ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਹੋਵੇਗੀ ਸਮੀਖਿਆ : ਡੀਸੀ
ਯੁਵਕ ਕਲੱਬ ਐਫੀਲੀਏਸ਼ਨ ਪਾਲਿਸੀ–2025 ਤਹਿਤ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਹੋਵੇਗੀ ਸਮੀਖਿਆ – ਡਿਪਟੀ ਕਮਿਸ਼ਨਰ
Publish Date: Wed, 18 Feb 2026 03:58 PM (IST)
Updated Date: Thu, 19 Feb 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਫ਼ਰੀਦਕੋਟ : ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਯੁਵਕ ਕਲੱਬ ਐਫੀਲੀਏਸ਼ਨ ਪਾਲਿਸੀ–2025 ਦੀ ਪ੍ਰਵਾਨਗੀ ਉਪਰੰਤ ਇਸ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਦੱਸਿਆ ਕਿ ਯੁਵਕ ਕਲੱਬ ਐਫੀਲੀਏਸ਼ਨ ਪਾਲਿਸੀ–2025 ਦੇ ਤਹਿਤ ਯੁਵਕ ਸੇਵਾਵਾਂ ਵਿਭਾਗ ਨਾਲ ਐਫੀਲੀਏਟਡ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਕੇ ਗੈਰ-ਸਰਗਰਮ ਕਲੱਬਾਂ ਦੀ ਐਫੀਲੀਏਸ਼ਨ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਪਹਿਲਾਂ ਮਿਤੀ 21 ਜਨਵਰੀ 2026 ਨੂੰ ਅਖਬਾਰਾਂ ਵਿੱਚ ਜਾਰੀ ਪਬਲਿਕ ਨੋਟਿਸ ਰਾਹੀਂ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਨਾਲ ਐਫੀਲੀਏਟਡ ਸਾਰੇ ਯੂਥ ਕਲੱਬਾਂ ਨੂੰ ਜਨਤਕ ਨੋਟਿਸ ਰਾਹੀਂ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫ਼ਰੀਦਕੋਟ ਦੇ ਦਫ਼ਤਰ ਵਿੱਚ ਹਾਜ਼ਰ ਹੋ ਕੇ ਨੋਟਿਸ ਜਾਰੀ ਹੋਣ ਦੀ ਤਾਰੀਖ ਤੋਂ 45 ਦਿਨਾਂ ਦੇ ਅੰਦਰ ਆਪਣੇ ਕਲੱਬ ਦੀ ਪਿਛਲੇ ਤਿੰਨ ਸਾਲਾਂ (2023-24, 2024-25 ਅਤੇ 2025-26) ਦੀ ਕਾਰਗੁਜ਼ਾਰੀ ਦਾ ਪੂਰਾ ਵੇਰਵਾ ਸਬੂਤਾਂ ਸਮੇਤ ਜਮ੍ਹਾਂ ਕਰਵਾਉਣ। ਨਵੀਂ ਯੂਥ ਪਾਲਿਸੀ ਤਹਿਤ ਇਹ ਰਿਪੋਰਟ ਨਿਰਧਾਰਿਤ ਸਮੇਂ ਅੰਦਰ ਜਮ੍ਹਾਂ ਕਰਵਾਉਣੀ ਲਾਜ਼ਮੀ ਹੋਵੇਗੀ ਇਸ ਮੌਕੇ ਅਰੁਣ ਕੁਮਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਨੇ ਦੱਸਿਆ ਕਿ ਵਿਭਾਗ ਨਾਲ ਜ਼ਿਲ੍ਹੇ ਦੀਆਂ ਕੁੱਲ 617 ਯੁਵਕ ਸੇਵਾਵਾਂ ਕਲੱਬ ਐਫੀਲੀਏਟਡ ਹਨ, ਜਿਨ੍ਹਾਂ ਵਿੱਚੋਂ ਕਈ ਕਲੱਬਾਂ ਦੀ ਕਾਰਗੁਜ਼ਾਰੀ ਸੰਤੋਖਜਨਕ ਨਹੀਂ ਪਾਈ ਗਈ ਹੈ। ਉਨ੍ਹਾਂ ਕਲੱਬਾਂ ਨੂੰ ਅਪੀਲ ਕੀਤੀ ਕਿ ਨਿਰਧਾਰਿਤ ਸਮੇਂ ਅੰਦਰ ਆਪਣੀ ਕਾਰਗੁਜ਼ਾਰੀ ਰਿਪੋਰਟ ਜਮ੍ਹਾਂ ਕਰਵਾਕੇ ਆਪਣੀ ਐਫੀਲੀਏਸ਼ਨ ਬਰਕਰਾਰ ਰੱਖਣ।