- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਪ੍ਰਤੀ ਸੁਚੇਤ ਰਹਿਣ ਦੀ ਲੋੜ : ਡਾ. ਵਰਿੰਦਰ ਕੁਮਾਰ

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਜੈਤੋ : ਗਰਮੀ ਅਤੇ ਬਰਸਾਤੀ ਮੌਸਮ ਦੇ ਮੱਦੇਨਜ਼ਰ ਡੇਂਗੂ ਅਤੇ ਮਲੇਰੀਏ ਵਰਗੀਆਂ ਮੱਛਰਾਂ ਰਾਹੀਂ ਫੈਲਣ ਵਾਲੀਆਂ ਬਿਮਾਰੀਆਂ ਦੇ ਵਧ ਰਹੇ ਖ਼ਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਮੌਸਮ ਵਿੱਚ ਤਾਪਮਾਨ ਵਧਣ ਕਾਰਨ ਡੇਂਗੂ ਅਤੇ ਮਲੇਰੀਏ ਦੇ ਕੇਸਾਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ। ਇਸ ਲਈ ਲੋਕਾਂ ਦਾ ਜਾਗਰੂਕ ਅਤੇ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਡੇਂਗੂ ਅਤੇ ਮਲੇਰੀਏ ਦੀ ਰੋਕਥਾਮ ਲਈ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਸ ਤਹਿਤ ਹਰ ਹਫ਼ਤੇ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਲੋਕਾਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਸਾਫ਼-ਸਫ਼ਾਈ ਰੱਖਣ ਅਤੇ ਖੜ੍ਹੇ ਪਾਣੀ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰਨਾ ਹੈ। ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਡੇਂਗੂ ਮਾਦਾ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਮੁੱਖ ਤੌਰ ’ਤੇ ਦਿਨ ਦੇ ਸਮੇਂ ਕੱਟਦਾ ਹੈ। ਇਸ ਲਈ ਘਰਾਂ, ਦਫ਼ਤਰਾਂ ਅਤੇ ਹੋਰ ਥਾਵਾਂ ’ਤੇ ਪਾਣੀ ਇਕੱਠਾ ਹੋਣ ਵਾਲੇ ਸਾਰੇ ਸਰੋਤਾਂ ਦੀ ਨਿਯਮਿਤ ਸਫ਼ਾਈ ਕਰਨੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੂਲਰਾਂ, ਫਰਿੱਜ ਦੀਆਂ ਟਰੇਆਂ, ਫੁੱਲਾਂ ਦੇ ਗਮਲਿਆਂ, ਪਸ਼ੂਆਂ ਅਤੇ ਪੰਛੀਆਂ ਲਈ ਰੱਖੇ ਪਾਣੀ ਵਾਲੇ ਭਾਂਡਿਆਂ ਆਦਿ ਦਾ ਪਾਣੀ ਹਰ ਹਫ਼ਤੇ ਬਦਲਿਆ ਜਾਵੇ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਸੁਕਾਉਣ ਤੋਂ ਬਾਅਦ ਹੀ ਮੁੜ ਵਰਤੋਂ ਵਿੱਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਡੇਂਗੂ ਅਤੇ ਮਲੇਰੀਏ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਰਫ਼ ਸਿਹਤ ਵਿਭਾਗ ਹੀ ਨਹੀਂ, ਸਗੋਂ ਹਰ ਨਾਗਰਿਕ ਦੀ ਭਾਗੀਦਾਰੀ ਵੀ ਲਾਜ਼ਮੀ ਹੈ। ਆਲੇ-ਦੁਆਲੇ ਦੀ ਸਫ਼ਾਈ ਬਣਾਈ ਰੱਖਣਾ, ਪਾਣੀ ਨੂੰ ਖੜ੍ਹਾ ਨਾ ਹੋਣ ਦੇਣਾ ਅਤੇ ਮੱਛਰਾਂ ਤੋਂ ਬਚਾਅ ਲਈ ਲੋੜੀਂਦੇ ਉਪਾਅ ਅਪਣਾਉਣਾ ਸਮੇਂ ਦੀ ਮੁੱਖ ਲੋੜ ਹੈ। ਡਾ. ਵਰਿੰਦਰ ਕੁਮਾਰ ਨੇ ਲੋਕਾਂ ਨੂੰ ਸਚੇਤ ਕਰਦਿਆਂ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖ਼ਾਰ, ਸਿਰ ਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਜਾਂ ਨੱਕ ਵਿੱਚੋਂ ਖੂਨ ਆਉਣਾ, ਲਗਾਤਾਰ ਉਲਟੀਆਂ, ਪੇਟ ਵਿੱਚ ਤੇਜ਼ ਦਰਦ, ਸਾਹ ਲੈਣ ਵਿੱਚ ਦਿੱਕਤ ਜਾਂ ਚਮੜੀ ਦਾ ਪੀਲਾ ਅਤੇ ਠੰਢਾ ਪੈਣਾ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਨੇੜਲੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਜਾਂਚ ਅਤੇ ਇਲਾਜ ਨਾਲ ਡੇਂਗੂ ਅਤੇ ਮਲੇਰੀਏ ਤੋਂ ਹੋਣ ਵਾਲੀਆਂ ਗੰਭੀਰ ਪੇਚੀਦਗੀਆਂ ਤੋਂ ਬਚਿਆ ਜਾ ਸਕਦਾ ਹੈ। ਡਾ. ਵਰਿੰਦਰ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀਆਂ ਜਾਗਰੂਕਤਾ ਮੁਹਿੰਮਾਂ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ ਅਤੇ ਆਪਣੇ ਪਰਿਵਾਰ ਤੇ ਸਮਾਜ ਨੂੰ ਇਨ੍ਹਾਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਵਿੱਚ ਯੋਗਦਾਨ ਪਾਉਣ।