ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਵਿਰੁੱਧ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ
ਪੁਲਿਸ ਪ੍ਰਸ਼ਾਸਨ ਦੀ ਧੱਕੇਸ਼ਾਹੀ ਵਿਰੁੱਧ ਸਿੱਧੂਪੁਰ ਜਥੇਬੰਦੀ ਦੇ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ
Publish Date: Mon, 02 Feb 2026 03:31 PM (IST)
Updated Date: Tue, 03 Feb 2026 04:02 AM (IST)

ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਐੱਸਐੱਸਪੀ ਦਾ ਪੁਤਲਾ ਫੂਕਿਆ ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਪੀੜਤ ਕਿਸਾਨਾਂ ਨਾਲ ਕੀਤੀ ਜਾ ਰਹੀ ਫ਼ਰੀਦਕੋਟ ਪੁਲਿਸ ਪ੍ਰਸ਼ਾਸਨ ਵੱਲੋ ਧੱਕੇਸ਼ਾਹੀ ਵਿਰੁੱਧ ਐਸਐਸਪੀ ਫ਼ਰੀਦਕੋਟ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਵੱਡੀ ਗਿਣਤੀ ਕਿਸਾਨਾਂ ਵੱਲੋਂ ਬਾਜਾਖਾਨਾ, ਜੈਤੋ ਅਤੇ ਕੋਟਕਪੂਰਾ ਬਲਾਕਾਂ ਵਿੱਚ ਪੁਤਲੇ ਫੂਕੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬੋਹੜ ਸਿੰਘ ਰੁਪੱਈਆਂ ਵਾਲਾ, ਬਲਾਕ ਬਾਜਾਖਾਨਾ ਦੇ ਪ੍ਰਧਾਨ ਬਲਜਿੰਦਰ ਸਿੰਘ ਵਾੜਾ ਭਾਈਕਾ ਅਤੇ ਬਲਾਕ ਜਨਰਲ ਸਕੱਤਰ ਸੁਖਪ੍ਰੀਤ ਸਿੰਘ ਝੱਖੜਵਾਲਾ ਨੇ ਕਿਹਾ ਕਿ ਪ੍ਰਸ਼ਾਸਨ ਦਾ ਕੰਮ ਲੋਕਾਂ ਨੂੰ ਇਨਸਾਫ਼ ਦਿਵਾਉਣਾ ਹੁੰਦਾ ਹੈ ਪਰ ਫ਼ਰੀਦਕੋਟ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਪੀੜਤ ਕਿਸਾਨਾਂ ਨੂੰ ਇਨਸਾਫ਼ ਦੇਣ ਦੀ ਬਜਾਏ ਪੀੜਤਾਂ ਉੱਪਰ ਹੀ ਪਰਚੇ ਪਾਉਣ ਦਾ ਡਰਾਵਾ ਦੇ ਕੇ ਉਹਨਾਂ ਨੂੰ ਡਰਾਇਆ, ਧਮਕਾਇਆ ਅਤੇ ਜਲੀਲ ਕੀਤਾ ਜਾ ਰਿਹਾ ਜਿਸ ਦੇ ਰੋਸ ਵੱਜੋਂ ਜਥੇਬੰਦੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਅਨੁਸਾਰ ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਬਾਜਾਖਾਨਾ, ਜੈਤੋ, ਕੋਟਕਪੂਰਾ ਆਦਿ ਵਿੱਚ ਐਸਐਸਪੀ ਫ਼ਰੀਦਕੋਟ ਦੇ ਪੁਤਲੇ ਫੂਕੇ ਗਏ ਅਤੇ ਇਸੇ ਤਰ੍ਹਾਂ ਰੋਜ਼ਾਨਾ ਇਨਸਾਫ਼ ਨਾਂ ਦੇਣ ਅਤੇ ਧੱਕੇਸ਼ਾਹੀ ਕਰਨ ਵਾਲੇ ਫ਼ਰੀਦਕੋਟ ਪੁਲਿਸ ਪ੍ਰਸ਼ਾਸਨ ਦੇ ਮੁਖੀ ਦੇ ਪੁਤਲੇ ਫੂਕਣ ਲਈ ਲਾਮਬੰਦੀ ਕਰਦੇ ਹੋਏ ਵੱਖ-ਵੱਖ ਪਿੰਡਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸੇ ਸਬੰਧ ਵਿੱਚ ਆਉਣ ਵਾਲੇ ਦਿਨਾਂ ਵਿੱਚ ਪਿੰਡ ਪਿੰਡ ਦੇ ਵਿੱਚ ਫ਼ਰੀਦਕੋਟ ਪ੍ਰਸ਼ਾਸਨ ਦੇ ਪੁਤਲੇ ਸਾੜਨ ਦਾ ਸਿਲਸਿਲਾ ਜਾਰੀ ਰਹੇਗਾ ਅਤੇ ਆਉਣ ਵਾਲੀ 9 ਫਰਵਰੀ ਨੂੰ ਇਨਸਾਫ਼ ਨਾ ਮਿਲਣ ’ਤੇ ਵੱਡਾ ਪ੍ਰਦਰਸ਼ਨ ਕਰਨ ਦਾ ਵੀ ਪ੍ਰੋਗਰਾਮ ਜਥੇਬੰਦੀ ਵੱਲੋਂ ਤਹਿ ਕੀਤਾ ਗਿਆ ਹੈ। ਉਨ੍ਹਾਂ ਅੱਗੇ ਗੱਲਬਾਤ ਕਰਦਿਆਂ ਹੋਇਆਂ ਦੋਸ਼ ਲਾਇਆ ਕਿ ਸਰਕਾਰਾਂ ਦੀ ਰਾਜਨੀਤਿਕ ਲੋਕਾਂ ਨੂੰ ਇਨਸਾਫ਼ ਦੇਣ ਲਈ ਹੋਰ ਅਤੇ ਕਿਸਾਨਾਂ ਅਤੇ ਕਿਸਾਨ ਆਗੂਆਂ ਲਈ ਹੋਰ ਅੱਖ ਹੈ ਜਿਸ ਦੀ ਉਦਾਹਰਨ ਤੁਸੀਂ ਪਿਛਲੇ ਦਿਨੀਂ ਮਹਾਰਾਣੀ ਪਰਨੀਤ ਕੌਰ ਨਾਲ ਹੋਈ ਠੱਗੀ ਤੋਂ ਲਗਾ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਕੁੱਝ ਹੀ ਘੰਟਿਆਂ ਵਿੱਚ ਸਾਰੇ ਦੋਸ਼ੀਆਂ ਨੂੰ ਬਾਹਰਲੀਆਂ ਸਟੇਟਾਂ ਤੋਂ ਜਾ ਕੇ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪ੍ਰੰਤੂ ਕਿਸਾਨਾਂ ਦੇ ਹੱਕਾਂ ਹਕੂਕਾਂ ਲਈ ਲੜਨ ਵਾਲੇ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਉੱਪਰ ਹਮਲਾ ਕਰਨ ਉਹਨਾਂ ਨੂੰ ਜਾਨ ਤੋਂ ਮਾਰਨ ਦੀਆਂ ਜੋ ਖ਼ਬਰਾਂ ਪਿਛਲੇ ਦਿਨੀਂ ਵਇਰਲ ਹੋਈਆਂ ਸਨ। ਉਸ ਉਪਰ ਸੰਜੀਦਗੀ ਨਾਲ ਕੰਮ ਕਰਦੇ ਹੋਏ ਦੋਸ਼ੀਆਂ ਨੂੰ ਫੜਨ ਵਾਸਤੇ ਪ੍ਰਸ਼ਾਸਨ ਵੱਲੋਂ ਕੁੱਝ ਨਹੀਂ ਕੀਤਾ ਗਿਆ। ਕਿਸਾਨ ਆਗੂਆਂ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਆਗੂ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਵੱਲੋਂ ਕਿਸਾਨ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋ ਕੇ ਪਹਿਲਾ 22 ਦਸੰਬਰ ਨੂੰ ਐਸਪੀਡੀ ਫ਼ਰੀਦਕੋਟ, 31 ਦਸੰਬਰ ਨੂੰ ਐਸਐਸਪੀ ਫ਼ਰੀਦਕੋਟ ਦੇ ਵਟਸਐਪ ਗਰੁੱਪ ਵਿੱਚ ਉਹ ਵਾਇਰਲ ਆਡੀਓ ਵੀ ਪਾਈ ਗਈ ਜਿਸ ਵਿੱਚ ਕਿਸਾਨਾਂ ਦੇ ਆਗੂਆਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ 31 ਦਸੰਬਰ ਨੂੰ ਐਸਪੀਐਚ ਫ਼ਰੀਦਕੋਟ ਨੂੰ ਇਹ ਸਬੰਧੀ ਮਿਲਿਆ ਵੀ ਗਿਆ ਸੀ ਅਤੇ 29 ਜਨਵਰੀ ਨੂੰ ਸਾਰੇ ਹੀ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਵੀ ਇਸ ਸਬੰਧੀ ਕਾਰਵਾਈ ਕਰਨ ਅਤੇ ਕੀਤੀ ਗਈ ਕਾਰਵਾਈ ਸਬੰਧੀ ਜ਼ਿਲ੍ਹਾ ਪ੍ਰਧਾਨ ਵੱਲੋਂ ਲਿਖਤ ਵਿੱਚ ਪ੍ਰਸ਼ਾਸਨ ਤੋਂ ਜਾਣਕਾਰੀ ਮੰਗੀ ਗਈ। ਪ੍ਰੰਤੂ ਪ੍ਰਸ਼ਾਸਨ ਵੱਲੋਂ ਇਸ ਬੇਹੱਦ ਸੰਜੀਦਾ ਮੁੱਦੇ ਉੱਤੇ ਇੰਨਾ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਖ਼ਜ਼ਾਨਚੀ ਗੁਰਾਂਦਿੱਤਾ ਸਿੰਘ ਬਾਜਾਖਾਨਾ, ਬਲਾਕ ਜੈਤੋ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ, ਨੌਜਵਾਨ ਆਗੂ ਜਤਿੰਦਰਜੀਤ ਸਿੰਘ ਜੈਤੋ, ਬਲਾਕ ਸਕੱਤਰ ਬੂਟਾ ਸਿੰਘ ਉਕੰਦਵਾਲਾ, ਇਕਾਈ ਪ੍ਰਧਾਨ ਉਕੰਦਵਾਲਾ ਹਰਭਗਵਾਨ ਸਿੰਘ, ਪ੍ਰੈੱਸ ਸਕੱਤਰ ਬਲਾਕ ਬਾਜਾਖਾਨਾ ਗੁਰਪ੍ਰੀਤ ਸਿੰਘ ਸਿੱਧੂ ਵਾੜਾ ਭਾਈਕਾ, ਨਾਹਰ ਸਿੰਘ ਪੱਪਾ ਪ੍ਰਧਾਨ ਡੋਡ, ਸੁਖਮੰਦਰ ਸਿੰਘ ਘਣੀਆਂ, ਕਰਮ ਸਿੰਘ ਘਣੀਆਂ, ਜਗਮੀਤ ਸਿੰਘ ਮੱਲਾ, ਰੁਲਦੂ ਸਿੰਘ ਲੰਭਵਾਲੀ, ਸੁਖਦੇਵ ਸਿੰਘ ਬਾਜਾਖਾਨਾ, ਕੁਲਵੀਰ ਸਿੰਘ ਝੱਖੜਵਾਲਾ, ਹਰਚਰਨ ਸਿੰਘ ਡੋਡ, ਗੁਰਨਾਮ ਸਿੰਘ ਵਾੜਾ ਭਾਈਕਾ, ਰਾਜੂ ਸਿੰਘ, ਵਿਪਨ ਸਿੰਘ ਸੇਖੋਂ, ਸਿਮਰਜੀਤ ਸਿੰਘ ਆਦਿ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ।