲਈ ਇਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗਾ। ਮੇਲੇ ’ਚ ਹੱਥ ਕਲਾਕਾਰੀ, ਖਾਧ ਪਦਾਰਥ, ਘਰੇਲੂ ਵਰਤੋਂ ਦੀਆਂ ਵਸਤਾਂ, ਹੱਥ ਨਾਲ ਬਣੇ ਸਮਾਨ ਸਮੇਤ ਕਈ ਕਿਸਮ ਦੀ ਉੱਚ ਗੁਣਵੱਤਾ ਵਾਲੀ ਸਮਗਰੀ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਸਥਾਨਕ ਤੌਰ ’ਤੇ ਤਿਆਰ ਕੀਤੇ ਉਤਪਾਦਾਂ ਦੀ ਖ਼ਰੀਦਦਾਰੀ ਨਾਲ ਨਾ ਸਿਰਫ਼ ਜ਼ਿਲ੍ਹੇ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ, ਸਗੋਂ ਔਰਤਾਂ ਦੀ ਆਰਥਿਕ ਸਵੈ-ਨਿਰਭਰਤਾ ਅਤੇ ਸਸ਼ਕਤੀਕਰਨ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਇਸ ਨਾਲ ਸਵੈ-ਰੋਜ਼ਗਾਰ ਨੂੰ ਉਤਸ਼ਾਹ ਮਿਲੇਗਾ ਤੇ ਨਵੇਂ ਆਰਥਿਕ ਮੌਕੇ ਵੀ ਸਿਰਜੇ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਔਰਤਾਂ ਤੇ ਸਮਾਜਿਕ ਕਲਿਆਣ ਨਾਲ ਸਬੰਧਤ ਸਰਕਾਰੀ ਯੋਜਨਾਵਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕੀਤੀ ਜਾਵੇਗੀ, ਤਾਂ ਜੋ ਜ਼ਿਲ੍ਹਾ ਵਾਸੀ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾ ਸਕਣ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੀਤੇ ਗਏ ਇੰਤਜ਼ਾਮਾਂ ਬਾਰੇ ਦੱਸਦਿਆਂ ਕਿਹਾ ਕਿ ਮੇਲੇ ਵਿੱਚ ਆਉਣ ਵਾਲੇ ਲੋਕਾਂ ਲਈ ਸੁਚੱਜੇ ਬੰਦੋਬਸਤ, ਸੁਰੱਖਿਆ ਅਤੇ ਸੁਵਿਧਾਵਾਂ ਯਕੀਨੀ ਬਣਾਈਆਂ ਜਾਣਗੀਆਂ। ਉਨ੍ਹਾਂ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਸਮੇਤ ਮੇਲੇ ਵਿੱਚ ਸ਼ਿਰਕਤ ਕਰਕੇ ਸਥਾਨਕ ਉਤਪਾਦਾਂ ਦੀ ਖਰੀਦਦਾਰੀ ਕਰਦੇ ਹੋਏ ਜ਼ਿਲ੍ਹੇ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਸੁਖਮਿੰਦਰ ਸਿੰਘ ਰੇਖੀ, ਸੁਖਦੀਪ ਸਿੰਘ ਬਲਾਕ ਕੋ-ਆਰਡੀਨੇਟਰ, ਐਕਸਾਈਜ਼ ਇੰਸਪੈਕਟਰ ਮਨਜਿੰਦਰ ਸਿੰਘ ਮਾਣਕ, ਜਸਵੰਤ ਸਿੰਘ, ਅਮਨਦੀਪ ਕੇਸ਼ਪ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।