ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕੀਤੀ ਕਾਰਵਾਈ, ਕੱਟੇ ਚਲਾਨ
Publish Date: Fri, 02 Jan 2026 04:02 PM (IST)
Updated Date: Sat, 03 Jan 2026 04:03 AM (IST)

ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਸ਼ਹਿਰ ’ਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਟ੍ਰੈਫਿਕ ਪੁਲਿਸ ਕੋਟਕਪੂਰਾ ਨੇ ਕਈ ਬਾਜ਼ਾਰਾਂ ਅਤੇ ਮੁੱਖ ਸੜਕਾਂ ’ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਵਾਲੇ ਅਤੇ ਆਵਾਜਾਈ ਵਿੱਚ ਅੜਿੱਕਾ ਬਨਣ ਵਾਲੇ ਲੋਕਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਸਿਟੀ ਟ੍ਰੈਫਿਕ ਇੰਚਾਰਜ ਏ.ਐੱਸ.ਆਈ. ਹਰਪਾਲ ਸਿੰਘ ਨੇ ਏ.ਐੱਸ.ਆਈ. ਰਜਿੰਦਰ ਸ਼ਰਮਾ, ਸਾਹਿਬ ਸਿੰਘ ਐੱਚ.ਸੀ. ਅਤੇ ਗੁਰਮੀਤ ਸਿੰਘ ਐੱਚ.ਸੀ. ’ਤੇ ਅਧਾਰਿਤ ਟੀਮ ਨਾਲ ਸਥਾਨਕ ਮੁਕਤਸਰ ਰੋਡ ’ਤੇ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਅਤੇ ਉੱਥੇ ਲੱਗੇ ਅੱਡਿਆਂ, ਜੋ ਕਿ ਆਵਾਜਾਈ ਵਿੱਚ ਅੜਿੱਕਾ ਪਾ ਰਹੇ ਸਨ, ਨੂੰ ਉੱਥੋਂ ਹਟਵਾਇਆ ਗਿਆ। ਇਸ ਦੌਰਾਨ ਉੱਥੇ ਗਲਤ ਢੰਗ ਨਾਲ ਪਾਰਕ ਕੀਤੀਆਂ ਕਾਰਾਂ ਅਤੇ ਹੋਰ ਵਾਹਨਾਂ ਦੇ ਚਲਾਨ ਵੀ ਕੱਟੇ ਗਏ। ਇਸ ਤੋਂ ਇਲਾਵਾ ਟਰੈਫਿਕ ਪੁਲਸ ਨੇ ਸਥਾਨਕ ਸ਼ਹਿਰ ਦੇ ਮੁੱਖ ਬਾਜ਼ਾਰ ਰੇਲਵੇ ਰੋਡ ’ਤੇ ਦੁਕਾਨਾਂ ਦੇ ਬਾਹਰ ਲੱਗਿਆ ਸਾਮਾਨ ਹਟਵਾਇਆ ਅਤੇ ਬਾਜ਼ਾਰ ’ਚ ਬੇਤਰਤੀਬੇ ਢੰਗ ਨਾਲ ਖੜ੍ਹੇ ਵਾਹਨਾਂ ਦੇ ਚਲਾਨ ਵੀ ਕੱਟੇ। ਇਸ ਦੌਰਾਨ ਸਿਟੀ ਟ੍ਰੈਫਿਕ ਇੰਚਾਰਜ ਏ.ਐੱਸ.ਆਈ. ਹਰਪਾਲ ਸਿੰਘ ਅਤੇ ਏ.ਐੱਸ.ਆਈ. ਰਜਿੰਦਰ ਸ਼ਰਮਾ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਜ਼ਾਰਾਂ ਵਿੱਚ ਖਰੀਦੋ-ਫਰੋਖਤ ਕਰਨ ਵਾਲਿਆਂ ਦੀ ਭੀੜ ਵੱਧ ਜਾਂਦੀ ਹੈ, ਜਿਸ ਦੌਰਾਨ ਕਈ ਲੋਕ ਆਪਣੀਆਂ ਕਾਰਾਂ ਤੇ ਦੋਪਹੀਆ ਵਾਹਨ ਬੇਤਰਤੀਬੇ ਢੰਗ ਨਾਲ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਆਵਾਜਾਈ ’ਚ ਪ੍ਰੇਸ਼ਾਨੀ ਆਉਂਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਾਹਨ ਸ਼ਹਿਰ ਦੀ ਜੈਤੋ ਰੋਡ ’ਤੇ ਬਣੀ ਪਾਰਕਿੰਗ ਅਤੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ’ਚ ਹੀ ਖੜ੍ਹੇ ਕਰਨ ਤੋਂ ਇਲਾਵਾ ਦੋਪਹੀਆ ਵਾਹਨ ਵੀ ਢੰਗ-ਤਰੀਕੇ ਨਾਲ ਹੀ ਬਾਜ਼ਾਰਾਂ ’ਚ ਪਾਰਕ ਕਰਨ ਤਾਂ ਜੋ ਆਵਾਜਾਈ ’ਚ ਪ੍ਰੇਸ਼ਾਨੀ ਨਾ ਆਵੇ।