ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਦਾ ਕੀਤਾ ਆਗਾਜ਼
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਰਜਿਸਟ੍ਰੇਸ਼ਨ ਸ਼ੁਰੂ
Publish Date: Fri, 30 Jan 2026 03:10 PM (IST)
Updated Date: Sat, 31 Jan 2026 04:01 AM (IST)

ਹਰ ਵਰਗ ਨੂੰ ਮਿਲੇਗਾ ਯੋਜਨਾ ਦਾ ਲਾਭ : ਵਿਧਾਇਕ ਅਮੋਲਕ ਸਿੰਘ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਵਿਸ਼ਵ-ਪੱਧਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਜੈਤੋ ਹਲਕੇ ਵਿੱਚ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਲੋਕ-ਹਿਤੈਸ਼ੀ ਯੋਜਨਾ ਦੀ ਰਸਮੀ ਸ਼ੁਰੂਆਤ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕੇਮਟੀ ਤੇ ਪੇਪਰ ਐਂਡ ਲਾਇਬ੍ਰੇਰੀ ਦੇ ਮੈਂਬਰ ਇੰਜੀਨੀਅਰ ਅਮੋਲਕ ਸਿੰਘ ਵੱਲੋਂ ਪਿੰਡ ਰੋੜੀਕਪੂਰਾ ਵਿਖੇ ਕੀਤੀ ਗਈ। ਇਸ ਮੌਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਿਹਤ ਖੇਤਰ ਵਿੱਚ ਇਤਿਹਾਸਕ ਬਦਲਾਅ ਲਿਆ ਰਹੀ ਹੈ। ਇਸ ਯੋਜਨਾ ਨਾਲ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਕੈਸ਼ਲੇਸ ਅਤੇ ਮੁਫ਼ਤ ਇਲਾਜ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਮਹਿੰਗੇ ਨਿੱਜੀ ਹਸਪਤਾਲ ਵੀ ਗਰੀਬ, ਕਿਸਾਨ, ਮਜ਼ਦੂਰ ਅਤੇ ਆਮ ਨਾਗਰਿਕਾਂ ਲਈ ਸੌਖੇ ਹੋਣਗੇ, ਜੋ ਲੋਕ-ਸੇਵਾ ਦੇ ਖੇਤਰ ਵਿੱਚ ਇੱਕ ਕ੍ਰਾਂਤੀਕਾਰੀ ਕਦਮ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਸ਼ੁਰੂਆਤ ਨਾਲ ਇਹ ਸਾਬਤ ਹੋ ਗਿਆ ਹੈ ਕਿ ਸਰਕਾਰ ਦੀਆਂ ਨੀਤੀਆਂ ਸਿਰਫ਼ ਐਲਾਨਾਂ ਤੱਕ ਸੀਮਿਤ ਨਹੀਂ, ਸਗੋਂ ਜ਼ਮੀਨੀ ਪੱਧਰ ’ਤੇ ਲਾਗੂ ਵੀ ਕੀਤੀਆਂ ਜਾ ਰਹੀਆਂ ਹਨ। ਇਸ ਯੋਜਨਾ ਵਿੱਚ ਕਿਸੇ ਵੀ ਤਰ੍ਹਾਂ ਦੀ ਆਮਦਨ ਸੀਮਾ ਨਹੀਂ ਰੱਖੀ ਗਈ, ਜਿਸ ਨਾਲ ਸਮਾਜ ਦੇ ਹਰ ਵਰਗ ਨੂੰ ਇਸ ਦਾ ਲਾਭ ਮਿਲੇਗਾ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਯੋਜਨਾ ਅਧੀਨ 2,356 ਤੋਂ ਵੱਧ ਇਲਾਜ ਪੈਕੇਜ ਸ਼ਾਮਿਲ ਹਨ, ਜਿਨ੍ਹਾਂ ਵਿੱਚ ਆਮ ਬਿਮਾਰੀਆਂ ਤੋਂ ਇਲਾਵਾ ਦਿਲ ਦੇ ਰੋਗ, ਕੈਂਸਰ, ਕਿਡਨੀ ਡਾਇਲਿਸਿਸ ਅਤੇ ਟਰਾਂਸਪਲਾਂਟ, ਨਿਊਰੋ ਸਰਜਰੀ, ਔਰਥੋਪੀਡਿਕ ਇਲਾਜ, ਡਿਲੀਵਰੀ ਸੇਵਾਵਾਂ, ਨਵਜਾਤ ਸ਼ਿਸ਼ੂ ਸੰਭਾਲ, ਹਾਦਸਿਆਂ ਅਤੇ ਐਮਰਜੈਂਸੀ ਇਲਾਜ ਵਰਗੀਆਂ ਵਿਸ਼ੇਸ਼ ਸੇਵਾਵਾਂ ਸ਼ਾਮਿਲ ਹਨ। ਇਲਾਜ ਨਾਲ ਸੰਬੰਧਤ ਸਾਰੀਆਂ ਜਾਂਚਾਂ ਅਤੇ ਦਵਾਈਆਂ ਵੀ ਪੂਰੀ ਤਰ੍ਹਾਂ ਮੁਫ਼ਤ ਹੋਣਗੀਆਂ। ਉਨ੍ਹਾਂ ਕਿਹਾ ਕਿ ਮਰੀਜ਼ ਦੇ ਹਸਪਤਾਲ ਵਿੱਚ ਦਾਖ਼ਲ ਹੋਣ ਨਾਲ ਹੀ ਇਲਾਜ ਪੂਰੀ ਤਰ੍ਹਾਂ ਕੈਸ਼ਲੈੱਸ ਹੋਵੇਗਾ ਅਤੇ ਸਿਰਫ਼ ਸਿਹਤ ਕਾਰਡ ਦਿਖਾ ਕੇ ਸਾਰੀਆਂ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਵਰਤਮਾਨ ਸਮੇਂ ਵਿੱਚ ਯੋਜਨਾ ਅਧੀਨ 850 ਤੋਂ ਵੱਧ ਸਰਕਾਰੀ ਅਤੇ ਨਿੱਜੀ ਹਸਪਤਾਲ ਸੂਚੀਬੱਧ ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਹਸਪਤਾਲ ਵੀ ਜੋੜੇ ਜਾਣਗੇ। ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਅੱਜ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਹਰ ਨਾਗਰਿਕ ਨੂੰ ਮੁਫ਼ਤ ਸਿਹਤ, ਮੁਫ਼ਤ ਸਿੱਖਿਆ, ਮੁਫ਼ਤ ਬਿਜਲੀ ਅਤੇ ਮੁਫ਼ਤ ਬੱਸ ਯਾਤਰਾ ਦੀ ਗਾਰੰਟੀ ਦਿੱਤੀ ਗਈ ਹੈ। ਇਹ ਯੋਜਨਾ ਪੰਜਾਬ ਸਰਕਾਰ ਦੀ ਜਨ-ਪੱਖੀ ਸੋਚ ਅਤੇ ਆਮ ਆਦਮੀ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਸ ਮੌਕੇ ‘ਆਪ’ ਯੂਥ ਵਿੰਗ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਐਡਵੋਕੇਟ ਹਰਸਿਮਰਨ ਸਿੰਘ ਮਲਹੋਤਰਾ ਰਾਮੇਆਣਾ, ‘ਆਪ’ ਯੂਥ ਵਿੰਗ ਬਲਾਕ ਜੈਤੋ ਦੇ ਕੋਆਰਡੀਨੇਟਰ ਸੰਦੀਪ ਸਿੰਘ ਬਰਾੜ ਨੰਬਰਦਾਰ ਰੋੜੀਕਪੂਰਾ, ਸਰਪੰਚ ਜਸਕਰਨ ਸਿੰਘ ਬਰਾੜ ਨਵਾਂ ਰੋੜੀਕਪੂਰਾ, ਸਰਪੰਚ ਅਰਵਿੰਦਰ ਸਿੰਘ ‘ਬਿੰਦਰ ਬਰਾੜ’ ਗੁਲਾਬਗੜ੍ਹ (ਰੋੜੀਕਪੂਰਾ), ਸਰਪੰਚ ਜਸਪਾਲ ਸਿੰਘ ‘ਜੱਸਾ ਬਰਾੜ’ ਰੋੜੀਕਪੂਰਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ।