ਮਾਮੂਲੀ ਗੱਲ ਨੂੰ ਲੈ ਕੇ ਹੋਈ ਲੜਾਈ ’ਚ ਪੰਜ ਨਾਮਜ਼ਦ
ਮਾਮੂਲੀ ਗੱਲ ਨੂੰ ਲੈ ਕੇ ਹੋਈ ਲੜਾਈ ਵਿੱਚ ਪੰਜ ਨਾਮਜਦ
Publish Date: Tue, 06 Jan 2026 05:01 PM (IST)
Updated Date: Wed, 07 Jan 2026 04:00 AM (IST)
-ਮਾਮਲਾ ’ਚ ਨਹੀਂ ਹੋਈ ਕਿਸੇ ਦੀ ਗ੍ਰਿਫ਼ਤਾਰੀ
-ਗੁਰਦੁਆਰਾ ਸਾਹਿਬ ਵਿਖੇ ਟਰੈਕਟਰ ਮੂਹਰੇ ਲਾਉਣ ਦੀ ਜਿੱਦ ਨੂੰ ਲੈ ਕੇ ਹੋਈ ਲੜਾਈ
ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ ਡਡਨੇੜਲੇ ਪਿੰਡ ਫਿੱਡੇ ਕਲਾਂ ਵਿਖੇ ਵਾਪਰੀ ਘਟਨਾ ਦੇ ਸਬੰਧ ਵਿੱਚ ਸਥਾਨਕ ਸਦਰ ਥਾਣੇ ਦੀ ਪੁਲਿਸ ਨੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਨੂੰ ਨਾਮਜ਼ਦ ਤਾਂ ਕਰ ਲਿਆ ਪਰ ਇਸ ਮਾਮਲੇ ਵਿੱਚ ਅਜੇ ਕਿਸੇ ਦੀ ਕੋਈ ਗਿ੍ਫਤਾਰੀ ਨਹੀਂ ਹੋਈ। ਜਿਕਰਯੋਗ ਹੈ ਕਿ ਬੀਤੇ ਕੱਲ੍ਹ ਗੁਰਦੁਆਰਾ ਸਾਹਿਬ ਵਿਖੇ ਨਗਰ ਕੀਰਤਨ ਮੌਕੇ ਟਰੈਕਟਰ ਮੂਹਰੇ ਲਾਉਣ ਦੀ ਜਿੱਦ ਨੂੰ ਲੈ ਕੇ ਹੋਈ ਲੜਾਈ ਵਿੱਚ ਦੋ ਨੌਜਵਾਨ ਜ਼ਖ਼ਮੀ ਹੋ ਗਏ ਸਨ। ਹੁਣ ਸਥਾਨਕ ਸਦਰ ਥਾਣੇ ਦੀ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਹਰਵਿਪਨ ਸਿੰਘ ਵਾਸੀ ਪਿੰਡ ਫਿੱਡੇ ਕਲਾਂ ਨੇ ਆਖਿਆ ਹੈ ਕਿ ਉਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਬਲਾਕ ਕੋਟਕਪੂਰਾ ਦਾ ਪ੍ਰਧਾਨ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਨਗਰ ਕੀਰਤਨ ਨਿਕਲਣਾ ਸੀ ਤਾਂ ਸਵੇਰੇ ਕਰੀਬ 8 ਵਜੇ ਉਸਦੇ ਚਾਚੇ ਦੇ ਬੇਟੇ ਮਨਪ੍ਰੀਤ ਸਿੰਘ ਦਾ ਫੋਨ ਆਇਆ ਕਿ ਗੁਰਦੁਆਰਾ ਸਾਹਿਬ ਆ ਜਾਉ, ਇੱਥੇ ਨਗਰ ਕੀਰਤਨ ਵਿੱਚ ਟਰੈਕਟਰ ਅੱਗੇ ਲਾਉਣ ਲਈ ਕੰਮ ਲੜਾਈ ਵਾਲੇ ਪਾਸੇ ਜਾ ਰਿਹਾ ਹੈ। ਜਦੋਂ ਉਹ ਗੁਰਦੁਆਰਾ ਸਾਹਿਬ ਵਿਖੇ ਪੁੱਜਾ ਤਾਂ ਪਿੱਤਰ ਸਿੰਘ ਕੌੜਾ, ਉਸਦਾ ਭਰਾ ਨੀਲਾ ਕੌੜਾ, ਵਿਸ਼ਾਲ ਕੁਮਾਰ ਉਰਫ ਵਿੱਕੀ ਕੌੜਾ, ਕੁਲਵਿੰਦਰ ਸਿੰਘ ਉਰਫ ਗੋਰੀ ਕੌੜਾ ਅਤੇ ਖ਼ਜ਼ਾਨਚੀ ਮਨਦੀਪ ਸਿੰਘ ਵਾਸੀਆਨ ਪਿੰਡ ਫਿੱਡੇ ਕਲਾਂ ਮਨਪ੍ਰੀਤ ਸਿੰਘ ਦੀ ਕੁੱਟਮਾਰ ਕਰਕੇ ਉਸਨੂੰ ਜ਼ਖ਼ਮੀ ਕਰ ਚੁੱਕੇ ਸਨ। ਹਮਲਾਵਰ ਮੁਦੱਈ ਮੁਕੱਦਮਾ ਦੀ ਵੀ ਕੁੱਟਮਾਰ ਕਰਦਿਆਂ ਕਹਿਣ ਲੱਗ ਪਏ ਕਿ ਇਨ੍ਹਾਂ ਨੂੰ ਕਿਸਾਨ ਯੂਨੀਅਨ ਦੀ ਪ੍ਰਧਾਨਗੀ ਦਾ ਵੱਲ ਸਿਖਾ ਦਿਉ। ਆਪਣੇ ਭਰਾ ਮਨਪ੍ਰੀਤ ਸਿੰਘ ਸਮੇਤ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ ਵਿਖੇ ਜ਼ੇਰੇ ਇਲਾਜ ਹਰਵਿਪਨ ਸਿੰਘ ਨੇ ਲੜਾਈ ਦੀ ਵਜ੍ਹਾ ਰੰਜਿਸ਼ ਸਬੰਧੀ ਦੱਸਿਆ ਕਿ ਪਿੱਤਰ ਸਿੰਘ ਕੌੜਾ ਵਗੈਰਾ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਤਿੰਨ ਏਕੜ ਜ਼ਮੀਨ ਦੀ ਧੱਕੇ ਨਾਲ ਵਾਹੀ ਕਰ ਰਹੇ ਹਨ, ਜਿਸ ਬਾਰੇ ਮੁਦੱਈ ਸਮਾਜਸੇਵੀ ਹੋਣ ਨਾਤੇ ਵਿਰੋਧ ਕਰਦਾ ਹੈ ਤੇ ਉਸੇ ਰੰਜਿਸ਼ ਤਹਿਤ ਉਕਤਾਨ ਨੇ ਮੁਦੱਈ ਅਤੇ ਉਸਦੇ ਭਰਾ ਦੀ ਕੁੱਟਮਾਰ ਕਰਕੇ ਸੱਟਾਂ ਮਾਰੀਆਂ ਹਨ। ਤਫਤੀਸ਼ੀ ਅਫਸਰ ਹੌਲਦਾਰ ਸੁਖਵਿੰਦਰਪਾਲ ਸਿੰਘ ਮੁਤਾਬਿਕ ਸ਼ਿਕਾਇਤ ਕਰਤਾ ਦੇ ਬਿਆਨਾ ਦੇ ਆਧਾਰ ’ਤੇ ਉਕਤਾਨ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਉਂਝ ਉਹਨਾ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਕੋਈ ਗਿ੍ਫਤਾਰੀ ਨਹੀਂ ਹੋਈ।