ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 4 ਜਨਵਰੀ ਨੂੰ
ਨੈਸ਼ਨਲ ਮੀਨਜ਼ ਮੈਰਿਟ ਸਕਾਲਰਸ਼ਿਪ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 4 ਜਨਵਰੀ ਨੂੰ: ਨੀਲਮ ਰਾਣੀ
Publish Date: Fri, 02 Jan 2026 03:29 PM (IST)
Updated Date: Sat, 03 Jan 2026 04:02 AM (IST)

ਚਾਨਾ ਪੰਜਾਬੀ ਜਾਗਰਣ ਫ਼ਰੀਦਕੋਟ, -ਨੈਸ਼ਨਲ ਮੀਨਜ਼ ਮੈਰਿਟ ਸਕਾਲਰਸ਼ਿਪ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ 2026 ਦੀਆਂ ਜ਼ਿਲਾ ਫ਼ਰੀਦਕੋਟ ਅੰਦਰ ਤਿਆਰੀਆਂ ਮੁੰਕਮਲ ਕਰ ਲਈਆਂ ਗਈਆਂ ਹਨ।। ਇਹ ਪ੍ਰੀਖਿਆ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਨੀਲਮ ਰਾਣੀ ਦੀ ਯੋਗ ਅਗਵਾਈ ਹੇਠ 4 ਜਨਵਰੀ, ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕਰਵਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੱਸਿਆ ਕਿ ਪੀ.ਐੱਸ.ਟੀ.ਐੱਸ.ਈ.(ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ) ’ਚ ਜ਼ਿਲਾ ਫ਼ਰੀਦਕੋਟ ਦੇ ਦਸਵੀਂ ਜਮਾਤ ’ਚ ਪੜ੍ਹ ਰਹੇ 1527 ਵਿਦਿਆਰਥੀ ਪ੍ਰੀਖਿਆ ’ਚ ਬੈਠਣਗੇ। ਇਸ ਦੇ ਨਾਲ ਹੀ ਐੱਨ.ਐੱਮ.ਐੱਮ.ਐੱਸ (ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਸ਼ਿਪ) ਅੰਦਰ ਜ਼ਿਲੇ ਦੇ ਅੱਠਵੀਂ ਅਤੇ ਦਸਵੀਂ ਦੇ 1626 ਵਿਦਿਆਰਥੀ ਬੈਠਣਗੇ। ਦੋਹਾਂ ਪ੍ਰੀਖਿਆਵਾਂ ’ਚ 3153 ਵਿਦਿਆਰਥੀ ਬੈਠਣਗੇ। ਉਨ੍ਹਾਂ ਇਸ ਸਬੰਧੀ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਨੇ ਜ਼ਿਲੇ ਦੇ ਸਕੂਲ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਦਿਆਰਥੀ ਗੈਰ ਹਾਜ਼ਰ ਨਾ ਹੋਵੇ, ਛੁੱਟੀਆਂ ਹੋਣ ਕਾਰਨ ਵਿਦਿਆਰਥੀਆਂ ਨਾਲ ਤਾਲਮੇਲ ਕਰਕੇ ਪ੍ਰੀਖਿਆ ’ਚ ਬਿਠਾਇਆ ਜਾਵੇ। ਉਨ੍ਹਾਂ ਕਿਹਾ ਪ੍ਰੀਖਿਆ ਦੇਣ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਰੋਲ ਨੰਬਰ ਡਾਊਨਲੋਡ ਕਰਕੇ ਦਿੱਤੇ ਜਾਣ ਅਤੇ ਪ੍ਰੀਖਿਆ ’ਚ ਅੰਦਰ ਬੈਠਣ ਵਾਸਤੇ ਉਤਸ਼ਾਹਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਵਿਦਿਆਰਥੀਆਂ ਦੀ ਸਹੂਲਤ ਲਈ ਫ਼ਰੀਦਕੋਟ ਸ਼ਹਿਰ ਅੰਦਰ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਡਾ.ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਅਤੇ ਫ਼ਰੀਡਮ ਫ਼ਾਈਟਰ ਮਾਸਟਰ ਕਰਤਾ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਪੀ.ਐੱਸ.ਟੀ.ਐੱਸ.ਈ ਅਤੇ ਐੱਨ.ਐੱਮ.ਐੱਮ.ਐੱਸ.ਐੱਸ. ਲਈ ਸੈਂਟਰ ਬਣਾਏ ਗਏ ਹਨ। ਇਸ ਦੇ ਨਾਲ ਹੀ ਪੀ.ਐੱਸ.ਟੀ.ਐੱਸ.ਈ. ਲਈ ਡਾ.ਮਹਿੰਦਰ ਬਰਾੜ ਸਾਂਭੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ, ਡਾ.ਹਰੀ ਸਿੰਘ ਸੇਵਕ ਸਕੂਲ ਆਫ਼ ਐਮੀਨੈਂਸ ਕੋਟਕਪੂਰਾ, ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ, ਐੱਚ.ਐੱਸ.ਐੱਨ.ਸਕੂਲ ਆਫ਼ ਐਮੀਨੈਂਸ ਜੈਤੋ ਵਿਖੇ ਸੈਂਟਰ ਬਣਾਏ ਗਏ ਹਨ। ਇਸ ਮੌਕੇ ਜ਼ਿਲਾ ਨੋਡਲ ਅਫ਼ਸਰ ਨੈਸ਼ਨਲ ਐਵਾਰਡੀ ਪਿ੍ਸੀਪਲ ਗੋਪਾਲ ਕਿ੍ਸ਼ਨ, ਸੁਪਰਡੈਂਟ ਪਰਮਜੀਤ ਸਿੰਘ ਬਰਾੜ, ਜ਼ਿਲਾ ਰਿਸੋਰਸ ਪਰਸਨ ਲੈਕਚਰਾਰ ਕਰਮਜੀਤ ਸਿੰਘ ਸਰਾਂ, ਜ਼ਿਲਾ ਗਾਈਡੈਂਸ ਕਾਊਂਸਲਰ ਜਸਬੀਰ ਸਿੰਘ ਜੱਸੀ, ਸਟੈਨੋ ਸਲਵਿੰਦਰ ਸਿੰਘ, ਜੂਨੀਅਰ ਸਹਾਇਕ ਰੂਪ ਸਿੰਘ, ਡਾਟਾ ਐਂਟਰੀ ਆਪ੍ਰੇਟਰ ਦਲਵਿੰਦਰ ਸਿੰਘ ਬਰਾੜ ਵੀ ਹਾਜ਼ਰ ਸਨ।