- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੀ 35ਵੀਂ ਬਰਸੀ ਮੌਕੇ ਲੋਕ ਮੁਕਤੀ ਲਈ ਸਾਂਝੇ ਸੰਘਰਸ਼ਾਂ ਦਾ ਹੋਕਾ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਸੇਵੇਵਾਲਾ ਕਾਂਡ ਦੇ ਸ਼ਹੀਦਾਂ ਦੀ 35ਵੀਂ ਬਰਸੀ ਮੌਕੇ ਲੋਕ ਮੁਕਤੀ ਦੇ ਕਾਰਜ ਲਈ ਜਾਤਪਾਤੀ ਤੇ ਫਿਰਕੂ ਵੰਡੀਆਂ ਤੋਂ ਉੱਪਰ ਉੱਠ ਕੇ ਵਿਸ਼ਾਲ ਸਾਂਝੇ ਅਤੇ ਦਿਰੜ ਖਾੜਕੂ ਘੋਲਾਂ ਦੇ ਮੋਰਚੇ ਭਖਾਉਣ ਦਾ ਸੱਦਾ ਦਿੱਤਾ ਗਿਆ। ਸ਼ਹੀਦੀ ਯਾਦਗਾਰ ਕਮੇਟੀ ਦੇ ਸੱਦੇ ਤਹਿਤ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਵਿਖੇ ਫਿਰਕੂ ਤੇ ਹਕੂਮਤੀ ਦਹਿਸਤਗਰਦੀ ਖ਼ਿਲਾਫ਼ ਜੂਝ ਕੇ ਜਾਨਾਂ ਕੁਰਬਾਨ ਕਰਨ ਵਾਲੇ ਸੇਵੇਵਾਲਾ ਕਾਂਡ ਦੇ ਸ਼ਹੀਦ ਮੇਘਰਾਜ ਭਗਤੂਆਣਾ, ਜਗਪਾਲ ਸਿੰਘ ਸੇਲਬਰਾਹ, ਗੁਰਜੰਟ ਸਿੰਘ ਢਿੱਲਵਾਂ, ਮਾਤਾ ਸਦਾ ਕੌਰ ਭਗਤੂਆਣਾ ਸਮੇਤ 18 ਸ਼ਹੀਦਾਂ ਦੀ 35ਵੀਂ ਬਰਸੀ ਮਨਾਈ ਗਈ। ਸਮਾਗਮ ਦੀ ਸ਼ੁਰੂਆਤ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹੀਦਾਂ ਨੂੰ ਯਾਦ ’ਚ ਸੂਹਾ ਪਰਚਮ ਲਹਿਰਾਉਣ ਨਾਲ ਕੀਤੀ ਗਈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਦੱਸਿਆ ਕਿ ਇਸ ਕਾਂਡ ਦੌਰਾਨ ਉਪਰੋਕਤ ਮੁੱਖ ਆਗੂਆਂ ਸਮੇਤ ਕਰਮ ਸਿੰਘ ਰਾਮਪੁਰਾ, ਗੁਰਨਾਮ ਸਿੰਘ ਜੀਦਾ, ਪਿੰਡ ਰਾਮਗੜ੍ਹ (ਭਗਤੂਆਣਾ) ਦੇ ਜੰਮਪਲ ਤੇਜਿੰਦਰ ਸਿੰਘ, ਬੱਗਾ ਸਿੰਘ ਤੇ ਪੱਪੀ ਸਿੰਘ, ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਵਸਨੀਕ ਬੂਟਾ ਸਿੰਘ, ਜਸਵੀਰ ਸਿੰਘ, ਜਗਦੇਵ ਸਿੰਘ, ਲਖਵੀਰ ਸਿੰਘ, ਮੱਖਣ ਸਿੰਘ, ਹਰਪਾਲ ਸਿੰਘ ‘ਪਾਲਾ’ ਅਤੇ ਬਲਦੇਵ ਸਿੰਘ ਤੋਂ ਇਲਾਵਾ ਮਾਸੂਮ ਵਿਦਿਆਰਥੀ ਚਰਨਜੀਤ ਸਿੰਘ ਅਤੇ ਮਨਜੀਤ ਸਿੰਘ ਫਿਰਕੂ ਦਹਿਸ਼ਤਗਰਦਾਂ ਵੱਲੋਂ ਕੀਤੇ ਕਾਤਲੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ। ਅੱਜ ਦੇ ਸਮਾਗਮ ਨੂੰ ਸ਼ਹੀਦੀ ਯਾਦਗਾਰ ਕਮੇਟੀ ਦੀ ਕਨਵੀਨਰ ਤੇ ਸ਼ਹੀਦ ਮੇਘਰਾਜ ਭਗਤੂਆਣਾ ਦੀ ਬੇਟੀ ਹਰਿੰਦਰ ਬਿੰਦੂ, ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਮੁੰਬਈ ਤੋਂ ਪਹੁੰਚੇ ਇਨਕਲਾਬੀ ਜਮਹੂਰੀ ਲਹਿਰ ਦੇ ਸਮਰਥਕ ਹਰਸ਼ ਠਾਕੁਰ, ਬੀਕੇਯੂ ਏਕਤਾ ਉਗਰਾਹਾਂ ਬਲਾਕ ਜੈਤੋ ਦੇ ਆਗੂ ਛਿੰਦਾ ਸਿੰਘ ਦਲ ਸਿੰਘ ਵਾਲਾ ਅਤੇ ਹਰਪ੍ਰੀਤ ਸਿੰਘ ਦਲ ਸਿੰਘ ਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਖਿਆ ਕਿ ਸੇਵੇਵਾਲਾ ਕਾਂਡ ਦੇ ਸ਼ਹੀਦਾਂ ਨੇ ਮਜ਼ਦੂਰਾਂ ਕਿਸਾਨਾਂ ਤੇ ਕਿਰਤੀ ਲੋਕਾਂ ਦੀ ਬੰਦਖੁਲਾਸੀ ਲਈ ਆਪਣੀਆਂ ਜਾਨਾਂ ਦੀ ਅਹੂਤੀ ਦਿੱਤੀ। ਉਨ੍ਹਾਂ ਆਖਿਆ ਕਿ ਉਸ ਸਮੇਂ ਪੰਜਾਬ ਦੇ ਲੋਕਾਂ ਦਾ ਘਾਣ ਕਰ ਰਹੀ ਹਕੂਮਤੀ ਤੇ ਫਿਰਕੂ ਦਹਿਸਤਗਰਦੀ ਖ਼ਿਲਾਫ਼ ਜਾਨ ਤਲੀ ’ਤੇ ਧਰ ਕੇ ਅਵਾਜ਼ ਬੁਲੰਦ ਕੀਤੀ। ਬੁਲਾਰਿਆਂ ਨੇ ਆਖਿਆ ਕਿ ਮੌਜੂਦਾ ਸਮੇਂ ਦੇਸ਼ ਦੇ ਹੁਕਮਰਾਨਾਂ ਵੱਲੋਂ ਸਾਮਰਾਜੀ ਮੁਲਕਾਂ ਦੇ ਲੁੱਟ ਤੇ ਗਲਬੇ ਨੂੰ ਹੋਰ ਵਧਾਉਣ ਲਈ ਕੀਤਾ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਖੇਤੀ ਤੇ ਸਨਅਤ ਦੇ ਉਜਾੜੇ ਦਾ ਸਾਧਨ ਬਣੇਗਾ, ਸਿੱਟੇ ਵਜੋਂ ਦੇਸ਼ ਦੇ ਅੰਦਰ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਕਰਜੇ ਤੇ ਖੁਦਕਸ਼ੀਆਂ ਦਾ ਸੰਕਟ ਹੋਰ ਡੂੰਘਾ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਾਮਰਾਜੀ ਮੁਲਕਾਂ, ਕਾਰਪੋਰੇਟ ਘਰਾਣਿਆਂ ਤੇ ਜਾਗੀਰਦਾਰਾਂ ਦੇ ਹਿਤਾਂ ਦੀ ਪੂਰਤੀ ਲਈ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਨੂੰ ਖਤਮ ਕਰਕੇ ‘ਜੀ ਰਾਮ ਜੀ’ ਕਾਨੂੰਨ ਲਿਆਂਦਾ ਗਿਆ ਹੈ। ਉਨ੍ਹਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ‘ਆਪ’ ਸਰਕਾਰ ਖੇਤੀ ਸੰਕਟ ਦਾ ਹੱਲ ਕਰਨ ਲਈ ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਨ, ਰੁਜ਼ਗਾਰ ਦੇ ਵਸੀਲੇ ਪੈਦਾ ਕਰਨ ਲਈ ਖੇਤੀ ਤੇ ਸਨਅਤ ਜੁੜਵੇਂ ਲੋਕ ਪੱਖੀ ਵਿਕਾਸ ਮਾਡਲ ਨੂੰ ਲਾਗੂ ਕਰਨ ਦੀ ਥਾਂ ਕਾਰਪੋਰੇਟ ਪੱਖੀ ਅਜੰਡਾ ਲਾਗੂ ਕਰ ਰਹੀ ਹੈ। ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਲਈ ਪੁਲਿਸੀ ਧਾੜਾਂ ਨੂੰ ਖੁੱਲੀਆਂ ਛੁੱਟੀਆਂ ਦੇ ਰਹੀ ਹੈ ਅਤੇ ਪੱਤਰਕਾਰਾਂ ਦੀ ਜ਼ੁਬਾਨਬੰਦੀ ਵਰਗੇ ਕਦਮ ਚੁੱਕ ਰਹੀ ਹੈ। ਉਨ੍ਹਾਂ ਆਖਿਆ ਕਿ ਬਦਲਾਅ ਦਾ ਝਾਂਸਾ ਦੇ ਕੇ ਸੱਤਾ ’ਚ ਆਈ ‘ਆਪ’ ਸਰਕਾਰ ਲੋਕਾਂ ਨੂੰ ਪੈਰਾਂ ਸਿਰ ਕਰਨ ਦੀ ਥਾਂ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਵਰਗੀਆਂ ਨਿਗੂਣੀਆਂ ਸਹੂਲਤਾਂ ਰਾਹੀਂ ਵੋਟ ਬੈਂਕ ਪੱਕਾ ਕਰਨ ਦੀ ਨੀਤੀ ’ਤੇ ਚੱਲ ਰਹੀ ਹੈ। ਇਸ ਮੌਕੇ ਲੋਕ ਸੰਗੀਤ ਮੰਡਲੀ ਜੀਦਾ ਦੇ ਕਲਾਕਾਰਾਂ ਵੱਲੋਂ ਇਨਕਲਾਬੀ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਮੇਜਰ ਸਿੰਘ ਕਾਲੇਕੇ ਤੇ ਗੁਰਪਾਲ ਸਿੰਘ ਨੰਗਲ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘਾਲੀ, ਹਰਬੰਸ ਸਿੰਘ ਕੋਟਲੀ, ਗੁਰਭਗਤ ਸਿੰਘ ਭਲਾਈਆਣਾ, ਨੱਥਾ ਸਿੰਘ ਰੋੜੀਕਪੂਰਾ, ਜਸਪਾਲ ਸਿੰਘ ਕੋਠਾ ਗੁਰੂ ਕਾ, ਅਮਰੀਕ ਸਿੰਘ ਸਿਵੀਆਂ, ਐਡਵੋਕੇਟ ਸੁਦੀਪ ਸਮੇਤ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮੌਜੂਦ ਸਨ।