ਠੰਢ ਦੌਰਾਨ ਬਿਮਾਰੀਆਂ ਤੋਂ ਬਚਾਅ ਬਾਰੇ ਕੀਤਾ ਸੁਚੇਤ
ਠੰਢ ਦੌਰਾਨ ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਣ ਦੀ ਲੋੜ : ਡਾ. ਵਰਿੰਦਰ ਕੁਮਾਰ
Publish Date: Thu, 01 Jan 2026 03:19 PM (IST)
Updated Date: Fri, 02 Jan 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੈਤੋ : ਸਿਹਤ ਵਿਭਾਗ ਵੱਲੋਂ ਠੰਡ ਦੇ ਮੌਸਮ ਦੌਰਾਨ ਬਿਮਾਰ ਹੋਣ ਤੋਂ ਬਚਣ ਲਈ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਦੇ ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਵਰਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਠੰਡ ਪੈ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਜ਼ਿਆਦਾ ਠੰਡ ਵਧ ਸਕਦੀ ਹੈ। ਇਸ ਸੰਬੰਧ ਵਿਚ ਸਿਹਤ ਵਿਭਾਗ ਦੇ ਸਟਾਫ਼ ਵੱਲੋਂ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਠੰਡ ਨਾਲ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੰਘ, ਜੁਕਾਮ, ਨਿਮੂਨੀਆ, ਸਰੀਰ ਵਿਚ ਖ਼ੂਨ ਦਾ ਪ੍ਰਵਾਹ ਘੱਟ ਜਾਣਾ ਆਦਿ ਪੈਦਾ ਹੋ ਸਕਦੀਆਂ ਹਨ। ਉਨ੍ਹਾਂ ਜੈਤੋ ਇਲਾਕਾ ਵਾਸੀਆਂ ਨੂੰ ਸਲਾਹ ਦਿੱਤੀ ਕਿ ਠੰਡ ਦੌਰਾਨ ਪੂਰੀ ਤਰ੍ਹਾਂ ਸਰੀਰ ਢੱਕਦੇ ਗਰਮ ਕੱਪੜੇ ਜਿਵੇਂ ਕੋਟ, ਦਸਤਾਨੇ, ਟੋਪੀ, ਮਫ਼ਲਰ, ਜੁਰਾਬਾਂ ਅਤੇ ਬੂਟ ਪਾਏ ਜਾਣ। ਇਸ ਤੋਂ ਇਲਾਵਾ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਣ ਲਈ ਪੌਸ਼ਟਿਕ ਆਹਾਰ ਵਰਤੋਂ ਜ਼ਿਆਦਾ ਕੀਤੀ ਜਾਵੇ। ਖਾਣ-ਪੀਣ ਲਈ ਗਰਮ ਵਸਤੂਆਂ ਦਾ ਇਸਤੇਮਾਲ ਕੀਤਾ ਜਾਵੇ ਅਤੇ ਸ਼ਰਾਬ ਪੀਣ ਤੋਂ ਪ੍ਰਹੇਜ਼ ਕੀਤਾ ਜਾਵੇ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਠੰਡ ਦੌਰਾਨ ਕਰੋਨਿਕ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਸਾਹ ਦੀ ਤਕਲੀਫ਼ ਦੇ ਮਰੀਜ਼, ਦਿਲ ਦੀਆਂ ਬਿਮਾਰੀਆਂ ਦੇ ਮਰੀਜ਼, ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਮਾਵਾਂ ਤੇ ਬਜ਼ੁਰਗਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ, ਕਿਉਂਕਿ ਉਨ੍ਹਾਂ ਨੂੰ ਅਜਿਹੇ ਵਿਚ ਵਧੇਰੇ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਠੰਡ ਦੌਰਾਨ ਗਰਮ ਕੱਪੜੇ ਪਾਓ, ਜਿਨ੍ਹਾਂ ਸੰਭਵ ਹੋ ਸਕੇ ਘਰ ਵਿਚ ਹੀ ਰਹੋ, ਠੰਡਾ ਪਾਣੀ ਨਾ ਪੀਓ, ਯਾਤਰਾ ਤੋਂ ਪ੍ਰਹੇਜ ਕਰੋ ਅਤੇ ਆਪਣੇ-ਆਪ ਨੂੰ ਸੁੱਕਾ ਰੱਖਿਆ ਜਾਵੇ। ਐੱਸਐੱਮਓ ਡਾ. ਵਰਿੰਦਰ ਕੁਮਾਰ ਨੇ ਕਿਹਾ ਕਿ ਹਸਪਤਾਲ ਵਿਚ ਬਜ਼ੁਰਗਾਂ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ। ਬਜ਼ੁਰਗਾਂ ਦੀ ਓ.ਪੀ.ਡੀ. ਪਰਚੀ ਪਹਿਲ ਦੇ ਆਧਾਰ ’ਤੇ ਕੱਟੀ ਜਾਂਦੀ ਹੈ ਅਤੇ ਡਾਕਟਰਾਂ ਵੱਲੋਂ ਵੀ ਬਜ਼ੁਰਗਾਂ ਦਾ ਪਹਿਲ ਦੇ ਆਧਾਰ ’ਤੇ ਚੈੱਕਅਪ ਕਰਕੇ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋੜੀਂਦੀਆਂ ਜ਼ਰੂਰੀ ਦਵਾਈਆਂ ਅਤੇ ਸਾਜੋ-ਸਾਮਾਨ ਹਸਪਤਾਲ ਵਿਚ ਉਪਲਬਧ ਹੈ।