- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਿਲਾ ਦਿਵਸ 'ਤੇ ਪੰਜਾਬ ਦੀਆਂ ਮਾਵਾਂ-ਭੈਣਾਂ ਲਈ ਇਤਿਹਾਸਕ ਤੋਹਫ਼ਾ: ਵਿਧਾਇਕ ਗੁਰਦਿੱਤ ਸਿੰਘ ਸੇਖੋਂ

ਫਰੀਦਕੋਟ ’ਚ ਔਰਤਾਂ ਨੇ ਸਰਕਾਰ ਦੇ ਫੈਸਲੇ ਦਾ ਕੀਤਾ ਸਵਾਗਤ
ਚਾਨਾ, ਗਰਗ, ਪੰਜਾਬੀ ਜਾਗਰਣ ਫਰੀਦਕੋਟ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸ਼ੁਭ ਅਵਸਰ 'ਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਆਰਥਿਕ ਆਜ਼ਾਦੀ ਲਈ ਲਏ ਗਏ ਇਤਿਹਾਸਕ ਫੈਸਲੇ ਦਾ ਸਵਾਗਤ ਕਰਦਿਆਂ ਸਮੂਹ ਮਾਵਾਂ-ਭੈਣਾਂ ਨੂੰ ਵਧਾਈ ਦਿੱਤੀ ਹੈ। "ਕਿਹਾ ਜਾਂਦਾ ਹੈ ਕਿ 'ਹਰ ਘਰ ਦੀ ਰੂਹ ਹੁੰਦੀ ਹੈ ਔਰਤ, ਹਰ ਘਰ ਦਾ ਸਕੂਨ ਹੁੰਦੀ ਹੈ ਔਰਤ।' ਇਸੇ ਸਕੂਨ ਅਤੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਇੱਕ ਹੋਰ ਵੱਡਾ ਵਾਅਦਾ ਪੂਰਾ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਸਭ ਤੋਂ ਅਹਿਮ 'ਗਾਰੰਟੀ' ਨੂੰ ਅਮਲੀ ਜਾਮਾ ਪਹਿਨਾਉਂਦਿਆਂ ਪੰਜਾਬ ਦੀਆਂ ਔਰਤਾਂ ਲਈ ਖਜ਼ਾਨੇ ਦੇ ਬੂਹੇ ਖੋਲ੍ਹ ਦਿੱਤੇ ਹਨ।" ਵਿਧਾਇਕ ਸੇਖੋਂ ਨੇ ਦੱਸਿਆ ਕਿ ਹੁਣ ਮਾਵਾਂ-ਭੈਣਾਂ ਨੂੰ ਆਪਣੇ ਛੋਟੇ-ਮੋਟੇ ਖਰਚਿਆਂ ਲਈ ਕਿਸੇ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ 18 ਸਾਲ ਤੋਂ ਉੱਪਰ ਦੀ ਉਮਰ ਦੀਆਂ ਸਾਰੀਆਂ ਯੋਗ ਔਰਤਾਂ ਨੂੰ ਹਰ ਮਹੀਨੇ 1000 ਦਿੱਤੇ ਜਾਣਗੇ ਪੱਛੜੇ ਅਤੇ ਗ਼ਰੀਬ ਵਰਗ ਨਾਲ ਸਬੰਧਤ ਭੈਣਾਂ ਲਈ ਇਹ ਰਾਸ਼ੀ 1500 ਪ੍ਰਤੀ ਮਹੀਨਾ ਹੋਵੇਗੀ। "ਸਾਡਾ ਮਕਸਦ ਸਿਰਫ਼ ਪੈਸੇ ਦੇਣਾ ਨਹੀਂ, ਸਗੋਂ ਔਰਤਾਂ ਦੇ ਆਤਮ-ਸਨਮਾਨ ਨੂੰ ਵਧਾਉਣਾ ਹੈ। ਹੁਣ ਸਾਡੀਆਂ ਮਾਵਾਂ-ਭੈਣਾਂ ਬਿਨਾਂ ਕਿਸੇ ਫ਼ਿਕਰ ਦੇ ਆਪਣੇ ਨਿੱਕੇ-ਮੋਟੇ ਖ਼ਰਚੇ ਖ਼ੁਦ ਕਰ ਸਕਣਗੀਆਂ। ਇਹ ਕਦਮ ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।" ਉਨ੍ਹਾਂ ਅੱਗੇ ਕਿਹਾ ਕਿ ਮਾਨ ਸਰਕਾਰ ਜੋ ਕਹਿੰਦੀ ਹੈ, ਉਹ ਕਰਕੇ ਦਿਖਾਉਂਦੀ ਹੈ। ਬਿਜਲੀ ਮੁਫ਼ਤ ਕਰਨ ਅਤੇ ਨੌਕਰੀਆਂ ਦੇਣ ਤੋਂ ਬਾਅਦ, ਹੁਣ ਇਹ ਇੱਕੋ ਇੱਕ ਵੱਡੀ ਗਾਰੰਟੀ ਵੀ ਪੂਰੀ ਹੋ ਗਈ ਹੈ। ਵਿਧਾਇਕ ਸੇਖੋਂ ਨੇ ਫਰੀਦਕੋਟ ਹਲਕੇ ਸਮੇਤ ਪੂਰੇ ਪੰਜਾਬ ਦੀਆਂ ਮਹਿਲਾਵਾਂ ਨੂੰ ਇਸ ਮੌਕੇ ਦਿਲੋਂ ਮੁਬਾਰਕਬਾਦ ਪੇਸ਼ ਕੀਤੀ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਤਨੀ ਬੇਅੰਤ ਕੌਰ ਸੇਖੋਂ ਨੇ ਕਿਹਾ ਕਿ ਸਰਕਾਰ ਬਣਨ 'ਤੇ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ, ਜੋ ਅੱਜ ਪੂਰਾ ਹੋ ਗਿਆ ਹੈ। ਉਨ੍ਹਾਂ ਇਸ ਨੂੰ ਸਰਕਾਰ ਵੱਲੋਂ ਔਰਤਾਂ ਪ੍ਰਤੀ ਸਤਿਕਾਰ ਦੱਸਿਆ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵੀ ਉਹ ਪਿੰਡਾਂ ਦਾ ਦੌਰਾ ਕਰਦੀਆਂ ਸਨ, ਲੋਕ ਵਿਰੋਧੀ ਧਿਰ ਵਾਂਗ ਹੀ ਸਵਾਲ ਪੁੱਛਦੇ ਸਨ। ਪਰ ਹੁਣ ਵਿਰੋਧੀ ਧਿਰ ਨੂੰ ਚੁੱਪ ਕਰਵਾ ਦਿੱਤਾ ਗਿਆ ਹੈ, ਅਤੇ ਸਰਕਾਰ ਨੇ ਆਪਣੇ ਸਾਰੇ ਵਾਅਦੇ ਇੱਕ-ਇੱਕ ਕਰਕੇ ਪੂਰੇ ਕਰ ਦਿੱਤੇ ਹਨ। ਜੈਤੋ ਵਿੱਚ ਵਿਧਾਇਕ ਅਮੋਲਕ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਇਹ ਪਹਿਲੀ ਸਰਕਾਰ ਹੈ ਜਿਸਨੇ ਚੋਣਾਂ ਦੌਰਾਨ ਕੀਤੇ ਵਾਅਦੇ ਲਗਭਗ ਪੂਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਔਰਤਾਂ ਲਈ 1,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਅੱਜ ਪੂਰਾ ਹੋ ਗਿਆ ਹੈ, ਅਤੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੇ ਸਸ਼ਕਤੀਕਰਨ ਲਈ ਸਰਕਾਰ ਦੇ ਯਤਨ ਸ਼ਲਾਘਾਯੋਗ ਹਨ। ਅੱਜ ਦੇ ਐਲਾਨ ਦੀ ਖੁਸ਼ੀ ਔਰਤਾਂ ਦੇ ਚਿਹਰਿਆਂ 'ਤੇ ਸਾਫ਼ ਦਿਖਾਈ ਦੇ ਰਹੀ ਹੈ।ਇਸ ਮੌਕੇ ਉਨ੍ਹਾਂ ਗਿੱਧਾ,ਭੰਗੜਾ ਪਾਕੇ ਖੁਸ਼ੀ ਸਾਂਝੀ ਕੀਤੀ।