ਮਾਊਂਟ ਲਿਟਰਾ ਜ਼ੀ ਸਕੂਲ ਲੋਹੜੀ ਦਾ ਜਸ਼ਨ ਮਨਾਇਆ
ਮਾਊਂਟ ਲਿਟਰਾ ਜ਼ੀ ਸਕੂਲ ਨੇ ਲੋਹੜੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ : ਗੁਲਾਟੀ
Publish Date: Wed, 14 Jan 2026 03:43 PM (IST)
Updated Date: Thu, 15 Jan 2026 04:00 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਜ਼ਿਲ੍ਹੇ ਦੇ ਪ੍ਰਮੁੱਖ ਸਕੂਲਾਂ ਵਿੱਚੋਂ ਇੱਕ ਸਥਾਨਕ ਮਾਊਂਟ ਲਿਟਰਾ ਜ਼ੀ ਸਕੂਲ ਵਿਖੇ ਲੋਹੜੀ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਕਈ ਅਧਿਆਪਕਾਂ ਅਤੇ ਪ੍ਰਿੰਸੀਪਲ ਰਜਨੀ ਠਾਕੁਰ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਸਕੂਲ ਦੇ ਪ੍ਰਧਾਨ, ਇੰਜੀ. ਚਮਨ ਲਾਲ ਗੁਲਾਟੀ ਨੇ ਸਾਰੇ ਅਧਿਆਪਕਾਂ ਨਾਲ ਲੋਹੜੀ ਦੀ ਮਹੱਤਤਾ ਬਾਰੇ ਗੱਲਬਾਤ ਕੀਤੀ ਅਤੇ ਸਾਰਿਆਂ ਨੂੰ ਲੋਹੜੀ ਅਤੇ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਨੂੰ ਏਕਤਾ ਅਤੇ ਖੁਸ਼ਹਾਲੀ ਦਾ ਸੰਦੇਸ਼ ਦਿੰਦਾ ਹੈ। ਉਹਨਾਂ ਲੋਹੜੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਲੋਹੜੀ ਪੰਜਾਬ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਡੂੰਘੀ ਤਰ੍ਹਾਂ ਜੁੜਿਆ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਅਜਿਹੇ ਤਿਉਹਾਰ ਸਾਨੂੰ ਆਪਸੀ ਭਾਈਚਾਰੇ, ਸਾਂਝ ਅਤੇ ਮਿਲਜੁਲ ਕੇ ਖੁਸ਼ੀਆਂ ਮਨਾਉਣ ਦੀ ਸਿੱਖਿਆ ਦਿੰਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜ ਕੇ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਅਧਿਆਪਕਾਂ ਨੇ ਲੋਹੜੀ ਦੇ ਗੀਤ ਗਾਏ। ਸਕੂਲ ਪ੍ਰਿੰਸੀਪਲ, ਸ਼੍ਰੀਮਤੀ ਰਜਨੀ ਠਾਕੁਰ ਨੇ ਕਿਹਾ ਕਿ ਲੋਹੜੀ ਦਾ ਤਿਉਹਾਰ ਸਾਨੂੰ ਆਪਣੀ ਸੱਭਿਆਚਾਰ ਅਤੇ ਪ੍ਰੰਪਰਾਵਾਂ ਨੂੰ ਯਾਦ ਕਰਨ ਦਾ ਮੌਕਾ ਦਿੰਦਾ ਹੈ। ਉਹਨਾਂ ਕਿਹਾ ਕਿ ਲੋਹੜੀ ਸਿਰਫ਼ ਇੱਕ ਤਿਉਹਾਰ ਹੀ ਨਹੀਂ, ਸਗੋਂ ਪੰਜਾਬੀ ਸੱਭਿਆਚਾਰ ਦੀ ਪਹਿਚਾਣ ਹੈ। ਉਨ੍ਹਾਂ ਆਖਿਆ ਕਿ ਅਜਿਹੇ ਸਮਾਗਮਾਂ ਰਾਹੀਂ ਨੌਜਵਾਨਾਂ ਵਿੱਚ ਆਪਣੀਆਂ ਰਵਾਇਤਾਂ, ਲੋਕਧਾਰਾ ਅਤੇ ਸੰਸਕ੍ਰਿਤਿਕ ਮੁੱਲਾਂ ਪ੍ਰਤੀ ਸਤਿਕਾਰ ਪੈਦਾ ਹੁੰਦਾ ਹੈ ਅਤੇ ਸਮਾਜ ਵਿੱਚ ਏਕਤਾ ਦਾ ਸੰਦੇਸ਼ ਫੈਲਦਾ ਹੈ।