ਸੜਕ ਦਾ ਮੰਦਾ ਹਾਲ, ਰਾਹਗੀਰ ਬੇਹਾਲ
ਸੜਕ ਬਣੀ ਨਰਕ: ਡੱਲੇਵਾਲਾ ਤੋਂ ਪੱਖੀ ਖੁਰਦ ਮਾਰਗ ’ਤੇ ਗੰਦੇ ਪਾਣੀ ਦਾ ਕਬਜ਼ਾ, ਸਕੂਲੀ ਬੱਚੇ ਹੋ ਰਹੇ ਪਰੇਸ਼ਾਨ
Publish Date: Sun, 12 Apr 2026 05:54 PM (IST)
Updated Date: Mon, 13 Apr 2026 04:10 AM (IST)

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ : ਪਿੰਡ ਡੱਲੇਵਾਲਾ ਤੋਂ ਪੱਖੀ ਖੁਰਦ ਨੂੰ ਜੋੜਨ ਵਾਲੀ ਮੁੱਖ ਸੜਕ ਅੱਜ-ਕੱਲ੍ਹ ਆਪਣੀ ਬਦਹਾਲੀ ’ਤੇ ਹੰਝੂ ਵਹਾ ਰਹੀ ਹੈ। ਪਿੰਡ ਡੱਲੇਵਾਲੇ ਦੀਆਂ ਨਾਲੀਆਂ ਦੀ ਸਹੀ ਨਿਕਾਸੀ ਨਾ ਹੋਣ ਕਾਰਨ ਗੰਦਾ ਪਾਣੀ ਸੜਕ ਦੇ ਵਿਚਕਾਰ ਜਮ੍ਹਾ ਹੋ ਗਿਆ ਹੈ, ਜਿਸ ਨੇ ਪੂਰੇ ਰਸਤੇ ਨੂੰ ਚਿੱਕੜ ਦਾ ਰੂਪ ਦੇ ਦਿੱਤਾ ਹੈ। ਇਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਦਾ ਲੰਘਣਾ ਤਾਂ ਮੁਸ਼ਕਿਲ ਹੋ ਹੀ ਰਿਹਾ ਹੈ, ਪਰ ਸਭ ਤੋਂ ਮਾੜਾ ਹਾਲ ਨੌਵੀਂ ਅਤੇ ਦਸਵੀਂ ਜਮਾਤ ਦੇ ਉਹਨਾਂ ਵਿਦਿਆਰਥੀਆਂ ਦਾ ਹੈ, ਜਿਨ੍ਹਾਂ ਨੇ ਰੋਜ਼ਾਨਾ ਪੜ੍ਹਾਈ ਲਈ ਪੱਖੀ ਖੁਰਦ ਤੋਂ ਡੱਲੇਵਾਲਾ ਦੇ ਸਕੂਲ ਜਾਣਾ ਹੁੰਦਾ ਹੈ। ਵਿਦਿਆਰਥੀਆਂ ਨੂੰ ਇਸ ਬੁਦਬੁਦਾਰ ਗੰਦਗੀ ਅਤੇ ਚਿੱਕੜ ਵਿੱਚੋਂ ਪੈਦਲ ਜਾਂ ਸਾਈਕਲਾਂ ’ਤੇ ਲੰਘਣਾ ਪੈਂਦਾ ਹੈ, ਜਿਸ ਕਾਰਨ ਕਈ ਵਾਰ ਉਹਨਾਂ ਦੀਆਂ ਵਰਦੀਆਂ ਖਰਾਬ ਹੋ ਜਾਂਦੀਆਂ ਹਨ ਅਤੇ ਡਿੱਗਣ ਕਾਰਨ ਸੱਟਾਂ ਲੱਗਣ ਦਾ ਡਰ ਵੀ ਬਣਿਆ ਰਹਿੰਦਾ ਹੈ। ਸਥਾਨਕ ਨਿਵਾਸੀਆਂ ਅਤੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗੰਦੇ ਪਾਣੀ ਅਤੇ ਚਿੱਕੜ ਦੀ ਸਮੱਸਿਆ ਤੋਂ ਉਹਨਾਂ ਨੂੰ ਨਿਜਾਤ ਦਵਾਈ ਜਾਏ ਅਤੇ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਅਤੇ ਬੱਚਿਆਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਨਿਜਾਤ ਮਿਲ ਸਕੇ। ਇੱਥੇ ਵੀ ਦੱਸਣਯੋਗ ਹੈ ਕਿ ਐਮ.ਐਲ.ਏ ਗੁਰਦਿੱਤ ਸਿੰਘ ਸੇਖੋਂ ਦੁਆਰਾ 9 ਅਕਤੂਬਰ 2025 ਨੂੰ ਇਸ ਸੜਕ ਦੀ ਰਿਪੇਰਿੰਗ ਅਤੇ ਅਪਗ੍ਰੇਡ ਲਈ ਨੀਂਹ ਪੱਥਰ ਵੀ ਰੱਖਿਆ ਗਿਆ ਸੀ। ਪਰ ਹਜੇ ਤੱਕ ਉਸਦਾ ਵੀ ਕੰਮ ਸ਼ੁਰੂ ਨਹੀਂ ਕੀਤਾ ਗਿਆ। ਰਿਪੇਅਰ ਦੇ ਨਾਂ ਤੇ ਡੱਲੇਵਾਲਾ ਪਿੰਡ ਦੇ ਵਿੱਚ ਕੁਝ ਕ ਸੜਕ ਦੇ ਟੋਟੇ ਉੱਤੇ ਪੱਥਰ ਪਾ ਕੇ ਛੱਡ ਦਿੱਤਾ ਗਿਆ ਹੈ।ਇਸ ਸਮੱਸਿਆ ਨੂੰ ਲੈ ਕੇ ਜਦੋਂ ਡੱਲੇਵਾਲੇ ਦੇ ਸਰਪੰਚ ਨਾਲ ਗੱਲ ਕੀਤੀ ਗਈ ਤਾਂ ਸਰਪੰਚ ਦਾ ਕਹਿਣਾ ਸੀ ਕਿ ਜਲਦ ਹੀ ਇਹ ਸਮੱਸਿਆ ਦਾ ਹੱਲ ਕਰਵਾ ਦਿੱਤਾ ਜਾਵੇਗਾ ਅਤੇ ਜਲਦ ਹੀ ਨਾਲੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ।