- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਕੋਟਕਪੂਰਾ ਵਿਖੇ ਮਿਲੇਗੀ ਆਈ.ਏ.ਐਸ. ਅਤੇ ਆਈ.ਪੀ.ਐਸ. ਦੀ ਕੋਚਿੰਗ : ਢਿੱਲੋਂ

ਹੁਣ ਕੋਟਕਪੂਰਾ ਵਿਖੇ ਮਿਲੇਗੀ ਆਈਏਐੱਸ ਤੇ ਆਈਪੀਐੱਸ ਦੀ ਕੋਚਿੰਗ : ਢਿੱਲੋਂ
ਹਰਪ੍ਰੀਤ ਸਿੰਘ ਚਾਨਾ, ਪੰਜਾਬੀ ਜਾਗਰਣ, ਕੋਟਕਪੂਰਾ : ਸਥਾਨਕ ਬਠਿੰਡਾ ਸੜਕ ’ਤੇ ਸਥਿੱਤ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ਼ ਵਿਖੇ ਸਵ: ਬਲਕਾਰ ਸਿੰਘ ਢਿੱਲੋਂ ਦੀ ਯਾਦ ਵਿੱਚ ਰੱਖੇ ਧਾਰਮਿਕ ਸਮਾਗਮ ਦੌਰਾਨ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਡਾ. ਮਨਜੀਤ ਸਿੰਘ ਢਿੱਲੋਂ ਨੇ ਆਖਿਆ ਕਿ ਮੇਰੀ ਪਿਛਲੇ ਲੰਮੇ ਸਮੇਂ ਤੋਂ ਦਿਲੀ ਇੱਛਾ ਰਹੀ ਹੈ ਕਿ ਸਾਡੇ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਨੂੰ ਆਈ.ਏ.ਐਸ. ਅਤੇ ਆਈ.ਪੀ.ਐਸ. ਦੀ ਕੋਚਿੰਗ ਦੇ ਕੇ ਜੇਕਰ ਉਹਨਾ ਨੂੰ ਸਮਰੱਥ ਬਣਾਇਆ ਜਾਵੇ ਤਾਂ ਪੰਜਾਬ ਦੀ ਕਾਇਆਕਲਪ ਹੋ ਸਕਦੀ ਹੈ, ਕਿਉਂਕਿ ਪਹਿਲਾਂ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਪੰਜਾਬੀ ਨੌਜਵਾਨ ਆਈ.ਏ.ਐਸ. ਅਤੇ ਆਈ.ਪੀ.ਐਸ. ਦੀਆਂ ਕੁਰਸੀਆਂ ’ਤੇ ਬਿਰਾਜਮਾਨ ਹੁੰਦੇ ਸਨ ਪਰ ਅੱਜ ਪੰਜਾਬ ਵਿੱਚ ਦੂਜੇ ਰਾਜਾਂ ਦੇ ਆਈ.ਏ.ਐਸ. ਅਤੇ ਆਈ.ਪੀ.ਐਸ. ਆਦਿਕ ਅਧਿਕਾਰੀਆਂ ਦੀ ਬਹੁਤਾਤ ਹੈ। ਮੇਰੀ ਟੀਮ ਵੱਲੋਂ ਆਈ.ਏ.ਐਸ. ਅਤੇ ਆਈ.ਪੀ.ਐਸ. ਦੇ ਨਾਲ-ਨਾਲ ਡਾਕਟਰ, ਡਿਫੈਂਸ ਅਫਸਰ, ਆਰਕੀਟੈਕਟ, ਨਾਟਾ, ਕਲੈਟ/ਜੱਜ ਟ੍ਰੇਨਿੰਗ ਸਮੇਤ ਹੋਰ ਬਹੁਤ ਸਾਰੇ ਅਜਿਹੇ ਕੋਰਸ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ, ਕਿਉਂਕਿ ਮੇਰਾ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਵਾਲਾ ਕੰਪਲੈਕਸ ਲਗਭਗ 7 ਏਕੜ ਵਿੱਚ ਬਣਿਆ ਹੋਇਆ ਹੈ, ਜਿੱਥੇ ਉਕਤ ਕੋਰਸ ਆਰਾਮ ਨਾਲ ਕਰਵਾਏ ਜਾ ਸਕਦੇ ਹਨ। ਪਾਠ ਦਾ ਭੋਗ, ਗੁਰਬਾਣੀ ਕੀਰਤਨ, ਅਰਦਾਸ ਬੇਨਤੀ ਅਤੇ ਪਵਿੱਤਰ ਹੁਕਮਨਾਮਾ ਲੈਣ ਉਪਰੰਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਖਿਆ ਕਿ ਡਾ ਮਨਜੀਤ ਸਿੰਘ ਢਿੱਲੋਂ ਦੀ ਟੀਮ ਦਾ ਇਹ ਉਪਰਾਲਾ ਪ੍ਰਸੰਸਾਯੋਗ ਹੈ, ਕਿਉਂਕਿ ਬੱਚਿਆਂ ਅਤੇ ਨੌਜਵਾਨਾ ਦਾ ਭਵਿੱਖ ਸੁਰੱਖਿਅਤ ਕਰਨ ਵਾਲੇ ਉਪਰਾਲੇ ਸਾਰਿਆਂ ਲਈ ਸ਼ੁੱਭ ਸੰਕੇਤ ਹੁੰਦੇ ਹਨ। ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੋਕਰ ਨੇ ਅੰਕੜਿਆਂ ਸਹਿਤ ਸਮਝਾਉਂਦਿਆਂ ਦੱਸਿਆ ਕਿ ਇਹ ਸੰਸਥਾ ਪੰਜਾਬ ਹੀ ਨਹੀਂ, ਬਲਕਿ ਐਨੇ ਖੁੱਲੇ ਚੌੜੇ ਖੇਤਰਫਲ ਵਿੱਚ ਉੱਤਰੀ ਭਾਰਤ ਦੀ ਇਹ ਪਹਿਲੀ ਸੰਸਥਾ ਹੋਵੇਗੀ। ਉਹਨਾਂ ਦੱਸਿਆ ਕਿ ਦਿੱਲੀ, ਚੰਡੀਗੜ੍ਹ ਅਤੇ ਕੋਟਾ ਵਰਗੇ ਮਹਾਂਨਗਰਾਂ ਵਿੱਚ ਮਿਲਣ ਵਾਲੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਕੋਚਿੰਗ ਦੀ ਸਹੂਲਤ ਹੁਣ ਕੋਟਕਪੂਰੇ ਦੀਆਂ 300 ਲੜਕੀਆਂ ਨੂੰ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਵਿਖੇ ਮਿਲੇਗੀ। ਉਹਨਾ ਦੱਸਿਆ ਕਿ ਅਕਸਰ ਇਸ ਇਲਾਕੇ ਦੇ ਲੋਕ ਆਪਣੀਆਂ ਬੇਟੀਆਂ ਨੂੰ ਉਚੇਰੀ ਸਿੱਖਿਆ ਅਤੇ ਕੋਚਿੰਗ ਲਈ ਦੂਰ-ਦੁਰਾਡੇ ਇਲਾਕਿਆਂ ਵਿੱਚ ਭੇਜਣ ਤੋਂ ਕਤਰਾਉਂਦੇ ਸਨ, ਜਿਸ ਕਰਕੇ ਉਹਨਾ ਬੇਟੀਆਂ ਦੀਆਂ ਆਸਾਂ-ਉਮੀਦਾਂ ਢਹਿ-ਢੇਰੀ ਹੋ ਜਾਂਦੀਆਂ ਸਨ। ਇਸ ਤੋਂ ਇਲਾਵਾ ਲੜਕੀਆਂ ਵਿੱਚ ਜਾਗਰੂਕਤਾ ਦੀ ਘਾਟ ਕਾਰਨ ਉਹਨਾ ਨੂੰ ਆਪਣਾ ਕੈਰੀਅਰ ਨਿਰਧਾਰਤ ਕਰਨ ਲਈ ਯੋਗ ਮਾਰਗ ਦਰਸ਼ਨ ਨਹੀਂ ਸੀ ਮਿਲਦਾ। ਉਹਨਾ ਦੱਸਿਆ ਕਿ ਵਿਦਿਆਰਥੀਆਂ ਨੂੰ ਦਸਵੀਂ ਜਮਾਤ ਪਾਸ ਕਰਨ ਦੇ ਨਾਲ-ਨਾਲ ਪ੍ਰੰਪਰਿਕ ਪੜਾਈ ਦੇ ਬਰਾਬਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਦਾ ਪ੍ਰਬੰਧ ਹੋਵੇਗਾ ਅਤੇ ਇਸ ਵਾਸਤੇ ਫੀਸਾਂ ਵੀ ਵੱਡੇ ਸ਼ਹਿਰਾਂ ਦੇ ਮੁਕਾਬਲੇ ਬਹੁਤ ਘੱਟ ਹੋਣਗੀਆਂ। ਉਹਨਾਂ ਦੱਸਿਆ ਕਿ ਪ੍ਰੀਖਿਆ ਦੀ ਤਿਆਰੀ ਲਈ ਹੋਸਟਲ ਵਿੱਚ ਰਹਿਣ ਵਾਲੀਆਂ ਵਿਦਿਆਰਥਣਾ ਲਈ ਵੀ ਬਕਾਇਦਾ ਸਹੂਲਤ ਮਿਲੇਗੀ। ਉਹਨਾ ਹੈਰਾਨੀ ਪ੍ਰਗਟਾਈ ਕਿ ਅਕਸਰ ਲੋਕ ਬੱਚਿਆਂ ਨੂੰ ਦਸਵੀਂ ਤੋਂ ਬਾਅਦ ਕਿਸੇ ਨਿੱਜੀ ਸਕੂਲ ਵਿੱਚ ਡੰਮੀ ਦਾਖਲਾ ਕਰਵਾ ਕੇ ਨੀਟ ਅਤੇ ਜੇ.ਈ.ਈ. ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੱਡੇ ਸ਼ਹਿਰਾਂ ਵਿੱਚ ਭੇਜ ਦਿੰਦੇ ਹਨ, ਜਿਸ ਨਾਲ ਉਹਨਾ ਦੀ ਪ੍ਰੰਪਰਿਕ ਪੜਾਈ ਅਧੂਰੀ ਰਹਿ ਜਾਣ ਕਾਰਨ ਉਹਨਾ ਨੂੰ ਵਿਸ਼ੇ ਦਾ ਪੂਰਨ ਗਿਆਨ ਨਹੀਂ ਮਿਲਦਾ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਜਡਮ ਕੋਟਾ ਕਲਾਸਾਂ ਦੇ ਡਾਇਰੈਕਟਰ ਵਿਨੋਦ ਵਰਮਾ ਅਤੇ ਪ੍ਰਬੰਧਕ ਅਫਸਰ ਹਰਪ੍ਰੀਤ ਸਿੰਘ ਬੱਬੂ ਨੇ ਆਖਿਆ ਕਿ ਦੇਸ਼ ਭਰ ਵਿੱਚ ਇਹ ਸੰਸਥਾ ਸਭ ਤੋਂ ਸਸਤੀ ਹੋਵੇਗੀ, ਇਸ ਵਿੱਚ ਪੜਾਈ ਦਾ ਮਿਆਰ ਉੱਚ ਪੱਧਰ ਦਾ ਹੋਵੇਗਾ, ਕਿਉਂਕਿ ਇਸ ਸੰਸਥਾ ਵਿੱਚ ਸ਼ਾਨਦਾਰ ਆਧੁਨਿਕ ਲੈਬ ਹੋਣਗੀਆਂ, ਜੋ ਕਿ ਹੋਰਨਾਂ ਕੋਚਿੰਗ ਸੈਂਟਰਾਂ ਵਿੱਚ ਨਹੀਂ ਹੁੰਦੀਆਂ। ਇਸ ਵਿੱਚ ਪੜਾਈ ਸ਼ਾਨਦਾਰ ਅਤੇ ਸੌਖੀ ਹੋਵੇਗੀ, ਕਿਉਂਕਿ ਕੋਚਿੰਗ ਦੇਣ ਲਈ ਬਹੁਤ ਹੀ ਤਜਰਬੇਕਾਰ ਅਤੇ ਕਾਬਲ ਸਟਾਫ ਦਾ ਪ੍ਰਬੰਧ ਕੀਤਾ ਗਿਆ ਹੈ। ਗਰੀਬ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਵੀ ਦਿੱਤੀ ਜਾਵੇਗੀ। ਉਹਨਾ ਦਾਅਵਾ ਕੀਤਾ ਕਿ ਉਕਤ ਸਹੂਲਤਾਂ ਮੁਹੱਈਆ ਕਰਵਾਉਣ ਦਾ ਉਹਨਾ ਦਾ ਮਕਸਦ ਰੁਜਗਾਰ ਲਈ ਵਿਦੇਸ਼ ਜਾਣ ਦੀ ਸੋਚ ਰੱਖਣ ਵਾਲੀ ਨੌਜਵਾਨ ਸ਼ਕਤੀ ਨੂੰ ਸਹੀ ਮਾਰਗ ਦਰਸ਼ਨ ਦੇ ਕੇ ਉੱਚੇ ਅਹੁਦਿਆਂ ਦੇ ਕਾਬਲ ਬਣਾਉਣਾ ਹੈ ਤਾਂ ਜੋ ਉਹ ਵਿਦੇਸ਼ ਜਾਣ ਦੀ ਸੋਚ ਤਿਆਗ ਦੇਣ। ਉਹਨਾਂ ਅੰਕੜਿਆਂ ਸਹਿਤ ਵਿਸਥਾਰ ਵਿੱਚ ਸਮਝਾਉਂਦਿਆਂ ਦੱਸਿਆ ਕਿ ਵਿਦੇਸ਼ ਜਾਣ ਨਾਲ ਪੰਜਾਬ ਦਾ ਸਰਮਾਇਆ, ਜਵਾਨੀ ਅਤੇ ਹੁਨਰ ਤੋਂ ਪੰਜਾਬ ਦੀ ਧਰਤੀ ਵਾਂਝੀ ਹੁੰਦੀ ਜਾ ਰਹੀ ਹੈ, ਜਦਕਿ ਹੋਰਨਾ ਰਾਜਾਂ ਦੇ ਕਲਾਸ-1 ਅਫਸਰ ਪੰਜਾਬ ਦੇ ਪ੍ਰਮੁੱਖ ਅਹੁਦਿਆਂ ’ਤੇ ਬਿਰਾਜਮਾਨ ਹੋਣ ਨਾਲ ਵੀ ਪੰਜਾਬ ਦਾ ਕਰੋੜਾਂ-ਅਰਬਾਂ ਰੁਪਏ ਦਾ ਸਰਮਾਇਆ ਹੋਰਨਾ ਰਾਜਾਂ ਨੂੰ ਤਨਖਾਹ ਦੇ ਰੂਪ ਵਿੱਚ ਜਾ ਰਿਹਾ ਹੈ, ਜਿਸ ਕਰਕੇ ਪੰਜਾਬ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾ ਆਖਿਆ ਕਿ ਜੇਕਰ ਪੰਜਾਬ ਦੇ ਹੋਣਹਾਰ ਲੜਕੇ-ਲੜਕੀਆਂ ਕਲਾਸ-1 ਵਾਲੇ ਉਚ ਅਹੁਦਿਆਂ ’ਤੇ ਬਿਰਾਜਮਾਨ ਹੋਣਗੇ ਤਾਂ ਜਿੱਥੇ ਵਿਦੇਸ਼ ਜਾਣ ਦੀ ਲਾਲਸਾ ਖਤਮ ਹੋ ਜਾਵੇਗੀ, ਉੱਥੇ ਆਰਥਿਕ ਪੱਖੋਂ ਪੰਜਾਬ ਵੀ ਖੁਸ਼ਹਾਲ ਹੋ ਜਾਵੇਗਾ। ਅੰਤ ਵਿੱਚ ਪ੍ਰਵਾਸੀ ਭਾਰਤੀਆਂ ਸਤਬੀਰ ਸਿੰਘ ਬਰਾੜ ਯੂ.ਐਸ.ਏ., ਕਮਲਦੀਪ ਸਿੰਘ ਮਾਨ ਆਸਟ੍ਰੇਲੀਆ ਸਮੇਤ ਕੁਝ ਧਾਰਮਿਕ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬਾਬਾ ਜਸ਼ਨਪ੍ਰੀਤ ਸਿੰਘ, ਬਾਬਾ ਗਾਗਾ ਸਿੰਘ, ਇੰਜੀ. ਜਨਜੀਤਪਾਲ ਸਿੰਘ ਸੇਖੋਂ, ਇੰਜੀ. ਜਰਮਨਜੀਤ ਸਿੰਘ ਸੰਧੂ, ਮਾ ਕੁਲਦੀਪ ਸਿੰਘ ਮੌੜ, ਸੁਖਦੀਪ ਸਿੰਘ ਸੰਧੂ, ਬਲਜੀਤ ਸਿੰਘ ਖੀਵਾ, ਗੁਰਿੰਦਰ ਸਿੰਘ ਮਹਿੰਦੀਰੱਤਾ, ਭੈਣ ਮਨਜੀਤ ਕੌਰ ਨਾਨਕਸਰ ਠਾਠ ਸਮੇਤ ਭਾਰੀ ਗਿਣਤੀ ਵਿੱਚ ਪਿੰਡਾਂ ਦੇ ਪੰਚ-ਸਰਪੰਚ, ਵੱਖ ਵੱਖ ਸੰਸਥਾਵਾਂ/ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਹਾਜਰ ਸਨ।