- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੂਸ਼ਿਤ ਹੋ ਰਿਹਾ ਵਾਤਾਵਰਨ ਗੰਭੀਰ ਚਿੰਤਾ ਦਾ ਵਿਸ਼ਾ : ਰਾਕੇਸ਼ ਕੁਮਾਰ ਘੋਚਾ

ਭੋਲਾ ਸ਼ਰਮਾ ਪੰਜਾਬੀ ਜਾਗਰਣ, ਜੈਤੋ : ਦਿਨੋਂ ਦਿਨ ਵਧ ਰਹੇ ਵਾਤਾਵਰਨ ਪ੍ਰਦੂਸ਼ਣ ਨੇ ਮਨੁੱਖੀ ਜੀਵਨ ਲਈ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ। ਪ੍ਰਦੂਸ਼ਿਤ ਹੋ ਰਹੀ ਹਵਾ, ਘੱਟ ਰਹੀ ਹਰਿਆਵਲੀ ਅਤੇ ਵਧ ਰਹੀਆਂ ਬਿਮਾਰੀਆਂ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਗੰਭੀਰ ਮਸਲੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਮਨੁੱਖ ਖੁਦ ਹੈ, ਜੋ ਆਪਣੇ ਸਵਾਰਥ ਲਈ ਕੁਦਰਤ ਨਾਲ ਲਗਾਤਾਰ ਖਿਲਵਾੜ ਕਰ ਰਿਹਾ ਹੈ। ਇਹ ਵਿਚਾਰ ਉੱਘੇ ਸਮਾਜ ਸੇਵੀ ਅਤੇ ਮਾਰਕੀਟ ਸੁਧਾਰ ਕਮੇਟੀ ਜੈਤੋ ਦੇ ਪ੍ਰਧਾਨ ਰਾਕੇਸ਼ ਕੁਮਾਰ ‘ਘੋਚਾ’ ਨੇ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਆਧੁਨਿਕਤਾ ਦੀ ਦੌੜ ਵਿਚ ਮਨੁੱਖ ਵੱਲੋਂ ਬੇਰਹਿਮੀ ਨਾਲ ਦਰੱਖਤਾਂ ਦੀ ਕਟਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਧਰਤੀ ਦਾ ਸੰਤੁਲਨ ਲਗਾਤਾਰ ਖ਼ਰਾਬ ਹੋ ਰਿਹਾ ਹੈ। ਦਰੱਖਤਾਂ ਦੀ ਘਟ ਰਹੀ ਗਿਣਤੀ ਕਾਰਨ ਇੱਕ ਪਾਸੇ ਜਿੱਥੇ ਆਕਸੀਜਨ ਦੀ ਕਮੀ ਮਹਿਸੂਸ ਹੋ ਰਹੀ ਹੈ, ਉੱਥੇ ਹੀ ਦੂਜੇ ਪਾਸੇ ਗਰਮੀ ਦਾ ਪ੍ਰਕੋਪ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਲੋਕ ਜਾਗਰੂਕ ਨਾ ਹੋਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੇ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਰਾਕੇਸ਼ ਕੁਮਾਰ ‘ਘੋਚਾ’ ਨੇ ਕਿਹਾ ਕਿ ਮੋਟਰ ਵਾਹਨਾਂ ਦੀ ਵਧਦੀ ਗਿਣਤੀ ਨੇ ਮਨੁੱਖੀ ਜੀਵਨ ਨੂੰ ਸੁਖਮਈ ਤਾਂ ਬਣਾਇਆ ਹੈ, ਪਰ ਇਨ੍ਹਾਂ ਵਿਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਨ ਨੂੰ ਬੁਰੀ ਤਰ੍ਹਾਂ ਪ੍ਰਦੂਸ਼ਿਤ ਕਰ ਰਿਹਾ ਹੈ। ਇਸ ਕਾਰਨ ਸਾਹ ਦੀਆਂ ਬਿਮਾਰੀਆਂ, ਦਮਾ, ਦਿਲ ਦੇ ਰੋਗ ਅਤੇ ਹੋਰ ਕਈ ਗੰਭੀਰ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਲਾਸਟਿਕ ਪਦਾਰਥਾਂ ਅਤੇ ਪਾਲੀਥੀਨ ਬੈਗਾਂ ਦੀ ਅਤਿਅਧਿਕ ਵਰਤੋਂ ਵੀ ਵਾਤਾਵਰਨ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ, ਕਿਉਂਕਿ ਇਹ ਜਲਦੀ ਨਸ਼ਟ ਨਹੀਂ ਹੁੰਦੇ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਏਅਰ ਕੰਡੀਸ਼ਨਰਾਂ ਵਿਚੋਂ ਨਿਕਲਣ ਵਾਲੀ ਕਲੋਰੋ ਫਲੋਰੋ ਕਾਰਬਨ ਗੈਸ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾ ਰਹੀ ਹੈ, ਜਿਸ ਕਾਰਨ ਗਲੋਬਲ ਵਾਰਮਿੰਗ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ। ਰਾਕੇਸ਼ ਕੁਮਾਰ ‘ਘੋਚਾ’ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਹਰ ਵਿਅਕਤੀ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਵੱਧ ਤੋਂ ਵੱਧ ਪੌਦੇ ਲਗਾ ਕੇ ਅਤੇ ਪਲਾਸਟਿਕ ਦੀ ਵਰਤੋਂ ਘਟਾ ਕੇ ਹੀ ਅਸੀਂ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਵਰਗ ਨੂੰ ਵਾਤਾਵਰਨ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤਾਂ ਜੋ ਭਵਿੱਖ ਨੂੰ ਸੁਰੱਖਿਅਤ ਬਣਾਇਆ ਜਾ ਸਕੇ।