ਟੀਕਾਕਰਨ ਸਬੰਧੀ ਸਟਾਫ ਨੂੰ ਦਿੱਤੀ ਸਿਖਲਾਈ
ਟੀਕਾਕਰਨ ਸਬੰਧੀ ਫੀਲਡ ਸਟਾਫ ਲਈ ਟ੍ਰੇਨਿੰਗ ਦਾ ਆਯੋਜਨ
Publish Date: Wed, 14 Jan 2026 03:42 PM (IST)
Updated Date: Thu, 15 Jan 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਹੁਸਨਪਾਲ ਸਿੱਧੂ ਦੀ ਅਗਵਾਈ ਹੇਠ ਸਿਵਲ ਸਰਜਨ ਦਫਤਰ ਦੇ ਟ੍ਰੇਨਿੰਗ ਹਾਲ ਵਿੱਚ ਮੈਡੀਕਲ ਅਫਸਰ, ਬੀ.ਈ.ਈ. ਐਲ.ਐਚ.ਵੀ., ਸੀ.ਐਚ.ਓ. ਅਤੇ ਏ.ਐਨ.ਐਮ. ਨੂੰ ਟੀਕਾਕਰਨ ਸਬੰਧੀ ਵਿਸ਼ੇਸ਼ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਟੀਕਾਕਰਨ ਅਫਸਰ ਡਾ. ਹੁਸਨਪਾਲ ਸਿੱਧੂ ਨੇ ਦੱਸਿਆ ਕਿ ਗਰਭਵਤੀ ਔਰਤਾਂ ਅਤੇ ਨਵ ਜਨਮੇ ਬੱਚਿਆਂ ਦਾ ਸੰਪੂਰਨ ਟੀਕਾਕਰਨ ਕੀਤਾ ਜਾਵੇ। ਉਹਨਾਂ ਸਮੂਹ ਸਟਾਫ ਨੂੰ ਕਿਹਾ ਕਿ ਉਹ ਆਪਣੇ ਆਪਣੇ ਏਰੀਏ ਵਿੱਚ ਇਹ ਯਕੀਨੀ ਬਨਾਉਣ ਕਿ ਕੋਈ ਵੀ ਗਰਭਵਤੀ ਔਰਤ ਜਾਂ ਬੱਚਾ ਟੀਕਾਕਰਨ ਤੋਂ ਵਾਂਝੇ ਨਾ ਰਹਿਣ। ਉਹਨਾਂ ਟੀਕਾਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸ ਟੀਕਾਕਰਨ ਪ੍ਰੋਗਰਾਮ ਤਹਿਤ ਟੀ.ਬੀ., ਪੀਲੀਆ, ਖਾਂਸੀ ,ਨਿਮੋਨੀਆ , ਗੱਲ ਘੋਟੂ, ਟੈਟਨੇਸ, ਮੀਜਲ ਰੁਬੇਲਾ, ਕਾਲੀ ਖੰਘ ਆਦਿ 11 ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ ਜੋ ਕਿ ਬਿਲਕੁੱਲ ਮੁਫਤ ਹੁੰਦਾ ਹੈ। ਉਹਨਾਂ ਅਪੀਲ ਕੀਤੀ ਕਿ ਜਿਹਨਾਂ ਵੀ ਗਰਭਵਤੀ ਔਰਤਾਂ ਜਾਂ ਬੱਚਿਆਂ ਦਾ ਸੰਪੂਰਨ ਟੀਕਾਕਰਨ ਨਹੀਂ ਹੋਇਆ ਉਹਨਾਂ ਦਾ ਵੀ ਟੀਕਾਕਰਨ ਕਰਨਾ ਯਕੀਨੀ ਬਣਾਇਆ ਜਾਵੇ। ਟ੍ਰੇਨਿੰਗ ਦੌਰਾਨ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਟੀਕਾਕਰਨ ਸਬੰਧੀ ਮਹੱਤਵਪੂਰਣ ਨੁਕਤੇ ਸਾਂਝੇ ਕੀਤੇ। ਸੈਸ਼ਨ ਨੂੰ ਹੋਰ ਬਿਹਤਰ ਢੰਗ ਨਾਲ ਆਯੋਜਿਤ ਕਰਨ ਅਤੇ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਸਿਹਤ ਸੇਵਾਵਾਂ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਟੀਕਾਕਰਨ ਕੈਂਪ ਮੌਕੇ ਹਾਈ ਰਿਸਕ ਗਰਭਵਤੀ ਔਰਤਾਂ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਜੋ ਉਹਨਾਂ ਦਾ ਜਣੇਪਾ ਸੁਰੱਖਿਅਤ ਹੋ ਸਕੇ। ਇਸ ਮੌਕੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਸੁਧੀਰ ਧੀਰ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਚਾਵਲਾ ਨੇ ਟੀਕਾਕਰਨ ਕੈਂਪ ਦੌਰਾਨ ਸਿਹਤ ਜਾਗਰੂਕਤਾ ਗਤੀਵਿਧੀਆਂ ਦੇ ਆਯੋਜਨ, ਪੰਚਾਇਤਾਂ, ਕਲੱਬਾਂ, ਸਿਹਤ ਕਮੇਟੀਆਂ ਅਤੇ ਦੂਸਰੇ ਵਿਭਾਗਾਂ ਦਾ ਸਹਿਯੋਗ ਲੈਣ ਸਬੰਧੀ ਜਾਣਕਾਰੀ ਸਾਂਝੀ ਕੀਤੀ ਤਾਂ ਜੋ ਵਿਭਾਗ ਦੀਆਂ ਸਿਹਤ ਸਕੀਮਾਂ, ਸਹੂਲਤਾਂ ਅਤੇ ਸੇਵਾਵਾਂ ਦਾ ਲੋਕ ਵੱਧ ਤੋਂ ਵੱਧ ਲਾਭ ਲੈ ਸਕਣ। ਅੰਤ ਵਿੱਚ ਮਾਸ ਮੀਡੀਆ ਬਰਾਂਚ ਵੱਲੋਂ ਤਿਆਰ ਕੀਤਾ ਟੀਕਾਕਰਨ ਸਾਰਣੀ ਦੀ ਜਾਣਕਾਰੀ ਦਿੰਦਾ ਪਰਚਾ ਅਧਿਕਾਰੀਆਂ ਵੱਲੋਂ ਜਾਰੀ ਕੀਤਾ ਗਿਆ।