ਫਰੀਦਕੋਟ ਪੁਲਿਸ ਨੇ ਸੰਗਠਿਤ ਅਪਰਾਧ ਖ਼ਿਲਾਫ਼ ਖੋਲਿ੍ਹਆ ਮੋਰਚਾ
'ਆਪਰੇਸ਼ਨ ਪ੍ਰਹਾਰ-2': ਤਹਿਤ ਜਿਲ੍ਹੇ ਅੰਦਰ ਪੁਲਿਸ ਮੁਲਾਜਮਾਂ ਵੱਲੋਂ ਘਰਾਂ ’ਚ ਛਾਪੇਮਾਰੀ
Publish Date: Mon, 09 Feb 2026 03:46 PM (IST)
Updated Date: Tue, 10 Feb 2026 03:59 AM (IST)

ਆਪ੍ਰੇਸ਼ਨ ਪ੍ਰਹਾਰ-2 ਤਹਿਤ ਸ਼ੱਕੀ ਘਰਾਂ ’ਚ ਕੀਤੀ ਛਾਪੇਮਾਰੀ ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਅੱਜ ਫਰੀਦਕੋਟ ਜਿਲ੍ਹੇ ਹੇਠ “ਆਪਰੇਸ਼ਨ ਪ੍ਰਹਾਰ-2” ਦੀ ਸੁਰੂਆਤ ਕੀਤੀ ਗਈ। ਜਿਸ ਦੀ ਸੁਪਰਵੀਜਨ ਨਵੀਨ ਸੈਣੀ ਆਈ.ਪੀ.ਐਸ ਡੀ.ਆਈ.ਡੀ ਕ੍ਰਾਈਮ ਵੱਲੋ ਕੀਤੀ ਗਈ। ਇਸ ਦੌਰਾਨ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਉਹਨਾ ਨਾਲ ਮੌਜੂਦ ਰਹੇ। ਜਿਸ ਦੌਰਾਨ ਸੰਗਠਿਤ ਅਪਰਾਧ ਦੇ ਖ਼ਿਲਾਫ਼ ਜਿਲ੍ਹੇ ਅੰਦਰ ਅੱਜ ਸਵੇਰੇ ਤੋ ਇੱਕ ਸੁਚੱਜੀ ਯੋਜਨਾ ਅਧੀਨ ਵੱਡੇ ਪੱਧਰ ਦੀ ਕਾਰਵਾਈ ਕਰਦਿਆਂ ਜਿਲ੍ਹੇ ਅੰਦਰ ਸਰਗਰਮ ਸੰਗਠਿਤ ਅਪਰਾਧਕ ਨੈੱਟਵਰਕਾਂ ਨੂੰ ਤੋੜਨ ਲਈ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਪੂਰੀ ਤਰ੍ਹਾਂ ਸਹਿ-ਸੰਯੋਜਿਤ ਅਤੇ ਯੋਜਨਾਬੱਧ ਸੀ, ਜਿਸ ਦਾ ਉਦੇਸ਼ ਅਪਰਾਧਕ ਗਿਰੋਹਾਂ ਦੇ ਜਾਲ ਨੂੰ ਤੋੜਨਾ, ਜਨ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਰਾਜ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਵੀਨ ਸੈਣੀ ਆਈ.ਪੀ.ਐਸ ਡੀ.ਆਈ.ਡੀ ਕ੍ਰਾਈਮ ਨੇ ਦੱਸਿਆ ਕਿ ਇਹ ਕਾਰਵਾਈ ਸੰਗਠਿਤ ਅਪਰਾਧ ਦੇ ਖ਼ਿਲਾਫ਼ ਚੱਲ ਰਹੀ ਰਾਜ-ਪੱਧਰੀ ਮੁਹਿੰਮ ਦਾ ਹਿੱਸਾ ਹੈ, ਜੋ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਗੌਰਵ ਯਾਦਵ, ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ੁਰੂ ਕੀਤੀ ਗਈ ਹੈ। ਉਹਨਾ ਦੱਸਿਆ ਕਿ ਫਰੀਦਕੋਟ ਪੁਲਿਸ ਦੇ ਸਾਰੇ ਯੂਨਿਟਾਂ ਤੋਂ ਬਣੀਆਂ 67 ਪੁਲਿਸ ਟੀਮਾਂ ਜਿਹਨਾ ਵਿੱਚ ਗਜਟਿਡ ਅਧਿਕਾਰੀਆ ਦੀ ਨਿਗਰਾਨੀ ਹੇਠ 500 ਦੇ ਕਰੀਬ ਪੁਲਿਸ ਕਰਮਚਾਰੀਆ ਵੱਲੋ ਇੱਕੋ ਸਮੇਂ ਗੈਂਗਸਟਰਾਂ, ਉਨ੍ਹਾਂ ਦੇ ਸਾਥੀਆਂ ਅਤੇ ਉਨ੍ਹਾਂ ਨੂੰ ਪਨਾਹ ਜਾਂ ਲੋਜਿਸਟਿਕ ਸਹਾਇਤਾ ਪ੍ਰਦਾਨ ਕਰਨ ਵਾਲੇ ਵਿਅਕਤੀਆਂ ਦੇ ਠਿਕਾਣਿਆਂ ’ਤੇ ਨਿਸ਼ਾਨਾਬੱਧ ਛਾਪੇਮਾਰੀ ਕੀਤੀ ਜਾ ਰਹੀ ਹੈ। ਉਹਨਾ ਦੱਸਿਆ ਕਿ ਇਸ ਆਪਰੇਸ਼ਨ ਦੌਰਾਨ ਹਾਰਡਕੋਰ ਅਪਰਾਧੀਆਂ, ਉਨ੍ਹਾਂ ਦੇ ਸਾਥੀਆਂ ਨੂੰ ਰਾਊਡ-ਅੱਪ ਕੀਤਾ ਜਾ ਰਿਹਾ ਹੈ, ਇਸਦੇ ਨਾਲ ਹੀ ਹੋਰਾਂ ਪਾਸੋ ਪੁੱਛਗਿੱਛ ਕਰਕੇ ਉਨ੍ਹਾਂ ਦੀਆਂ ਗਤਿਵਿਧੀਆਂ ਦੀ ਜਾਂਚ ਅਤੇ ਤਸਦੀਕ ਵੀ ਕੀਤੀ ਜਾ ਰਹੀ ਹੈ। ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਵੱਲੋ ਇਸ ਸਬੰਧੀ ਕਿਹਾ ਕਿ ਇਹ ਕਾਰਵਾਈ ਪੂਰੀ ਤਰ੍ਹਾਂ ਖੁਫੀਆ ਜਾਣਕਾਰੀ ’ਤੇ ਆਧਾਰਿਤ ਹੈ ਅਤੇ ਇਸ ਦਾ ਮੁੱਖ ਮਕਸਦ ਸੰਗਠਿਤ ਅਪਰਾਧਕ ਗਿਰੋਹਾਂ ਦੀ ਕਾਰਜਸ਼ੀਲ ਢਾਂਚੇ ਨੂੰ ਤੋੜਨਾ ਹੈ। ਇਸ ਦੇ ਨਾਲ ਹੀ ਅਪਰਾਧਿਕ ਅਨਸਰਾ ਨੂੰ ਰਾਊਡ ਅੱਪ ਕਰਨ ਦੇ ਨਾਲ-ਨਾਲ ਜਿਲ੍ਹੇ ਅੰਦਰ ਮੌਜੂਦ ਹੋਟਲਾ, ਸਰਾਵਾ ਅਤੇ ਹੋਰ ਅਹਿਮ ਸਥਾਨਾ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।