- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਬਕਾਏ ਤੁਰੰਤ ਜਾਰੀ ਕਰੇ : ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਬਲਾਕ ਜੈਤੋ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਜੈਤੋ, ਜ਼ਿਲ੍ਹਾ ਫ਼ਰੀਦਕੋਟ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਦੀਆਂ ਵੱਖ-ਵੱਖ ਸਮੱਸਿਆਵਾਂ, ਹੱਕੀ ਮੰਗਾਂ ਅਤੇ ਮੌਜੂਦਾ ਹਾਲਾਤਾਂ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੀ ਕਾਰਵਾਈ ਦੀ ਸ਼ੁਰੂਆਤ ਜਨਰਲ ਸਕੱਤਰ ਗੁਰਮੀਤ ਸਿੰਘ ਬਰਾੜ ਨੇ ਕੀਤੀ। ਉਨ੍ਹਾਂ ਪਿਛਲੇ ਮਈ ਮਹੀਨੇ ਦੌਰਾਨ ਐਸੋਸੀਏਸ਼ਨ ਵੱਲੋਂ ਕੀਤੀਆਂ ਗਤੀਵਿਧੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 17 ਮਈ 2026 ਨੂੰ ਸਾਂਝਾ ਫਰੰਟ ਵੱਲੋਂ ਜਲੰਧਰ ਵਿਖੇ ਕਰਵਾਈ ਗਈ ਕਾਨਫਰੰਸ ਵਿੱਚ ਬਲਾਕ ਜੈਤੋ ਦੇ 6 ਮੈਂਬਰਾਂ ਨੇ ਭਾਗ ਲੈ ਕੇ ਪੈਨਸ਼ਨਰਾਂ ਦੇ ਹੱਕਾਂ ਦੀ ਅਵਾਜ਼ ਬੁਲੰਦ ਕੀਤੀ। ਮੀਟਿੰਗ ਦੌਰਾਨ ਪੈਨਸ਼ਨਰ ਭਾਈਚਾਰੇ ਨਾਲ ਸਬੰਧਤ ਪ੍ਰੀਤਮ ਕੌਰ (ਮਾਤਾ ਖੜਕ ਸਿੰਘ ਗੋਂਦਾਰਾ), ਜਗਜੀਤ ਸਿੰਘ (ਪਿਤਾ ਕਰਮਵੀਰ ਸਿੰਘ, ਫਾਰਮੇਸੀ ਅਫ਼ਸਰ), ਬਲਵਿੰਦਰ ਸਿੰਘ (ਰੋਡਵੇਜ਼ ਵਿਭਾਗ, ਜੈਤੋ) ਅਤੇ ਹਰਜਿੰਦਰ ਕੌਰ (ਪਤਨੀ ਫੈਜ ਸਿੰਘ ਕਾਸਮ ਭੱਟੀ) ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਮੂਹ ਮੈਂਬਰਾਂ ਨੇ ਦੋ ਮਿੰਟ ਦਾ ਮੌਨ ਧਾਰ ਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਸੁਰਜੀਤ ਸਿੰਘ ਅਤੇ ਮੇਜਰ ਸਿੰਘ ਜੈਤੋ ਦਾ ਜਨਮ ਦਿਨ ਵੀ ਮਨਾਇਆ ਗਿਆ ਅਤੇ ਉਨ੍ਹਾਂ ਨੂੰ ਨਿੱਘੀਆਂ ਮੁਬਾਰਕਾਂ ਦਿੱਤੀਆਂ ਗਈਆਂ। ਨਾਲ ਹੀ ਪ੍ਰਿੰਸੀਪਲ ਬਿਸ਼ੰਬਰ ਦਾਸ (ਸਿੱਖਿਆ ਵਿਭਾਗ) ਅਤੇ ਜਸਵਿੰਦਰ ਕੌਰ (ਸਿਹਤ ਵਿਭਾਗ) ਨੂੰ ਐਸੋਸੀਏਸ਼ਨ ਦੇ ਨਵੇਂ ਮੈਂਬਰਾਂ ਵਜੋਂ ਸ਼ਾਮਲ ਕਰਕੇ ਜੀ ਆਇਆਂ ਆਖਿਆ ਗਿਆ। ਮੀਟਿੰਗ ਦੌਰਾਨ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਸਬੰਧਤ ਚੱਲ ਰਹੇ ਅਦਾਲਤੀ ਮਾਮਲੇ ਵਿੱਚ ਅਪਣਾਏ ਗਏ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੇਅ ਫਿਕਸੇਸ਼ਨ ਦੇ ਬਕਾਏ ਅਤੇ ਡੀ.