ਫਰੀਦਕੋਟ-ਫਿਰੋਜ਼ਪੁਰ ਰੋਡ 'ਤੇ ਲੱਗੇ ਕੂੜੇ ਦੇ ਢੇਰ ਬਣੇ ਵੱਡੇ ਹਾਦਸਿਆਂ ਦਾ ਸਬੱਬ।
ਫਰੀਦਕੋਟ-ਫਿਰੋਜ਼ਪੁਰ ਰੋਡ 'ਤੇ ਲੱਗੇ ਕੂੜੇ ਦੇ ਢੇਰ ਬਣੇ ਵੱਡੇ ਹਾਦਸਿਆਂ ਦਾ ਸਬੱਬ।
Publish Date: Mon, 06 Apr 2026 03:29 PM (IST)
Updated Date: Tue, 07 Apr 2026 03:59 AM (IST)

ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਫਰੀਦਕੋਟ ਤੋਂ ਫਿਰੋਜ਼ਪੁਰ ਨੂੰ ਜਾਣ ਵਾਲੀ ਮੁੱਖ ਸੜਕ ਤੇ ਥਾਂ-ਥਾਂ ਲੱਗੇ ਕੂੜੇ ਦੇ ਢੇਰ ਰਾਹਗੀਰਾਂ ਲਈ ਜੀਅ ਦਾ ਜੰਜਾਲ ਬਣ ਗਏ ਹਨ, ਜੋ ਕਿਸੇ ਵੀ ਵੇਲੇ ਭਿਆਨਕ ਸੜਕੀ ਹਾਦਸੇ ਨੂੰ ਸੱਦਾ ਦੇ ਸਕਦੇ ਹਨ। ਸੜਕ ਦੇ ਕਿਨਾਰਿਆਂ ਤੇ ਖਿਲਰਿਆ ਇਹ ਕੂੜਾ ਨਾ ਸਿਰਫ ਆਵਾਜਾਈ ਵਿੱਚ ਰੁਕਾਵਟ ਪੈਦਾ ਕਰ ਰਿਹਾ ਹੈ, ਸਗੋਂ ਇਸ ਕਾਰਨ ਸੜਕ ਦੀ ਚੌੜਾਈ ਵੀ ਘੱਟ ਮਹਿਸੂਸ ਹੁੰਦੀ ਹੈ, ਜਿਸ ਕਰਕੇ ਤੇਜ਼ ਰਫ਼ਤਾਰ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਦਾ ਖ਼ਤਰਾ ਹਰ ਵੇਲੇ ਬਣਿਆ ਰਹਿੰਦਾ ਹੈ। ਇਸ ਮੌਕੇ ਸੁਰਜਨ ਸਿੰਘ,ਅਵਤਾਰ ਸਿੰਘ,ਗੋਬਿੰਦ ਸਿੰਘ ਨੇ ਕਿਹਾ ਕਿ ਸੜਕ ਕਿਨਾਰੇ ਲੱਗੇ ਕੂੜਿਆਂ ਦੇ ਢੇਰ ਤੇ ਫੈਲੀ ਗੰਦਗੀ ਕਾਰਨ ਵੱਡੀ ਗਿਣਤੀ ਵਿੱਚ ਅਵਾਰਾ ਪਸ਼ੂ ਸੜਕ ਦੇ ਵਿਚਕਾਰ ਜਮ੍ਹਾ ਰਹਿੰਦੇ ਹਨ, ਜੋ ਅਚਾਨਕ ਚੱਲਦੇ ਵਾਹਨਾਂ ਦੇ ਸਾਹਮਣੇ ਆ ਕੇ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਤੋਂ ਇਲਾਵਾ, ਕੂੜੇ ਵਿੱਚੋਂ ਆਉਂਦੀ ਭਿਆਨਕ ਬਦਬੂ ਦੇ ਕਾਰਨ ਮੁਸ਼ਕਲ ਆਉਂਦੀ ਹੈ। ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਸਨ ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਹੈ ਕਿ ਇਸ ਗੰਦਗੀ ਦੇ ਢੇਰਾਂ ਨੂੰ ਤੁਰੰਤ ਹਟਾਇਆ ਜਾਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਅਤੇ ਲੋਕਾਂ ਨੂੰ ਸੁਰੱਖਿਅਤ ਸਫ਼ਰ ਦੀ ਸਹੂਲਤ ਮਿਲ ਸਕੇ। ਇੱਥੇ ਵੀ ਦੱਸਣ ਯੋਗ ਹੈ ਕੀ ਫਿਰੋਜ਼ਪੁਰ ਰੋਡ ਤੇ ਪੂਰੀ ਕਲੋਨੀ ਦੇ ਬਾਹਰ ਨਜਾਇਜ਼ ਤੌਰ ਤੇ ਕੂੜੇ ਦਾ ਡੰਪ ਬਣਾਇਆ ਹੋਇਆ ਹੈ। ਜਿੱਥੇ ਆਮ ਲੋਕਾਂ ਵੱਲੋਂ ਵੀ ਕੂੜਾ ਸਿੱਟਿਆ ਜਾ ਰਿਹਾ ਜਦਕਿ ਇਹ ਸਥਾਈ ਡੰਪ ਨਹੀਂ ਹੈ। ਆਲੇ ਦੁਆਲੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਇੱਥੋਂ ਕਈ ਕਈ ਦਿਨਾਂ ਤੱਕ ਕੂੜਾ ਨਹੀਂ ਚੁੱਕਿਆ ਜਾਂਦਾ ਜਿਸ ਕਾਰਨ ਕੂੜੇ ਵਿੱਚੋਂ ਗੰਦੀ ਬਦਬੂ ਪੈਦਾ ਹੋ ਜਾਂਦੀ ਹੈ। ਜਿਸ ਤੋਂ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ।