ਲਾਈਵ ਕੁਇਜ਼ ਮੁਕਾਬਲੇ ਦੇ ਜੇਤੂਆਂ ਦਾ ਕੀਤਾ ਸਨਮਾਨ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸਤਰੀ ਵਿੰਗ ਵੱਲੋਂ ਕੀਤੇ ਗਏ ਸਵਾਲ-ਜਵਾਬ
Publish Date: Thu, 01 Jan 2026 03:25 PM (IST)
Updated Date: Fri, 02 Jan 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਵਾਰਾ ਪਾਤਸ਼ਾਹੀ ਦਸਵੀਂ ਜੈਤੋ ਰੋਡ, ਕੋਟਕਪੂਰਾ ਤੋਂ ਕੱਢੇ ਗਏ ਨਗਰ ਕੀਰਤਨ ਦੌਰਾਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਇਸਤਰੀ ਵਿੰਗ ਵੱਲੋਂ ਲਾਈਵ ਕੁਇਜ਼ ਪੋ੍ਰਗਰਾਮ ਤਹਿਤ ਸਵਾਲ-ਜਵਾਬ ਕੀਤੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਜੇਤੂਆਂ ਨੂੰ ਇਨਾਮ ਵਜੋਂ ਧਾਰਮਿਕ ਕਿਤਾਬਾਂ ਦਿੱਤੀਆਂ ਗਈਆਂ। ਬੀਬਾ ਗੁਰਲੀਨ ਕੌਰ ਅਤੇ ਬੀਬਾ ਨਵਪ੍ਰੀਤ ਕੌਰ ਨੇ ਦੱਸਿਆ ਕਿ ਸਵਾਲ-ਜਵਾਬ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਗੁਰਦਵਾਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਅਤੇ ਚੜਦੀਕਲਾ ਲਈ ਗੁਰੂ ਸਾਹਿਬ ਮੂਹਰੇ ਅਰਦਾਸ ਬੇਨਤੀ ਕੀਤੀ ਗਈ। ਬੀਬਾ ਬੇਅੰਤ ਕੌਰ, ਬੀਬਾ ਅਸ਼ਪ੍ਰੀਤ ਕੌਰ ਨੇ ਦੱਸਿਆ ਕਿ ਨਗਰ ਕੀਰਤਨ ਦੇ ਨਾਲ ਨਾਲ ਬੱਚਿਆਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਬਾਰੇ ਜਾਣੂ ਵੀ ਕਰਵਾਇਆ ਗਿਆ। ਕਾਕਾ ਆਲਮਜੀਤ ਸਿੰਘ ਅਤੇ ਕਾਕਾ ਨੂਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਵਾਰ ਵਾਰ ਦੁਹਰਾਇਆ ਗਿਆ ਗੁਰਦਵਾਰਾ ਸਾਹਿਬ ਵਿੱਚ ਹਰ ਵੀਰਵਾਰ ਗੁਰਬਾਣੀ ਕਲਾਸਾਂ ਲੱਗਦੀਆਂ ਹਨ ਤਾਂ ਮਾਪਿਆਂ ਨੇ ਖੁਸ਼ੀ ਮਹਿਸੂਸ ਕਰਦਿਆਂ ਆਪਣੇ ਬੱਚਿਆਂ ਨੂੰ ਹਰ ਵੀਰਵਾਰ ਨਿਯਮਤ ਗੁਰਦਵਾਰਾ ਸਾਹਿਬ ਵਿਖੇ ਭੇਜਣ ਦਾ ਵਾਅਦਾ ਕੀਤਾ। ਉਹਨਾ ਦੱਸਿਆ ਕਿ ਧਾਰਮਿਕ ਕਿਤਾਬਾਂ ਵੰਡਣ, ਸਵਾਲ-ਜਵਾਬ ਦਾ ਸਿਲਸਿਲਾ ਜਾਰੀ ਰੱਖਣ ਅਤੇ ਇਕ ਵਿਅਕਤੀ ਇਕ ਇਨਾਮ ਦੀ ਲੜੀ ਤਹਿਤ ਇਸ ਪ੍ਰੋਗਰਾਮ ਨੂੰ ਭਵਿੱਖ ਵਿੱਚ ਵੀ ਚੱਲਦਾ ਰੱਖਣ ਦਾ ਫੈਸਲਾ ਕੀਤਾ ਗਿਆ। ਉਹਨਾ ਦੱਸਿਆ ਕਿ ਲਾਈਵ ਕੁਇਜ਼ ਦੇ ਸਵਾਲ-ਜਵਾਬ ਪ੍ਰੋਗਰਾਮ ਵਿੱਚ ਜੈਕਾਰਾ ਮੂਵਮੈਂਟ ਸ਼ੋਸ਼ਲ ਆਰਗੇਨਾਈਜੇਸ਼ਨ ਦੇ ਸੰਸਥਾਪਕ ਅਮਰਦੀਪ ਸਿੰਘ ਦੀਪਾ ਅਤੇ ਚੇਅਰਮੈਨ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਸਮੁੱਚੀ ਟੀਮ ਦਾ ਭਰਪੂਰ ਸਹਿਯੋਗ ਰਿਹਾ।