ਰੇਲ ਗੱਡੀਆਂ ਦੇ ਠਹਿਰਾਅ ਰੇਲਵੇ ਓਵਰਬ੍ਰਿਜ ਦੀ ਮੰਗ
ਸੰਸਦ ਮੈਂਬਰ ਦੀ ਪਤਨੀ ਅੱਗੇ ਜੈਤੋ ਤੋਂ ਲੰਘਣ ਵਾਲੀਆਂ ਤਿੰਨ ਰੇਲ ਗੱਡੀਆਂ ਦੇ ਰੁਕਣ ਅਤੇ ਰੇਲਵੇ ਓਵਰਬ੍ਰਿਜ ਦੀਆਂ ਮੰਗਾਂ ਰੱਖੀਆਂ
Publish Date: Fri, 30 Jan 2026 03:16 PM (IST)
Updated Date: Sat, 31 Jan 2026 04:01 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਡੇਰਾ ਕਾਰ ਸੇਵਾ ਜੈਤੋ ਦੇ ਮੁਖੀ ਜੱਥੇਦਾਰ ਬਾਬਾ ਕੁਲਵੰਤ ਸਿੰਘ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ। ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਦੀ ਧਰਮਪਤਨੀ ਬੀਬਾ ਸੰਦੀਪ ਕੌਰ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਉਨ੍ਹਾਂ ਦੇ ਡੇਰੇ ਤੇ ਪਹੁੰਚੀ। ਇਸ ਮੌਕੇ ਜੱਥੇਦਾਰ ਦਲੇਰ ਸਿੰਘ ਡੋਡ, ਜੱਥੇਦਾਰ ਗੁਰਮੀਤ ਸਿੰਘ ਖਾਲਸਾ, ਪੰਚ ਪ੍ਰਧਾਨ ਹਰਵਿੰਦਰ ਸਿੰਘ ਡੇਲਿਆਂਵਾਲੀ, ਰਾਜੀਵ ਗੋਇਲ ਬਿੱਟੂ ਬਾਦਲ, ਪੰਡਿਤ ਸੁਸ਼ੀਲ ਕੁਮਾਰ ਸ਼ਰਮਾ, ਨਛੱਤਰ ਸਿੰਘ ਦਬੜ੍ਹੀਖਾਨਾ, ਹਰਨੇਕ ਸਿੰਘ, ਸਾਧੂ ਸਿੰਘ, ਗੁਰਪਿਆਰ ਸਿੰਘ ਕੋਠੇ ਚੰਦ ਸਿੰਘ, ਅਜੈਬ ਸਿੰਘ, ਤਰਸੇਮ ਸਿੰਘ, ਡਾਕਟਰ ਹੀਰਾ ਸਿੰਘ, ਮਨਜੀਤ ਸਿੰਘ ਸੋਢੀ, ਹਰਚਰਨ ਸਿੰਘ ਗਿੱਲ, ਬਾਬਾ ਜੀਤ ਸਿੰਘ ਰਾਮੇਆਣਾ, ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਰਾਜੀਵ ਗੋਇਲ ਬਿੱਟੂ ਬਾਦਲ ਨੇ ਉਨ੍ਹਾਂ ਨੂੰ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ੍ਟ ਉਨ੍ਹਾਂ ਕਿਹਾ ਕਿ ਤਿੰਨ ਰੇਲ ਗੱਡੀਆਂ ਜਿਨਾਂ ਵਿੱਚੋਂ ਇੱਕ ਫਿਰੋਜ਼ਪੁਰ ਤੋਂ ਸ੍ਰੀ ਨੰਦੇੜ ਸਾਹਿਬ (ਤਖ਼ਤ ਸ੍ਰੀ ਹਜ਼ੂਰ ਸਾਹਿਬ) 14621-22, ਦੂਜੀ ਫਿਰੋਜ਼ਪੁਰ ਤੋਂ ਸ੍ਰੀ ਹਰਿਦੁਆਰ ਧਾਮ 14625-26, ਅਤੇ ਫਿਰੋਜ਼ਪੁਰ ਤੋਂ ਦਿੱਲੀ ਵੰਦੇ ਭਾਰਤ ਐਕਸਪ੍ਰੈਸ 26461-62, ਜੈਤੋ ਵਿੱਚ ਨਹੀਂ ਰੁਕਦੀਆਂ। ਬਿੱਟੂ ਬਾਦਲ ਨੇ ਬੀਬਾ ਸੰਦੀਪ ਕੌਰ ਨੂੰ ਜੈਤੋ ਵਿੱਚ ਇਨ੍ਹਾਂ ਰੇਲ ਗੱਡੀਆਂ ਨੂੰ ਰੋਕਣ ਲਈ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੱਲੋਂ ਸੰਸਦ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਜੈਤੋ ਮੰਡੀ, ਜਿਸਦਾ ਪੂਰਾ ਨਾਮ ਗੰਗਸਰ ਜੈਤੋ ਹੈ ਅਤੇ ਜਿਸਨੂੰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਦੇ ਨਾਲ ਹੀ ਜੈਤੋ ਦਾ ਮੋਰਚਾ ਅਤੇ ਜੈਤੋ ਵਿੱਚ ਗੰਗਾ ਮਾਤਾ ਦੇ ਪ੍ਰਗਟ ਹੋਣ ਵਰਗੀਆਂ ਧਾਰਮਿਕ ਪ੍ਰਚਲਤਾਵਾਂ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਿੱਖ ਧਰਮ ਅਤੇ ਹਿੰਦੂ ਧਰਮ ਨਾਲ ਜੁੜੇ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਅਜਿਹੀ ਧਾਰਮਿਕ ਮੰਡੀ ਵਿੱਚ ਨਹੀਂ ਰੁਕਦੀਆਂ। ਇਸ ਮੌਕੇ ਜੱਥੇਦਾਰ ਗੁਰਮੀਤ ਸਿੰਘ ਖਾਲਸਾ ਨੇ ਦੱਸਿਆ ਕਿ ਜੈਤੋ ਮੰਡੀ ਉਹ ਸ਼ਹਿਰ ਹੈ ਜਿੱਥੇ ਕਿਹਾ ਜਾਂਦਾ ਹੈ ਕਿ ਜਦੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਥੇ ਆਏ ਸਨ ਅਤੇ ਇੱਕ ਟਿੱਲੇ ਤੇ ਬੈਠੇ ਸਨ, ਤਾਂ ਉਨ੍ਹਾਂ ਨੇ ਇੱਕ ਸਾਧੂ ਨੂੰ ਰੋਂਦੇ ਹੋਏ ਦੇਖਿਆ। ਜਦੋਂ ਗੁਰੂ ਸਾਹਿਬ ਜੀ ਨੇ ਉਸਨੂੰ ਪੁੱਛਿਆ ਕਿ ਉਹ ਕਿਉਂ ਰੋ ਰਿਹਾ ਹੈ, ਤਾਂ ਉਸਨੇ ਜਵਾਬ ਦਿੱਤਾ ਕਿ ਉਸਦਾ ਕਮੰਡਲ ਗੰਗਾ ਨਦੀ ਵਿੱਚ ਵਹਿ ਗਿਆ। ਗੁਰੂ ਜੀ ਨੇ ਜ਼ਮੀਨ ਵਿੱਚ ਤੀਰ ਮਾਰਿਆ, ਜਿਸ ਨਾਲ ਧਰਤੀ ਫਟ ਗਈ ਅਤੇ ਪਾਣੀ ਦਾ ਇੱਕ ਭੰਡਾਰ ਨਿਕਲਿਆ, ਜਿਸ ਵਿੱਚੋਂ ਸਾਧੂ ਦਾ ਕਮੰਡਲ ਮਿਲਿਆ। ਬਾਅਦ ਵਿੱਚ ਉਸ ਟਿੱਲੇ ਉਪਰ ਜਿੱਥੇ ਦਸ਼ਮੇਸ਼ ਪਿਤਾ ਵਿਰਾਜਮਾਨ ਹੋਏ ਸਨ ਅਤੇ ਉਸ ਜਗ੍ਹਾ ਉਪਰ ਜਿੱਥੇ ਪਾਣੀ ਦਾ ਸਰੋਤ ਨਿਕਲਿਆ ਸੀ। ਦੋ ਗੁਰਦੁਆਰੇ ਬਣਾਏ ਗਏ ਜਿਨ੍ਹਾਂ ਦਾ ਨਾਮ ਗੁਰਦੁਆਰਾ ਟਿੱਬੀ ਸਾਹਿਬ ਜੀ ਅਤੇ ਗੁਰਦੁਆਰਾ ਗੰਗਸਰ ਸਾਹਿਬ ਜੀ ਰੱਖਿਆ ਗਿਆ। ਇਸ ਦੇ ਆਧਾਰ ਤੇ ਹੀ ਜੈਤੋ ਮੰਡੀ ਦਾ ਨਾਮ ਬਾਅਦ ਵਿੱਚ ਗੰਗਸਰ ਜੈਤੋ ਪਿਆ। ਇਸ ਮੌਕੇ ਪੰਚ ਪ੍ਰਧਾਨੀ ਹਰਵਿੰਦਰ ਸਿੰਘ ਡੇਲਿਆਂਵਾਲੀ ਨੇ ਦੱਸਿਆ ਕਿ ਗੰਗਸਰ ਜੈਤੋ ਦੀ ਇਸ ਧਰਤੀ ਨੇ ਸੇਠ ਰਾਮ ਨਾਥ, ਲਾਲਾ ਭਗਵਾਨ ਦਾਸ, ਮਹਾਨ ਕਵੀ ਦੀਪਕ ਜੈਤੋਈ, ਪਦਮਸ਼੍ਰੀ ਪ੍ਰੋਫੈਸਰ ਗੁਰਦਿਆਲ ਸਿੰਘ ਰਾਹੀ, ਪ੍ਰੋਫੈਸਰ ਗੁਰਮੀਤ ਸਿੰਘ ਬਰਾੜ, ਡਾ. ਧਰਮਵੀਰ ਸਿੰਘ ਭਾਟੀਆ ਅਤੇ ਸਰਦਾਰ ਗੁਰਬਚਨ ਸਿੰਘ ਪਤੰਗਾ ਵਰਗੀਆਂ ਮਹਾਨ ਸ਼ਖਸ਼ੀਅਤਾਂ ਦਾ ਜਨਮ ਹੋਇਆ। ਇਹਨਾਂ ਵਿੱਚੋਂ ਲਾਲਾ ਭਗਵਾਨ ਦਾਸ, ਡਾ. ਧਰਮਵੀਰ ਸਿੰਘ ਭਾਟੀਆ ਅਤੇ ਸਰਦਾਰ ਗੁਰਬਚਨ ਸਿੰਘ ਪਤੰਗਾ ਨੇ ਸ਼ਹੀਦੀ ਪ੍ਰਾਪਤ ਕੀਤੀ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮਹਾਨ ਕ੍ਰਾਂਤੀਕਾਰੀ ਰਾਜਾ ਰਿਪੂਦਮਨ ਸਿੰਘ ਨਾਭਾ ਨੇ ਜਦੋਂ ਬ੍ਰਿਟਿਸ਼ ਰਾਜ ਦੇ ਜ਼ੁਲਮ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ ਸੀ ਅਤੇ ਸਿੱਖ ਭਾਈਚਾਰੇ ਦੇ ਇਤਿਹਾਸ ਦਾ ਸਭ ਤੋਂ ਲੰਬਾ ਵਿਰੋਧ ਪ੍ਰਦਰਸ਼ਨ ਜਿਸਨੂੰ ਜੈਤੋ ਦਾ ਮੋਰਚਾ ਕਿਹਾ ਜਾਂਦਾ ਹੈ, ਵੀ ਜੈਤੋ ਦੀ ਪਵਿੱਤਰ ਧਰਤੀ ਤੇ ਹੋਇਆ ਸੀ। ਉਪਰੋਕਤ ਸਾਰੀਆਂ ਗੱਲਾਂ ਜੈਤੋ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ ਨੂੰ ਦਰਸਾਉਂਦੀਆਂ ਹਨ। ਇਸ ਦੇ ਬਾਵਜੂਦ ਇਹ ਬਹੁਤ ਦੁਖਦਾਈ ਹੈ ਕਿ ਜੈਤੋ ਵਿੱਚੋਂ ਲੰਘਣ ਵਾਲੀਆਂ ਤਿੰਨ ਰੇਲ ਗੱਡੀਆਂ ਸ਼ਹਿਰ ਨੂੰ ਨਜ਼ਰ ਅੰਦਾਜ਼ ਕਰ ਰਹੀਆਂ ਹਨ ਅਤੇ ਜੈਤੋ ਨਹੀਂ ਰੁਕ ਰਹੀਆਂ ਹਨ। ਇਸ ਮੌਕੇ ਪੰਡਿਤ ਸੁਸ਼ੀਲ ਕੁਮਾਰ ਸ਼ਰਮਾ ਨੇ ਕਿਹਾ ਕਿ ਜੈਤੋ ਦੀ ਆਬਾਦੀ ਨੂੰ ਵੰਡਣ ਵਾਲੀ ਰੇਲਵੇ ਲਾਈਨ ਉਪਰ ਪੁਲ ਦੀ ਮੰਗ ਲੰਬੇ ਸਮੇਂ ਤੋਂ ਲਟਕ ਰਹੀ ਹੈ। ਇਸ ਮੁੱਦੇ ਨੂੰ ਸੰਸਦ ਵਿੱਚ ਉਠਾਇਆ ਜਾਣਾ ਚਾਹੀਦਾ ਹੈ। ਕਿਉਂਕਿ ਜੈਤੋ ਦੀ ਅੱਧੀ ਆਬਾਦੀ ਰੇਲਵੇ ਲਾਈਨ ਦੇ ਦੂਜੇ ਪਾਸੇ ਰਹਿੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਕੀਮਤੀ ਸਮੇਂ ਦਾ ਇੱਕ ਮਹੱਤਵਪੂਰਨ ਹਿੱਸਾ ਰੇਲਵੇ ਫਾਟਕ ਤੇ ਬਿਤਾਉਣਾ ਪੈਂਦਾ ਹੈ, ਇਸ ਲਈ ਪੁਲ ਦੀ ਮੰਗ ਦਹਾਕਿਆਂ ਤੋਂ ਕੀਤੀ ਜਾ ਰਹੀ ਹੈ। ਹਾਲਾਂਕਿ, ਵਸਨੀਕ ਜਿਸ ਚੀਜ਼ ਦਾ ਸਾਹਮਣਾ ਕਰ ਰਹੇ ਹਨ ਉਹ ਇਹ ਹੈ ਕਿ ਜਿਵੇਂ ਕਿਹਾ ਜਾਂਦਾ ਹੈ, ਪੰਚਾਇਤ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉੱਥੇ ਦੀ ਉੱਥੇ । ਜੇਕਰ ਇਹ ਪੁਲ ਬਣ ਜਾਂਦਾ ਹੈ, ਤਾਂ ਇਸ ਨਾਲ ਗੰਗਸਰ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਯਾਤਰਾ ਕਰਨਾ ਆਸਾਨ ਹੋ ਜਾਵੇਗਾ, ਕਿਉਂਕਿ ਇਹ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਜਾਨ ਦਾ ਮੁੱਖ ਰਸਤਾ ਹੈ। ਇਸਦੀ ਇਤਿਹਾਸਕ ਮਹੱਤਤਾ ਵੀ ਹੈ, ਕਿਉਂਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੈਤੋ ਤੋਂ ਸ੍ਰੀ ਮੁਕਤਸਰ ਸਾਹਿਬ ਤੱਕ ਇਸ ਰਸਤੇ ਹੀ ਯਾਤਰਾ ਕੀਤੀ ਸੀ। ਇਸ ਰਸਤੇ ਨੂੰ ਗੁਰੂ ਗੋਬਿੰਦ ਸਿੰਘ ਮਾਰਗ ਵਜੋਂ ਜਾਣਿਆ ਜਾਂਦਾ ਹੈ। ਇਸ ਮੌਕੇ ਬੀਬਾ ਸੰਦੀਪ ਕੌਰ ਨੂੰ ਇਲਾਕਾ ਨਿਵਾਸੀਆਂ ਵੱਲੋਂ ਉਪਰੋਕਤ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਸੌਂਪਿਆ ਗਿਆ।