ਫ਼ਰੀਦਕੋਟ 'ਚ ਪੁਲਿਸ ਨੂੰ ਭਾਜੜਾਂ: ਹਸਪਤਾਲ 'ਚੋਂ ਸੁਰੱਖਿਆ ਕਰਮੀਆਂ ਦੀ ਅੱਖ ਬਚਾ ਕੇ ਹਵਾਲਾਤੀ ਹੋਇਆ ਰਫੂ-ਚੱਕਰ, ਹਾਈ-ਅਲਰਟ ਜਾਰੀ
ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਕੇਂਦਰੀ ਮਾਡਰਨ ਜੇਲ੍ਹ ਦਾ ਇੱਕ ਹਵਾਲਾਤੀ ਮੰਗਲਵਾਰ ਦੁਪਹਿਰ ਨੂੰ ਸੁਰੱਖਿਆ ਕਰਮੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਫਰਾਰ ਹੋਏ ਮੁਲਜ਼ਮ ਹਵਾਲਾਤੀ ਦੀ ਪਛਾਣ ਅਰਮਾਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ, ਨਿਵਾਸੀ ਭਾਨ ਸਿੰਘ ਕਾਲੋਨੀ, ਫ਼ਰੀਦਕੋਟ ਵਜੋਂ ਹੋਈ ਹੈ। ਉਸ ਨੂੰ ਕਰੀਬ ਢਾਈ ਮਹੀਨੇ ਪਹਿਲਾਂ 24 ਮਾਰਚ 2026 ਨੂੰ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਲੁੱਟ-ਖੋਹ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਨਿਆਇਕ ਹਿਰਾਸਤ ਤਹਿਤ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਸੀ।
Publish Date: Wed, 10 Jun 2026 10:32 AM (IST)
Updated Date: Wed, 10 Jun 2026 10:33 AM (IST)

ਵਿਕਾਸ ਕੁਮਾਰ ਗਰਗ, ਪੰਜਾਬੀ ਜਾਗਰਣ, ਫਰੀਦਕੋਟ - ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਕੇਂਦਰੀ ਮਾਡਰਨ ਜੇਲ੍ਹ ਦਾ ਇੱਕ ਹਵਾਲਾਤੀ ਮੰਗਲਵਾਰ ਦੁਪਹਿਰ ਨੂੰ ਸੁਰੱਖਿਆ ਕਰਮੀਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਫਰਾਰ ਹੋਏ ਮੁਲਜ਼ਮ ਹਵਾਲਾਤੀ ਦੀ ਪਛਾਣ ਅਰਮਾਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ, ਨਿਵਾਸੀ ਭਾਨ ਸਿੰਘ ਕਾਲੋਨੀ, ਫ਼ਰੀਦਕੋਟ ਵਜੋਂ ਹੋਈ ਹੈ। ਉਸ ਨੂੰ ਕਰੀਬ ਢਾਈ ਮਹੀਨੇ ਪਹਿਲਾਂ 24 ਮਾਰਚ 2026 ਨੂੰ ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਲੁੱਟ-ਖੋਹ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਨਿਆਇਕ ਹਿਰਾਸਤ ਤਹਿਤ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਸੀ।
ਜੇਲ੍ਹ ਪ੍ਰਸ਼ਾਸਨ ਮੁਤਾਬਕ ਅਰਮਾਨਦੀਪ ਦੇ ਬਿਮਾਰ ਹੋਣ ਕਾਰਨ ਪਹਿਲਾਂ ਉਸ ਨੂੰ ਜੇਲ੍ਹ ਹਸਪਤਾਲ ਵਿੱਚ ਰੱਖਿਆ ਗਿਆ ਸੀ, ਪਰ ਬਾਅਦ ਵਿੱਚ ਬਿਹਤਰ ਇਲਾਜ ਲਈ 6 ਜੂਨ 2026 ਨੂੰ ਗੁਰੂ GGS ਮੈਡੀਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਨਿਗਰਾਨੀ ਲਈ ਜੇਲ੍ਹ ਸਟਾਫ਼ ਦੇ ਸੁਰੱਖਿਆ ਕਰਮੀ ਤਾਇਨਾਤ ਸਨ।
ਮੰਗਲਵਾਰ ਦੁਪਹਿਰ ਨੂੰ ਮੁਲਜ਼ਮ ਨੇ ਮੌਕਾ ਪਾ ਕੇ ਜੇਲ੍ਹ ਕਰਮਚਾਰੀਆਂ ਨੂੰ ਚਕਮਾ ਦਿੱਤਾ ਅਤੇ ਉੱਥੋਂ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਜੇਲ੍ਹ ਪ੍ਰਸ਼ਾਸਨ ਦੀਆਂ ਟੀਮਾਂ ਹਰਕਤ ਵਿੱਚ ਆ ਗਈਆਂ ਅਤੇ ਫਰਾਰ ਹਵਾਲਾਤੀ ਦੀ ਭਾਲ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਡੀ.ਐਸ.ਪੀ. ਤਰਲੋਚਨ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਉਸ ਦੇ ਸੰਭਾਵਿਤ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।