ਅਰੋੜਬੰਸ ਸਭਾ ਨੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਸਮਾਜਿਕ ਕੁਰੀਤੀਆਂ ਕਾਰਨ ਸਮਾਜ ਵਿੱਚ ਵੱਧ ਰਹੇ ਪਾੜੇ ਨੂੰ ਰੋਕਣ ਦੀ ਲੋੜ : ਪ੍ਰਿੰਸੀਪਲ ਅਰੋੜਾ
Publish Date: Sat, 24 Jan 2026 03:51 PM (IST)
Updated Date: Sun, 25 Jan 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਕੋਟਕਪੂਰਾ : ਅਰੋੜਬੰਸ ਸਭਾ ਕੋਟਕਪੂਰਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਦੀਆਂ ਹਦਾਇਤਾਂ ’ਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਅਤੇ ਸਕੂਲਾਂ ਵਿੱਚ ਪੜਦੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਵਾਲੀ ਵਿੱਢੀ ਮੁਹਿੰਮ ਦੀ ਲੜੀ ਵਿੱਚ ਨੇੜਲੇ ਪਿੰਡ ਜਿਉਣਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਕਰਵਾਏ ਗਏ ਵਾਤਾਵਰਣ ਜਾਗਰੂਕਤਾ ਅਤੇ ਸਮਾਜਿਕ ਬੁਰਾਈਆਂ ਖਿਲਾਫ ਸੈਮੀਨਾਰ ਵਿੱਚ ਬਤੌਰ ਮੁੱਖ ਵਕਤਾ ਪੁੱਜੇ ਸਭਾ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਬੱਚਿਆਂ ਨੂੰ ਅਨੁਸ਼ਾਸ਼ਨ ਦੀ ਪਾਲਣਾ, ਸਮੇਂ ਦੀ ਕਦਰ, ਵੱਡਿਆਂ ਦਾ ਸਤਿਕਾਰ, ਉਸਾਰੂ ਸੋਚ ਅਤੇ ਹਾਂਪੱਖੀ ਨਜਰੀਆ ਰੱਖਣ ਦੇ ਫਾਇਦਿਆਂ ਅਤੇ ਨੁਕਸਾਨਾ ਤੋਂ ਜਾਣੂ ਕਰਵਾਉਂਦਿਆਂ ਸੈਮੀਨਾਰ ਦੌਰਾਨ ਪੈਦਾ ਹੋਏ ਕਈ ਸਵਾਲ ਵੀ ਖੜੇ ਕੀਤੇ, ਜਿੰਨਾ ਦਾ ਸਹੀ ਜਵਾਬ ਦੇਣ ਵਾਲਿਆਂ ਨੂੰ ਅਰੋੜਬੰਸ ਸਭਾ ਵਲੋਂ ਨਗਦ ਰਾਸ਼ੀ ਦੇ ਕੇ ਸਨਮਾਨਤ ਵੀ ਕੀਤਾ ਗਿਆ। ਉਹਨਾ ਵਾਤਾਵਰਣ ਦੀ ਸੰਭਾਲ ਬਾਰੇ ਵੀ ਅਨੇਕਾਂ ਉਦਾਹਰਨਾ ਦਿੱਤੀਆਂ। ਸਟੇਜ ਸੰਚਾਲਨ ਕਰਦਿਆਂ ਮਾ ਹਰਭਜਨ ਸਿੰਘ ਬਰਾੜ ਨੇ ਮੰਨਿਆ ਕਿ ਅੱਜ ਸਮਾਜਿਕ ਕੁਰੀਤੀਆਂ ਕਾਰਨ ਸਮਾਜ ਵਿੱਚ ਪਾੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ, ਜਿਸ ਨੂੰ ਨਵੀਂ ਪੀੜੀ ਖਤਮ ਕਰਨ ਵਿੱਚ ਸਾਰਥਿਕ ਭੂਮਿਕਾ ਨਿਭਾਅ ਸਕਦੀ ਹੈ। ਸਕੂਲ ਮੁਖੀ ਪਿ੍ਰੰਸੀਪਲ ਵਿਕਾਸ ਕੁਮਾਰ ਅਰੋੜਾ ਨੇ ਆਖਿਆ ਕਿ ਸਕੂਲ ਦੇ ਸੂਝਵਾਨ ਅਧਿਆਪਕਾਂ ਵੱਲੋਂ ਰੋਜਾਨਾ ਸਵੇਰ ਦੀ ਸਭਾ (ਮੋਰਨਿੰਗ ਅਸੈਂਬਲੀ) ਵਿੱਚ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜਾਉਣ ਲਈ ਸਰਲ ਭਾਸ਼ਾ ਵਿੱਚ ਨੁਕਤੇ ਸਾਂਝੇ ਕੀਤੇ ਜਾਂਦੇ ਹਨ। ਤਾਂ ਜੋ ਇਹਨਾ ਬੱਚਿਆਂ ਨੂੰ ਚੰਗੇ ਨਾਗਰਿਕ ਬਣਾਇਆ ਜਾ ਸਕੇ। ਉਹਨਾ ਦੱਸਿਆ ਕਿ ਹੁਣ ਸਰਕਾਰ ਵਲੋਂ ਵੀ ਬੱਚਿਆਂ ਨੂੰ ਵਾਤਾਵਰਣ, ਨਸ਼ਿਆਂ, ਨੈਤਿਕਤਾ, ਖੇਡਾਂ, ਸੱਭਿਆਚਾਰ ਆਦਿਕ ਖੇਤਰਾਂ ਵਿੱਚ ਉਤਸ਼ਾਹਿਤ ਕਰਨ ਲਈ ਸਰਕਾਰੀ ਸਕੂਲਾਂ ਨੂੰ ਬਕਾਇਦਾ ਫੰਡ ਭੇਜਿਆ ਜਾਂਦਾ ਹੈ, ਜਿਸ ਦੀ ਸਦਵਰਤੋਂ ਕਰਕੇ ਬੱਚਿਆਂ ਦਾ ਉਤਸ਼ਾਹ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੰਤ ਵਿੱਚ ਸਕੂਲ ਪ੍ਰਬੰਧਕਾਂ ਵਲੋਂ ਮੁੱਖ ਵਕਤਾ ਅਤੇ ਐਲਆਈਸੀ ਐਡਵਾਈਜਰ ਵਰਿੰਦਰਪਾਲ ਸਿੰਘ ਅਰਨੇਜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।