ਚੰਦਭਾਨ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਚੋਣ ਹੋਈ
ਪਿੰਡ ਚੰਦਭਾਨ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਇਕਾਈ ਦੀ ਚੋਣ ਕੀਤੀ ਗਈ
Publish Date: Thu, 29 Jan 2026 03:20 PM (IST)
Updated Date: Fri, 30 Jan 2026 04:01 AM (IST)
ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਚੰਦਭਾਨ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਇਕਾਈ ਦੀ ਚੋਣ ਕੀਤੀ ਗਈ। ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਨੰਗਲ ਨੇ ਕਿਹਾ ਕਿ ਅਜ਼ਾਦੀ ਦੇ ਲਗਭਗ ਸੱਤ ਦਹਾਕੇ ਬੀਤਣ ਤੋਂ ਬਾਅਦ ਮਜ਼ਦੂਰਾਂ ਕਿਸਾਨਾਂ ਦੀ ਜ਼ਿੰਦਗੀ ਵਿੱਚ ਕੋਈ ਬੁਨਿਆਦੀ ਤਬਦੀਲੀ ਨਹੀਂ ਆਈ। ਇਸ ਹਾਲਤ ਪਿੱਛੇ ਸਰਕਾਰਾਂ ਦੀਆਂ ਨੀਤੀਆਂ ਤੇ ਨੀਤ ਦਾ ਮਜ਼ਦੂਰ ਪੱਖੀ ਨਾ ਹੋਣਾ ਹੈ। ਮਜ਼ਦੂਰ ਕਿਸਾਨ ਦਿਨ ਬ ਦਿਨ ਗੁਰਬਤ ਭਰੀ ਜ਼ਿੰਦਗੀ ਹੰਢਾ ਰਹੇ ਹਨ। ਇਹਨਾਂ ਸਾਰੀਆਂ ਹਾਲਤਾਂ ਦੇ ਪਿੱਛੇ ਹਾਕਮਾਂ ਦੀਆਂ ਨਿੱਜੀਕਰਨ ਅਤੇ ਕਾਰਪੋਰੇਟਕਰਨ ਦੀਆਂ ਨੀਤੀਆਂ ਹਨ। ਉਹਨਾਂ ਕਿਹਾ ਕਿ ਮਜ਼ਦੂਰ ਦੀ ਹਾਲਤ ਵਿੱਚ ਬੁਨਿਆਦੀ ਤਬਦੀਲੀ ਕਰਨ ਲਈ ਜ਼ਮੀਨ ਦੀ ਕਾਣੀ ਵੰਡ ਖ਼ਤਮ ਕਰਕੇ ਬਰਾਬਰ ਵੰਡਣ ਦਾ ਸਵਾਲ ਹੈ। ਉਹਨਾਂ ਕਿਹਾ ਕਿ ਬੁਨਿਆਦੀ ਤਬਦੀਲੀ ਕਰਨ ਲਈ ਵੋਟ ਪਾਰਟੀਆਂ ਤੋਂ ਹਟ ਕੇ ਆਪਣੇ ਸੰਘਰਸ਼ਾਂ ਤੇ ਟੇਕ ਰੱਖਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮਜ਼ਦੂਰਾਂ ਨੂੰ ਆਪਣੀਆਂ ਆੰਸ਼ਿਕ ਮੰਗਾਂ ਤੇ ਲੜਦੇ ਹੋਏ ਬੁਨਿਆਦੀ ਤਬਦੀਲੀ ਕਰਨ ਦੇ ਰਾਹ ਪੈਣਾ ਚਾਹੀਦਾ ਹੈ। ਅੱਜ ਦੀ ਇਕੱਤਰਤਾ ਵਿੱਚ ਗੁਰਮੇਲ ਸਿੰਘ ਨੂੰ ਪ੍ਰਧਾਨ, ਕੀੜੂ ਸਿੰਘ ਨੂੰ ਜਨਰਲ ਸਕੱਤਰ ਅਤੇ ਸੁਖਜੀਤ ਕੌਰ ਨੂੰ ਖਜ਼ਾਨਚੀ ਸਮੇਤ 30 ਮੈਂਬਰਾਂ ਦੀ ਚੋਣ ਕੀਤੀ ਗਈ।