Sad News : ਕੋਟਕਪੂਰਾ ਦੇ ਨੌਜਵਾਨ ਦੀ ਆਸਟ੍ਰੇਲੀਆ ’ਚ ਸੜਕ ਹਾਦਸੇ ਦੌਰਾਨ ਦੁਖਦਾਇਕ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ
ਸਥਾਨਕ ਮੋਗਾ ਰੋਡ ’ਤੇ ਰਹਿੰਦੇ ਕੋਟਕਪੂਰਾ ਦੇ ਨਾਮੀ ਸੰਘਾ ਪਰਿਵਾਰ ਦੇ ਨੌਜਵਾਨ ਲੜਕੇ ਦੀ ਆਸਟਰੇਲੀਆ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਇਸ ਹੋਣਹਾਰ ਨੌਜਵਾਨ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
Publish Date: Sat, 10 Jan 2026 06:31 PM (IST)
Updated Date: Sat, 10 Jan 2026 06:35 PM (IST)
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਸਥਾਨਕ ਮੋਗਾ ਰੋਡ ’ਤੇ ਰਹਿੰਦੇ ਕੋਟਕਪੂਰਾ ਦੇ ਨਾਮੀ ਸੰਘਾ ਪਰਿਵਾਰ ਦੇ ਨੌਜਵਾਨ ਲੜਕੇ ਦੀ ਆਸਟਰੇਲੀਆ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਦੁਖਦਾਇਕ ਖਬਰ ਮਿਲੀ ਹੈ। ਇਸ ਹੋਣਹਾਰ ਨੌਜਵਾਨ ਦੀ ਮੌਤ ਕਾਰਨ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। 32 ਸਾਲਾ ਨੌਜਵਾਨ ਗੁਰਜੰਟ ਸਿੰਘ ਪੁੱਤਰ ਮਹਿੰਦਰ ਸਿੰਘ ਸੰਘਾ ਵਾਸੀ ਕੋਟਕਪੂਰਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਤਕਰੀਬਨ ਪੰਜ ਸਾਲ ਪਹਿਲਾਂ ਆਪਣੀਆਂ ਭੈਣਾਂ ਕੋਲ ਆਸਟ੍ਰੇਲੀਆ ਗਿਆ ਸੀ।
ਮਾਪਿਆਂ ਵਲੋਂ ਉਸਦੇ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਸ਼ਹਿਨਾਈਆਂ ਦੀ ਥਾਂ ਘਰ ਵਿੱਚ ਸੱਥਰ ਵਿੱਛ ਜਾਣ ਕਰਕੇ ਇਲਾਕੇ ਵਿੱਚ ਮਾਤਮ ਛਾਇਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਜੰਟ ਸਿੰਘ ਦੇ ਚਾਚੇ ਪਿ੍ਥੀ ਸਿੰਘ ਸੰਘਾ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਕੋਟਕਪੂਰਾ ਨੇ ਦੱਸਿਆ ਕਿ ਗੁਰਜੰਟ ਸਿੰਘ ਆਸਟ੍ਰੇਲੀਆ ਦੇ ਸਮੇਂ ਅਨੁਸਾਰ ਸਵੇਰੇ 12:30 ਵਜੇ ਦੇ ਕਰੀਬ ਟਰਾਲਾ ਲੈ ਕੇ ਨਿਕਲਿਆ ਅਤੇ ਜਦ ਉਹ ਹਾਈਵੇ ’ਤੇ ਚੜਿਆ ਤਾਂ ਉਹ ਟਰਾਲੇ ਤੋਂ ਸੰਤੁਲਨ ਗਵਾ ਬੈਠਾ, ਜਿਸ ਦੌਰਾਨ ਟਰਾਲਾ ਡਿੱਗ ਪਿਆ ਅਤੇ ਉਸਨੂੰ ਅੱਗ ਪੈ ਗਈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਉੱਥੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸ਼ਨ ਨੇ ਮਿ੍ਤਕ ਦੀ ਲਾਸ਼ ਕਬਜੇ ਵਿੱਚ ਲੈ ਲਈ ਹੈ, ਜੋ ਕਿ ਕਾਫੀ ਹੱਦ ਤੱਕ ਸੜ ਜਾਣ ਕਰਕੇ ਬੇ-ਪਛਾਣ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਗੁਰਜੰਟ ਸਿੰਘ ਪੰਜ ਸਾਲ ਤੋਂ ਆਸਟ੍ਰੇਲੀਆ ਰਹਿ ਰਿਹਾ ਸੀ ਅਤੇ ਹੁਣ ਉਸ ਵੱਲੋਂ ਪੀ.ਆਰ. ਅਪਲਾਈ ਕੀਤੀ ਗਈ ਸੀ ਪਰ ਇਹ ਭਾਣਾ ਵਰਤ ਗਿਆ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਆਸਟ੍ਰੇਲੀਆ ਸਰਕਾਰ ਤੋਂ ਕਲੀਅਰੈਂਸ ਮਿਲਣ ਦੀ ਉਡੀਕ ਕੀਤੀ ਜਾ ਰਹੀ ਹੈ, ਤਾਂ ਜੋ ਮ੍ਰਿਤਕ ਸਰੀਰ ਨੂੰ ਕੋਟਕਪੂਰਾ ਲਿਆਂਦਾ ਜਾ ਸਕੇ।