ਕੇਂਦਰ ਸਰਕਾਰ ਦੇ ਬਜਟ ਨੂੰ ਪੰਜਾਬ ਵਿਰੋਧੀ ਦੱਸਿਆ
ਬਜਟ ’ਚ ਪੰਜਾਬ ਨਾਲ ਹਮੇਸ਼ਾ ਵਾਂਗ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ : ਕਾਂਗਰਸੀ ਆਗੂ
Publish Date: Wed, 04 Feb 2026 06:00 PM (IST)
Updated Date: Thu, 05 Feb 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਲੋਕ ਸਭਾ ਹਲਕਾ ਫ਼ਰੀਦਕੋਟ ਦੇ ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸੀਨੀਅਰ ਮਹਿਲਾ ਕਾਂਗਰਸੀ ਆਗੂ ਬੀਬਾ ਜਾਵੇਦ ਅਖ਼ਤਰ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ ਅਤੇ ਸੀਨੀਅਰ ਕਾਂਗਰਸੀ ਆਗੂ ਸੰਜੀਵ ਭਾਰਦਵਾਜ ‘ਰਾਜਾ’ ਨੇ ਸੰਸਦ ’ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਪੂਰੀ ਤਰ੍ਹਾਂ ਪੰਜਾਬ ਵਿਰੋਧੀ, ਕਿਸਾਨ ਵਿਰੋਧੀ ਅਤੇ ਗ਼ਰੀਬ ਵਿਰੋਧੀ ਦੱਸਿਆ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਪੰਜਾਬ ਦਾ ਲਗਭਗ 10 ਹਜ਼ਾਰ ਕਰੋੜ ਰੁਪਏ ਦਾ ਆਰ.ਡੀ.ਅੱੈਫ. (ਪੇਂਡੂ ਵਿਕਾਸ ਫ਼ੰਡ) ਕੇਂਦਰ ਸਰਕਾਰ ਕੋਲ ਬਕਾਇਆ ਹੈ, ਫਿਰ ਵੀ ਬਜਟ ’ਚ ਇਸ ਦੀ ਅਦਾਇਗੀ ਦਾ ਜ਼ਿਕਰ ਨਹੀਂ ਕੀਤਾ ਗਿਆ। ਇਹ ਪੈਸਾ ਪੰਜਾਬ ਦੇ ਪੇਂਡੂ ਵਿਕਾਸ ਤੇ ਬੁਨਿਆਦੀ ਢਾਂਚੇ ਲਈ ਬਹੁਤ ਮਹੱਤਵਪੂਰਨ ਹੈ ਤੇ ਜਾਣ ਬੁੱਝ ਕੇ ਰੋਕਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਬਜਟ ਵਿਚ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਦੀ ਕਾਨੂੰਨੀ ਗਰੰਟੀ ਲਈ ਕੋਈ ਪ੍ਰਬੰਧ ਸ਼ਾਮਿਲ ਨਹੀਂ ਹੈ, ਹਾਲਾਂਕਿ ਦੇਸ਼ ਨੇ ਹਾਲ ਹੀ ’ਚ ਸਭ ਤੋਂ ਵੱਡਾ ਇਤਿਹਾਸਕ ਕਿਸਾਨ ਅੰਦੋਲਨ ਦੇਖਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦਿਆਂ ਦੇ ਬਾਵਜੂਦ, ਉਨ੍ਹਾਂ ਦੀ ਕੋਈ ਵੀ ਮੰਗ ਪੂਰੀ ਨਹੀਂ ਹੋਈ। ਇਸ ਬਜਟ ਵਿਚ ਨਾ ਤਾਂ ਨੌਜਵਾਨਾਂ ਲਈ ਕੋਈ ਠੋਸ ਰੁਜ਼ਗਾਰ ਯੋਜਨਾ ਹੈ, ਨਾ ਹੀ ਮਹਿੰਗਾਈ ਤੋਂ ਕੋਈ ਰਾਹਤ ਤੇ ਨਾ ਹੀ ਛੋਟੇ ਕਾਰੋਬਾਰਾਂ ਤੇ ਅੱੈਮ.ਐੱਸ.ਐੱਮ.ਈ. ਸੈਕਟਰ ਲਈ ਕੋਈ ਪ੍ਰਭਾਵਸ਼ਾਲੀ ਪੈਕੇਜ ਦਾ ਜ਼ਿਕਰ ਹੈ। ਇਹ ਬਜਟ ਸਿਰਫ਼ ਵੱਡੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਂਦਾ ਹੈ ਤੇ ਆਮ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉੱਤਰਨ ਵਿਚ ਅਸਫਲ ਰਿਹਾ ਹੈ।