ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਨੇ ਸੈਮੀਨਾਰ ਕਰਵਾਇਆ
ਹਵਾ ਦੇ ਪ੍ਰਦੂਸ਼ਣ ਦੇ ਪੈਮਾਨੇ ਨੂੰ ਨਾ ਸੰਭਾਲਿਆ ਤਾਂ ਨਵੀਂ ਪੀੜ੍ਹੀ ਦਾ ਭਵਿੱਖ ਅਸੁਰੱਖਿਅਤ!
Publish Date: Sun, 07 Jun 2026 05:39 PM (IST)
Updated Date: Mon, 08 Jun 2026 04:05 AM (IST)

ਏਅਰ ਕੁਆਲਟੀ ਇੰਡਕਸ ’ਚ ਸੁਧਾਰ ਕਰਨਾ ਜ਼ਰੂਰੀ : ਮਹਿੰਦੀਰੱਤਾ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਜੇਕਰ ਹਵਾ ਦੇ ਪ੍ਰਦੂਸ਼ਣ ਦਾ ਪੈਮਾਨਾ ਅਰਥਾਤ ਏਅਰ ਕੁਆਲਟੀ ਇੰਡੈਕਸ (ਏ.ਕਿਊ.ਆਈ.) ਵਿੱਚ ਸੁਧਾਰ ਨਾ ਕੀਤਾ ਅਰਥਾਤ ਵਾਤਾਵਰਣ ਦੀ ਸੰਭਾਲ ਦੀ ਆਦਤ ਨਾ ਪਾਈ ਤਾਂ ਆਉਣ ਵਾਲੀ ਨਵੀਂ ਪੀੜੀ ਦਾ ਭਵਿੱਖ ਸੁਰੱਖਿਅਤ ਨਹੀਂ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਨਕ ਸਿੱਖਾਂਵਾਲਾ ਰੋਡ ’ਤੇ ਸਥਿੱਤ ਜੋਨਲ ਦਫਤਰ ਵਿਖੇ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜਰ ਚੱਲ ਰਹੇ ‘ਗਿਆਨ ਅੰਜਨੁ ਸਮਰ ਕੈਂਪ’ ਦੀ ਲੜੀ ਵਿੱਚ ‘ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ’ ਵਲੋਂ ਕੀਤੇ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਮੁੱਖ ਵਕਤਾ ਦੇ ਤੌਰ ’ਤੇ ਪੁੱਜੇ ਸਮਾਜਸੇਵੀ ਅਤੇ ਸੁਸਾਇਟੀ ਦੇ ਪੈ੍ਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਅੰਕੜਿਆਂ ਸਹਿਤ ਦਲੀਲ ਨਾਲ ਸਮਝਾਉਂਦਿਆਂ ਦੱਸਿਆ ਕਿ ਵਾਤਾਵਰਣ ਦੇ ਵਿਗਾੜ ਕਰਕੇ ਜੋ ਭਿਆਨਕ ਬਿਮਾਰੀਆਂ ਜਨਮ ਲੈ ਰਹੀਆਂ ਹਨ, ਉਸ ਨੇ ਸਾਡਾ ਜਨ ਜੀਵਨ ਅਸਤ ਵਿਅਸਤ ਕਰ ਦਿੱਤਾ ਹੈ ਅਤੇ ਇਸ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਆਉਣ ਵਾਲੀ ਪੀੜੀ ਦਾ ਭਵਿੱਖ ਸੁਰੱਖਿਅਤ ਨਹੀਂ। ਉਹਨਾ ਦੱਸਿਆ ਕਿ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੋਟਕਪੂਰਾ ਗਰੁੱਪ ਆਫ ਫੈਮਿਲੀਜ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਜਾਗਰੂਕਤਾ ਵਾਲੀਆ ਇਹ ਲੱਖਾਂ ਕਾਪੀਆਂ ਸਕੂਲਾਂ ਅਤੇ ਕਾਲਜਾਂ ਵਿੱਚ ਵੰਡੀਆਂ ਜਾ ਚੁੱਕੀਆਂ ਹਨ ਤਾਂ ਜੋ ਵਾਤਾਵਰਣ ਦੀ ਸੰਭਾਲ ਕਰਕੇ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਹਨਾ ਦੱਸਿਆ ਕਿ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਸਨੀਕ ਮੁੱਲ ਦਾ ਪਾਣੀ ਖਰੀਦ ਕੇ ਪੀਣ ਲਈ ਮਜਬੂਰ ਹਨ, ਕਿਉਂਕਿ ਅਸੀਂ ਆਪਣੇ ਕੁਦਰਤੀ ਸਰੋਤ ਪਲੀਤ ਕਰ ਲਏ ਅਤੇ ਧਰਤੀ ਹੇਠਲਾ ਪਾਣੀ ਜਾਂ ਤਾਂ ਡੂੰਘਾ ਹੋ ਗਿਆ ਤੇ ਜਾਂ ਅਸੀਂ ਉਸਨੂੰ ਪ੍ਰਦੂਸ਼ਿਤ ਕਰਨ ਵਿੱਚ ਅਹਿਮ ਰੋਲ ਨਿਭਾਇਆ। ਉਹਨਾ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਪਾਣੀ ਦੀ ਬੱਚਤ ਬਾਰੇ ਵੀ ਅਨੇਕਾਂ ਨੁਕਤੇ ਸਾਂਝੇ ਕੀਤੇ। ਸੁਸਾਇਟੀ ਦੇ ਸੀਨੀਅਰ ਆਗੂ ਵਰਿੰਦਰਪਾਲ ਸਿੰਘ ਅਰਨੇਜਾ ਐਲ ਆਈ ਸੀ ਐਡਵਾਈਜਰ ਅਤੇ ਸੀਨੀਅਰ ਪੱਤਰਕਾਰ ਗੁਰਮੀਤ ਸਿੰਘ ਮੀਤਾ ਸਮੇਤ ਜਥੇਬੰਦੀ ਦੇ ਹੋਰਨਾ ਸੇਵਾਦਾਰਾਂ ਦੀ ਹਾਜਰੀ ਵਿੱਚ ਮੁੱਖ ਵਕਤਾ ਨੇ ਹਵਾ ਦੇ ਪ੍ਰਦੂਸ਼ਣ ਦੇ ਪੈਮਾਨੇ ਨਾਲ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਹਨਾ ਦੱਸਿਆ ਕਿ ਵਿਕਾਸਸ਼ੀਲ ਮੁਲਕਾਂ ਅੰਦਰ ਹਵਾ ਦੇ ਪ੍ਰਦੂਸ਼ਣ ਦਾ ਪੈਮਾਨਾ 50 ਤੋਂ ਪਾਰ ਹੋਣ ’ਤੇ ਪਾਬੰਦੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਪੰਜਾਬ ਵਿੱਚ ਅਕਸਰ ਇਹ ਪੈਮਾਨਾ 250 ਤੱਕ ਦੇਖਿਆ ਜਾਂਦਾ ਹੈ, ਜਦਕਿ ਦੀਵਾਲੀ ਵਰਗੇ ਤਿਉਹਾਰਾਂ ਮੌਕੇ ਜਾਂ ਅਕਤੂਬਰ-ਨਵੰਬਰ ਮਹੀਨਿਆਂ ਵਿੱਚ ਪਰਾਲੀ ਨੂੰ ਲੱਗਦੀਆਂ ਅੱਗਾਂ ਸਮੇਂ ਇਹ ਪੈਮਾਨਾ 500 ਤੋਂ ਪਾਰ ਹੋ ਜਾਂਦਾ ਹੈ। ਇਸ ਮੌਕੇ ਡਾ ਅਵੀਨਿੰਦਰਪਾਲ ਸਿੰਘ, ਜਗਮੋਹਨ ਸਿੰਘ, ਰਾਜਵੀਰ ਸਿੰਘ, ਪ੍ਰਭਪ੍ਰੀਤ ਸਿੰਘ, ਗਗਨਪ੍ਰੀਤ ਸਿੰਘ ਡਿੰਪਲ ਆਦਿ ਵਲੋਂ ਮੁੱਖ ਵਕਤਾ ਗੁਰਿੰਦਰ ਸਿੰਘ ਮਹਿੰਦੀਰੱਤਾ ਸਮੇਤ ਵਰਿੰਦਰਪਾਲ ਸਿੰਘ ਅਰਨੇਜਾ, ਗੁਰਮੀਤ ਸਿੰਘ ਮੀਤਾ ਦਾ ਧਾਰਮਿਕ ਪੁਸਤਕਾਂ ਨਾਲ ਸਨਮਾਨ ਕੀਤਾ ਗਿਆ ਅਤੇ ਦਰੱਖਤਾਂ ਦੀ ਮਹੱਤਤਾ ਬਾਰੇ ਕਵਿਤਾ ਦੇ ਰੂਪ ਵਿੱਚ ਕਿਸੇ ਵਾਤਾਵਰਣ ਪ੍ਰੇਮੀ ਦੀਆਂ ਸਤਰਾਂ ਵੀ ਸੁਣਾਈਆਂ ਗਈਆਂ।