ਏ. ਸਬੰਧੀ ਫ਼ੈਸਲਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਦਿੱਤਾ ਜਾ ਚੁੱਕਾ ਹੈ, ਪਰ ਪੰਜਾਬ ਸਰਕਾਰ ਅਜੇ ਤੱਕ ਇਹ ਬਕਾਏ ਜਾਰੀ ਕਰਨ ਤੋਂ ਟਾਲਮਟੋਲ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਸੀਲਬੰਦ ਲਿਫਾਫੇ ਦੀ ਸਮੱਗਰੀ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਉਮੀਦਾਂ ਨੂੰ ਠੇਸ ਪਹੁੰਚਾਈ ਹੈ। ਮੀਟਿੰਗ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੇਅ ਫਿਕਸੇਸ਼ਨ ਦੇ ਬਕਾਏ ਅਤੇ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਬਿਨਾਂ ਦੇਰੀ ਜਾਰੀ ਕੀਤੀਆਂ ਜਾਣ। ਇਸ ਮੌਕੇ ਮਾਸਟਰ ਸੁਰਿੰਦਰ ਪਾਲ ਲੂੰਬਾ ਵੱਲੋਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਰਾੜ ਨੂੰ ਸੰਸਥਾ ਪ੍ਰਤੀ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਅਤੇ ਸਮਰਪਿਤ ਕਾਰਜਸ਼ੈਲੀ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਵੱਲੋਂ ਆਪਣੇ ਬੇਟੇ ਨਰਿੰਦਰਪਾਲ ਸਿੰਘ ਦੇ ਐਮ.ਸੀ. ਚੁਣੇ ਜਾਣ ਦੀ ਖੁਸ਼ੀ ਵਿੱਚ ਸਮੂਹ ਮੈਂਬਰਾਂ ਲਈ ਚਾਹ ਪਾਰਟੀ ਦਾ ਆਯੋਜਨ ਵੀ ਕੀਤਾ ਗਿਆ। ਮੀਟਿੰਗ ਨੂੰ ਬਾਬਾ ਵੀਰ ਸਿੰਘ, ਕੁਲਬੀਰ ਸਿੰਘ ਸੰਧੂ, ਮੇਲਾ ਰਾਮ ਗੋਇਲ, ਸੂਬਾ ਸਿੰਘ ਰਾਮੇਆਣਾ, ਸੁਰਿੰਦਰਪਾਲ ਸਿੰਘ ਝੱਖੜਵਾਲਾ, ਜਗਦੀਸ਼ ਰਾਏ ਅਰੋੜਾ, ਸੁਰਿੰਦਰ ਪਾਲ ਲੂੰਬਾ, ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਅਤੇ ਮਲਕੀਤ ਸਿੰਘ ਢਿੱਲੋਂ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ ਅਤੇ ਪੈਨਸ਼ਨਰਾਂ ਨਾਲ ਜੁੜੇ ਮੁੱਦਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੀਟਿੰਗ ਵਿੱਚ ਗੁਰਬਖਸ਼ ਸਿੰਘ, ਪ੍ਰੈੱਸ ਸਕੱਤਰ ਜਗਜੀਤ ਸਿੰਘ, ਗਿਰਧਾਰੀ ਲਾਲ, ਲਾਭ ਸਿੰਘ ਡੋਡ, ਕੀਰਤਨ ਸਿੰਘ, ਸੋਹਨ ਲਾਲ ਮਹਿਤਾ, ਛੋਟੂ ਰਾਮ, ਵੇਦ ਪ੍ਰਕਾਸ਼ ਜੋਸ਼ੀ, ਕੁਲਵੰਤ ਸਿੰਘ, ਨਾਹਰ ਸਿੰਘ, ਗੁਰਦੀਪ ਸਿੰਘ ਸੇਵੇਵਾਲਾ, ਪਟਵਾਰੀ ਜਸਵਿੰਦਰ ਸਿੰਘ, ਗੁਰਮੇਲ ਸਿੰਘ ਮੱਤਾ, ਮਾਹਲਾ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਪੈਨਸ਼ਨਰ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਗੁਰਦੀਪ ਸਿੰਘ ਰਾਮੇਆਣਾ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਸਮੂਹ ਪੈਨਸ਼ਨਰਾਂ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਦੀ ਏਕਤਾ ਅਤੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।